Tree Plantation Drive Successfully Conducted in SPC Schools Across Rupnagar District
ਰੂਪਨਗਰ, 01 ਅਗਸਤ 2026: ਜ਼ਿਲ੍ਹਾ ਰੂਪਨਗਰ ਦੇ ਸਟੂਡੈਂਟ ਪੁਲਿਸ ਕੈਡੇਟ (SPC) ਸਕੂਲਾਂ ਵਿੱਚ ਵਾਤਾਵਰਣ ਸੰਭਾਲ ਅਤੇ ਹਰਿਆਵਲ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ “ਰੁੱਖ ਲਗਾਓ ਮੁਹਿੰਮ” ਦਾ ਸਫਲ ਆਯੋਜਨ ਕੀਤਾ ਗਿਆ।
ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਇੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ।
ਇਸ ਮੌਕੇ ਸਾਂਝ ਕੇਂਦਰ, ਰੂਪਨਗਰ ਵੱਲੋਂ ਇੰਸਪੈਕਟਰ ਸ੍ਰੀ ਰਣਜੀਤ ਸਿੰਘ ਅਤੇ ਸ੍ਰੀ ਵਿਨੇ ਕੁਮਾਰ ਨੇ ਵੱਖ-ਵੱਖ ਐਸ.ਪੀ.ਸੀ. ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ, ਰੁੱਖਾਂ ਦੀ ਮਹੱਤਤਾ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਜ਼ਿਲ੍ਹਾ ਐਸ.ਪੀ.ਸੀ. ਕੋਆਰਡੀਨੇਟਰ ਸ੍ਰੀ ਪ੍ਰਭਜੀਤ ਸਿੰਘ ਵੀ ਮੌਜੂਦ ਰਹੇ।
ਮੁਹਿੰਮ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਨੇ ਬੜੇ ਉਤਸ਼ਾਹ ਨਾਲ ਰੁੱਖ ਲਗਾਏ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਸੰਕਲਪ ਲਿਆ। ਜ਼ਿਲ੍ਹੇ ਦੇ ਸਾਰੇ ਐਸ.ਪੀ.ਸੀ. ਸਕੂਲਾਂ ਵਿੱਚ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ। ਵਿਦਿਆਰਥੀਆਂ ਨੇ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿਯਮਿਤ ਸੰਭਾਲ ਕਰਨ ਦਾ ਵੀ ਵਚਨ ਦਿੱਤਾ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਗਈ ਕਿ ਹਰ ਨਾਗਰਿਕ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਵੇ ਅਤੇ ਰੁੱਖਾਂ ਦੀ ਸੰਭਾਲ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝੇ।
ਇਹ ਮੁਹਿੰਮ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ।



















