Rupnagar Science Drama Competition: Government High School Raipur Creates History with Hat-Trick
ਲਗਾਤਾਰ ਤੀਜੀ ਵਾਰ ਜ਼ਿਲ੍ਹਾ ਪੱਧਰ ’ਤੇ ਚੈਂਪੀਅਨ, ਹੁਣ ਪੰਜਾਬ ਰਾਜ ਪੱਧਰ ’ਤੇ ਕਰੇਗਾ ਰੂਪਨਗਰ ਦੀ ਪ੍ਰਤੀਨਿਧਤਾ
ਰੂਪਨਗਰ: ਨੈਸ਼ਨਲ ਸਾਇੰਸ ਸੈਂਟਰ ਦੇ ਦਿਸ਼ਾ-ਨਿਰਦੇਸ਼ਾਂ ਅਤੇ SCERT ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸ. ਇੰਦਰਜੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਸ੍ਰੀ ਵਿਪਨ ਕਟਾਰੀਆ, ਡੀ.ਆਰ.ਸੀ. ਰੂਪਨਗਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਤਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਕਰਵਾਈ ਗਈ। ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ 10 ਬਲਾਕਾਂ ਦੀਆਂ ਜੇਤੂ ਟੀਮਾਂ ਨੇ ਭਾਗ ਲਿਆ।
ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਜਿੱਤ ਨਾਲ ਰਾਏਪੁਰ ਸਕੂਲ ਨੇ ਲਗਾਤਾਰ ਤੀਜੀ ਵਾਰ ਜ਼ਿਲ੍ਹਾ ਪੱਧਰ ’ਤੇ ਚੈਂਪੀਅਨ ਬਣਨ ਦੀ ਇਤਿਹਾਸਕ ਪ੍ਰਾਪਤੀ ਦਰਜ ਕੀਤੀ ਹੈ। ਹੁਣ ਜੇਤੂ ਟੀਮ ਪੰਜਾਬ ਰਾਜ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਵਿੱਚ ਜ਼ਿਲ੍ਹਾ ਰੂਪਨਗਰ ਦੀ ਪ੍ਰਤੀਨਿਧਤਾ ਕਰੇਗੀ।
ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨੰਗਲ ਨੇ ਦੂਜਾ ਸਥਾਨ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਢੱਲਾ, ਚਮਕੌਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਇੰਦਰਜੀਤ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਪੰਜਾਬ ਰਾਜ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੁਕਾਬਲੇ ਦੀ ਜੱਜਮੈਂਟ ਦੀ ਜ਼ਿੰਮੇਵਾਰੀ ਸ੍ਰੀ ਰਬਿੰਦਰ ਸਿੰਘ, ਲੈਕਚਰਾਰ ਇਤਿਹਾਸ, ਸਸਸਸ ਭੱਕੂਮਾਜਰਾ; ਸ੍ਰੀ ਤਜਿੰਦਰ ਬਾਜ, ਸਾਇੰਸ ਮਾਸਟਰ, ਸਹਸ ਬਰਸਾਲਪੁਰ ਅਤੇ ਡਾ. ਹਰਪ੍ਰੀਤ ਸਿੰਘ, ਰੰਗਕਰਮੀ, ਅਮਰ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ ਮੈਮੋਰੀਅਲ ਕਾਲਜ, ਬੇਲਾ ਵੱਲੋਂ ਨਿਭਾਈ ਗਈ।
ਪ੍ਰਬੰਧਕੀ ਸਹਾਇਤਾ ਲਈ ਸ੍ਰੀ ਅਜੇ ਅਰੋੜਾ, ਬੀ.ਆਰ.ਸੀ., ਸਹਸ ਮੜੌਲੀ ਕਲਾਂ ਅਤੇ ਸ੍ਰੀ ਚੰਦਰ ਸ਼ੇਖਰ, ਬੀ.ਆਰ.ਸੀ., ਸਹਸ ਚਤਾਮਲੀ ਨੇ ਆਪਣੀਆਂ ਡਿਊਟੀਆਂ ਨਿਭਾਈਆਂ।
ਸਰਟੀਫਿਕੇਟ ਲਿਖਣ ਸਬੰਧੀ ਜ਼ਿੰਮੇਵਾਰੀ ਸ੍ਰੀਮਤੀ ਕਰਮਜੀਤ ਕੌਰ, ਐਸੋਸ਼ੀਏਟ ਟੀਚਰ, ਸਮਿਸ ਸ਼ਾਮਪੁਰਾ ਵੱਲੋਂ ਨਿਭਾਈ ਗਈ।
ਮੇਜ਼ਬਾਨ ਸਕੂਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।
ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸਾਇੰਸ ਡਰਾਮੇ ਵਿੱਚ ਵਿਗਿਆਨਕ ਸੋਚ, ਸਮਾਜਿਕ ਜਾਗਰੂਕਤਾ, ਪ੍ਰਭਾਵਸ਼ਾਲੀ ਸੰਵਾਦ ਅਤੇ ਸ਼ਾਨਦਾਰ ਅਦਾਕਾਰੀ ਦਾ ਸੁਮੇਲ ਦੇਖਣ ਨੂੰ ਮਿਲਿਆ। ਟੀਮ ਦੀ ਪੇਸ਼ਕਾਰੀ ਨੇ ਦਰਸ਼ਕਾਂ ਅਤੇ ਜੱਜਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।
ਲਗਾਤਾਰ ਤਿੰਨ ਸਾਲ ਪਹਿਲਾ ਸਥਾਨ
ਜ਼ਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਟੀਮ ਨੇ ਸੈਸ਼ਨ 2024-25, 2025-26 ਅਤੇ 2026-27 ਵਿੱਚ ਲਗਾਤਾਰ ਤਿੰਨ ਸਾਲ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿਛਲੇ ਦੋ ਸਾਲਾਂ ਵਿੱਚ ਵੀ ਟੀਮ ਨੇ ਪੰਜਾਬ ਰਾਜ ਪੱਧਰੀ ਸਾਇੰਸ ਡਰਾਮਾ ਮੁਕਾਬਲਿਆਂ ਵਿੱਚ ਜ਼ਿਲ੍ਹਾ ਰੂਪਨਗਰ ਦੀ ਪ੍ਰਤੀਨਿਧਤਾ ਕੀਤੀ ਸੀ। ਇਸ ਸਾਲ ਦੀ ਜਿੱਤ ਨਾਲ ਟੀਮ ਨੇ ਲਗਾਤਾਰ ਤੀਜੀ ਵਾਰ ਪੰਜਾਬ ਰਾਜ ਪੱਧਰ ਤੱਕ ਪਹੁੰਚਣ ਦਾ ਮਾਣ ਹਾਸਲ ਕੀਤਾ ਹੈ।
ਇਸ ਸ਼ਾਨਦਾਰ ਸਫ਼ਲਤਾ ਵਿੱਚ ਗਾਈਡ ਅਧਿਆਪਕ ਸ. ਜਗਜੀਤ ਸਿੰਘ, ਸਾਇੰਸ ਅਧਿਆਪਕ, ਸਰਕਾਰੀ ਹਾਈ ਸਕੂਲ ਰਾਏਪੁਰ ਦੀ ਅਗਵਾਈ ਅਤੇ ਸਮਰਪਿਤ ਮਿਹਨਤ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਕ੍ਰਿਪਟ ਤਿਆਰ ਕਰਨ, ਸੰਵਾਦਾਂ ਦੀ ਪੇਸ਼ਕਾਰੀ, ਅਦਾਕਾਰੀ ਅਤੇ ਵਿਗਿਆਨਕ ਵਿਸ਼ੇ ਦੀ ਸਮਝ ਨੂੰ ਵਿਕਸਿਤ ਕਰਨ ਲਈ ਲਗਾਤਾਰ ਅਭਿਆਸ ਕੀਤਾ।
ਸਕੂਲ ਮੁਖੀ ਸ੍ਰੀਮਤੀ ਏਕਤਾ ਭਾਰਦਵਾਜ ਦੀ ਅਗਵਾਈ ਅਤੇ ਸਹਿਯੋਗ ਨਾਲ ਸਕੂਲ ਵਿੱਚ ਵਿਗਿਆਨ, ਨਵੀਨਤਾ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇਸ ਇਤਿਹਾਸਕ ਹੈਟ੍ਰਿਕ ’ਤੇ ਸਮੂਹ ਸਕੂਲ ਸਟਾਫ਼, ਵਿਦਿਆਰਥੀਆਂ, ਮਾਪਿਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਹੁਣ ਜੇਤੂ ਟੀਮ ਪੰਜਾਬ ਰਾਜ ਪੱਧਰੀ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਸਕੂਲ ਅਤੇ ਜ਼ਿਲ੍ਹਾ ਰੂਪਨਗਰ ਦਾ ਨਾਮ ਰੌਸ਼ਨ ਕਰਨ ਲਈ ਤਿਆਰ ਹੈ।
























