Physics Laboratory Inaugurated at Government Girls Senior Secondary School, Nangal Township, Under Sikhya Kranti
ਨੰਗਲ, 28 ਅਕਤੂਬਰ 2026 : ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੇ ਯਤਨਾਂ ਸਦਕਾ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਨਵੀਂ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ ਕੀਤਾ ਗਿਆ। 
ਨਵੀਂ ਫਿਜ਼ਿਕਸ ਲੈਬ ਨਾਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਭੌਤਿਕ ਵਿਗਿਆਨ ਦੇ ਸਿਧਾਂਤਾਂ ਨੂੰ ਪ੍ਰਯੋਗਾਤਮਕ ਢੰਗ ਨਾਲ ਸਮਝਣ ਅਤੇ ਵਿਗਿਆਨਕ ਸੋਚ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ। ਇਹ ਲੈਬ ਵਿਦਿਆਰਥਣਾਂ ਲਈ ਵਿਗਿਆਨ ਵਿਸ਼ੇ ਵਿੱਚ ਪ੍ਰਯੋਗਾਤਮਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਇਸ ਮੌਕੇ ਨਗਰ ਕੌਂਸਲਰ, ਸ਼੍ਰੀ ਮਨਜੋਤ ਸਿੰਘ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਫਿਜ਼ਿਕਸ ਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਸ਼੍ਰੀ ਵਿੱਕੀ ਮਹਿਤਾ, ਸ਼੍ਰੀ ਬਬਲੂ ਅਤੇ ਸਕੂਲ ਦੀ ਐਸ.ਐਮ.ਸੀ. ਕਮੇਟੀ ਦੇ ਪ੍ਰਧਾਨ ਸ਼੍ਰੀ ਵਿਸ਼ਾਲ ਸ਼ਰਮਾ ਸਮੇਤ ਇਮਰਾਨ ਖਾਨ, ਅਤੇ ਹੋਰ ਸ਼ਹਿਰ ਦੇ ਵਾਸੀ ਮੌਜੂਦ ਸਨ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵਿਜੇ ਬੰਗਲਾ ਜੀ ਨੇ ਕਿਹਾ ਕਿ ਨਵੀਂ ਫਿਜ਼ਿਕਸ ਲੈਬ ਦੀ ਸਹੂਲਤ ਮਿਲਣ ਨਾਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਭੌਤਿਕ ਵਿਗਿਆਨ ਦੀ ਪ੍ਰਯੋਗਾਤਮਕ ਸਿੱਖਿਆ ਲਈ ਬਿਹਤਰ ਮੌਕੇ ਪ੍ਰਾਪਤ ਹੋਣਗੇ। ਉਨ੍ਹਾਂ ਕਿਹਾ ਕਿ ਲੈਬ ਰਾਹੀਂ ਵਿਦਿਆਰਥਣਾਂ ਵਿਗਿਆਨਕ ਧਾਰਨਾਵਾਂ ਨੂੰ ਸਿਰਫ਼ ਕਿਤਾਬਾਂ ਤੱਕ ਸੀਮਿਤ ਨਾ ਰੱਖ ਕੇ ਪ੍ਰਯੋਗਾਂ ਰਾਹੀਂ ਸਮਝ ਸਕਣਗੀਆਂ, ਜਿਸ ਨਾਲ ਉਨ੍ਹਾਂ ਵਿੱਚ ਵਿਗਿਆਨਕ ਸੋਚ, ਖੋਜੀ ਰੁਝਾਨ ਅਤੇ ਵਿਸ਼ੇ ਪ੍ਰਤੀ ਰੁਚੀ ਹੋਰ ਵਧੇਗੀ।
ਪ੍ਰਿੰਸੀਪਲ ਵਿਜੇ ਬੰਗਲਾ ਜੀ ਨੇ ਇਸ ਉਪਰਾਲੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਸਹੂਲਤਾਂ ਦਾ ਵਿਸਥਾਰ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਇੱਕ ਮਹੱਤਵਪੂਰਨ ਕਦਮ ਹੈ।
ਸਕੂਲ ਪ੍ਰਬੰਧਕਾਂ ਵੱਲੋਂ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਗਿਆ ਅਤੇ ਆਸ ਪ੍ਰਗਟਾਈ ਗਈ ਕਿ ਅਜਿਹੀਆਂ ਸਹੂਲਤਾਂ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਹੋਰ ਬਿਹਤਰ ਮੌਕੇ ਪ੍ਰਾਪਤ ਹੋਣਗੇ।




















