Rupnagar Administration Issues Multiple Restrictions on Drones, China Door, Dangerous Stunts and Public Gatherings
ਰੂਪਨਗਰ, 23 ਅਕਤੂਬਰ 2026: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਵੱਲੋਂ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ, ਜਨਤਕ ਸੁਰੱਖਿਆ ਯਕੀਨੀ ਬਣਾਉਣ ਅਤੇ ਹਾਦਸਿਆਂ ਨੂੰ ਰੋਕਣ ਲਈ ਵੱਖ-ਵੱਖ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿੱਚ ਮਿਲਟਰੀ ਰੰਗ ਦੇ ਵਾਹਨਾਂ ਦੀ ਵਰਤੋਂ, ਸੜਕਾਂ ਕਿਨਾਰੇ ਪਸ਼ੂ ਚਰਾਉਣ, ਖ਼ਤਰਨਾਕ ਸਟੰਟ ਕਰਨ, ਡਰੋਨ ਉਡਾਉਣ, ਚਾਈਨਾ ਡੋਰ ਦੀ ਵਰਤੋਂ ਅਤੇ ਹੋਰ ਗਤੀਵਿਧੀਆਂ ’ਤੇ ਪਾਬੰਦੀਆਂ ਸ਼ਾਮਲ ਹਨ। ਇਹ ਹੁਕਮ 23 ਦਸੰਬਰ 2026 ਤੱਕ ਲਾਗੂ ਰਹਿਣਗੇ।
ਮਿਲਟਰੀ ਰੰਗ ਦੇ ਵਾਹਨਾਂ ਅਤੇ ਵਰਦੀਆਂ ਦੀ ਵਰਤੋਂ ’ਤੇ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਵਿੱਚ ਆਮ ਲੋਕਾਂ ਵੱਲੋਂ ਉਲਾਈਵ ਹਰੇ ਰੰਗ ਦੀਆਂ ਜੀਪਾਂ, ਮੋਟਰਸਾਈਕਲਾਂ ਅਤੇ ਹੋਰ ਮੋਟਰ ਗੱਡੀਆਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਆਰਮਡ ਫੋਰਸਿਜ਼, ਪੰਜਾਬ ਪੁਲਿਸ ਅਤੇ ਬੀਐੱਸਐੱਫ ਦੀ ਵਰਦੀ ਦੀ ਅਣਅਧਿਕਾਰਤ ਵਰਤੋਂ, ਖਰੀਦ ਅਤੇ ਵਿਕਰੀ ’ਤੇ ਵੀ ਪਾਬੰਦੀ ਲਗਾਈ ਗਈ ਹੈ। ਸਬੰਧਤ ਅਧਿਕਾਰਤ ਕਰਮਚਾਰੀ ਇਨ੍ਹਾਂ ਹੁਕਮਾਂ ਤੋਂ ਛੋਟ ਪ੍ਰਾਪਤ ਹਨ।
ਸੜਕਾਂ ਕਿਨਾਰੇ ਪਸ਼ੂ ਚਰਾਉਣ ’ਤੇ ਰੋਕ
ਜ਼ਿਲ੍ਹੇ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਊਆਂ, ਮੱਝਾਂ, ਭੇਡਾਂ ਅਤੇ ਬੱਕਰੀਆਂ ਸਮੇਤ ਹੋਰ ਪਸ਼ੂ ਚਰਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਅਨੁਸਾਰ ਪਸ਼ੂਆਂ ਕਾਰਨ ਫ਼ਸਲਾਂ ਅਤੇ ਸੜਕ ਕਿਨਾਰੇ ਲੱਗੇ ਬੂਟਿਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧਦਾ ਹੈ।
ਟਰੈਕਟਰਾਂ ਅਤੇ ਮੋਟਰਸਾਈਕਲਾਂ ਦੇ ਖ਼ਤਰਨਾਕ ਸਟੰਟ ’ਤੇ ਪਾਬੰਦੀ
ਟਰੈਕਟਰਾਂ, ਮੋਟਰਸਾਈਕਲਾਂ ਅਤੇ ਇਨ੍ਹਾਂ ਨਾਲ ਸਬੰਧਤ ਸੰਦਾਂ ਦੀ ਵਰਤੋਂ ਕਰਕੇ ਖ਼ਤਰਨਾਕ ਪ੍ਰਦਰਸ਼ਨ ਜਾਂ ਸਟੰਟ ਕਰਨ ਅਤੇ ਕਰਵਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਹ ਫ਼ੈਸਲਾ ਅਜਿਹੇ ਸਟੰਟਾਂ ਦੌਰਾਨ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਅਤੇ ਜਾਨੀ ਨੁਕਸਾਨ ਦੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਡਰੋਨ ਉਡਾਉਣ ਸਬੰਧੀ ਪਾਬੰਦੀਆਂ
ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ, ਨਯਾ ਨੰਗਲ ਦੇ ਇਲਾਕੇ ਨੂੰ ਨੋ-ਡਰੋਨ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਜੇਲ੍ਹ ਰੂਪਨਗਰ ਦੀ ਹਦੂਦ ਤੋਂ 500 ਮੀਟਰ ਤੱਕ ਦੇ ਖੇਤਰ ਵਿੱਚ ਵੀ ਡਰੋਨ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਡਰੋਨ ਕੈਮਰੇ ਅਤੇ ਹੋਰ ਦਰਜ ਕੀਤੇ ਹਵਾਈ ਉਪਕਰਣਾਂ ਦੀ ਵਰਤੋਂ ਸਬੰਧੀ ਹੁਕਮਾਂ ਦੀ ਪਾਲਣਾ ਲਾਜ਼ਮੀ ਹੋਵੇਗੀ।
ਜਨਤਕ ਇਕੱਠਾਂ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ’ਤੇ ਰੋਕ
ਜ਼ਿਲ੍ਹੇ ਵਿੱਚ ਜਨਤਕ ਸਥਾਨਾਂ ’ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਰੈਲੀਆਂ ਕੱਢਣ ਅਤੇ ਧਰਨੇ ਲਗਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਹੁਕਮਾਂ ਵਿੱਚ ਧਾਰਮਿਕ ਰਸਮਾਂ, ਵਿਆਹਾਂ, ਨਿੱਜੀ ਸਮਾਗਮਾਂ, ਅੰਤਿਮ ਸੰਸਕਾਰਾਂ ਅਤੇ ਲਿਖਤੀ ਪ੍ਰਵਾਨਗੀ ਪ੍ਰਾਪਤ ਇਕੱਠਾਂ ਸਮੇਤ ਕੁਝ ਛੋਟਾਂ ਦਾ ਜ਼ਿਕਰ ਹੈ।
ਜਨਤਕ ਥਾਵਾਂ, ਵਿੱਦਿਅਕ ਸੰਸਥਾਵਾਂ ਅਤੇ ਸਮਾਗਮਾਂ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਹਥਿਆਰ ਲੈ ਕੇ ਜਾਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਹਥਿਆਰਾਂ, ਨਸ਼ਿਆਂ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਅਤੇ ਭੜਕਾਊ ਜਾਂ ਨਫ਼ਰਤੀ ਭਾਸ਼ਣਾਂ ’ਤੇ ਰੋਕ ਦੇ ਹੁਕਮ ਜਾਰੀ ਕੀਤੇ ਗਏ ਹਨ।
ਪ੍ਰੀਗਾਬਾਲਿਨ 300 ਐਮਜੀ ਦੀ ਵਿਕਰੀ ਅਤੇ ਰਿਕਾਰਡ ਸਬੰਧੀ ਹਦਾਇਤਾਂ
ਪ੍ਰਸ਼ਾਸਨ ਨੇ ਪ੍ਰੀਗਾਬਾਲਿਨ ਸਾਲਟ 300 ਐਮਜੀ ਦੀ ਬਿਨਾਂ ਲਾਇਸੈਂਸ ਜਾਂ ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ ਅਤੇ ਵੇਚਣ ’ਤੇ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਹਨ। ਦਵਾਈ ਦੀ ਵਿਕਰੀ ਦੌਰਾਨ ਬਿੱਲਾਂ ਅਤੇ ਸਬੰਧਤ ਰਿਕਾਰਡ ਨੂੰ ਸਹੀ ਢੰਗ ਨਾਲ ਰੱਖਣ ਅਤੇ ਦਵਾਈ ਕੇਵਲ ਡਾਕਟਰ ਦੀ ਪਰਚੀ ’ਤੇ ਦੇਣ ਦੀ ਹਦਾਇਤ ਕੀਤੀ ਗਈ ਹੈ।
ਵਾਹਨਾਂ ’ਤੇ ਰਿਫਲੈਕਟਰ ਲਗਾਉਣੇ ਲਾਜ਼ਮੀ
ਸਾਈਕਲਾਂ, ਰਿਕਸ਼ਿਆਂ, ਰੇਹੜੀਆਂ, ਟਰੈਕਟਰ-ਟਰਾਲੀਆਂ ਅਤੇ ਹੋਰ ਸਬੰਧਤ ਵਾਹਨਾਂ ਦੇ ਅੱਗੇ ਅਤੇ ਪਿੱਛੇ ਲਾਲ ਰਿਫਲੈਕਟਰ ਜਾਂ ਚਮਕਦਾਰ ਟੇਪ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਤਾਂ ਜੋ ਸੜਕ ਸੁਰੱਖਿਆ ਨੂੰ ਬਿਹਤਰ ਬਣਾਇਆ ਜਾ ਸਕੇ।
ਚਾਈਨਾ ਡੋਰ, ਪਲਾਸਟਿਕ ਲਿਫ਼ਾਫ਼ਿਆਂ ਅਤੇ ਹੁੱਕਾ ਬਾਰਾਂ ’ਤੇ ਪਾਬੰਦੀ
ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਖਰੀਦ-ਵੇਚ, ਭੰਡਾਰਨ ਅਤੇ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਨੇ ਇਸ ਡੋਰ ਨੂੰ ਮਨੁੱਖਾਂ ਅਤੇ ਪੰਛੀਆਂ ਲਈ ਖ਼ਤਰਨਾਕ ਦੱਸਦਿਆਂ ਗੈਰ-ਕਾਨੂੰਨੀ ਵਿਕਰੀ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਇਲਾਵਾ ਪਲਾਸਟਿਕ ਲਿਫ਼ਾਫ਼ਿਆਂ ਦੇ ਨਿਰਮਾਣ, ਵੰਡ, ਵਿਕਰੀ, ਭੰਡਾਰਨ ਅਤੇ ਵਰਤੋਂ ’ਤੇ ਪਾਬੰਦੀ ਹੈ। ਜ਼ਿਲ੍ਹੇ ਵਿੱਚ ਹੁੱਕਾ ਬਾਰਾਂ ਦੇ ਸੰਚਾਲਨ ’ਤੇ ਵੀ ਰੋਕ ਲਗਾਈ ਗਈ ਹੈ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।
ਗਊ ਵੰਸ਼ ਦੀ ਢੋਆ-ਢੁਆਈ ਅਤੇ ਰਜਿਸਟ੍ਰੇਸ਼ਨ
ਜ਼ਿਲ੍ਹਾ ਰੂਪਨਗਰ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ ’ਤੇ ਪਾਬੰਦੀ ਲਗਾਈ ਗਈ ਹੈ। ਪਸ਼ੂ ਪਾਲਕਾਂ ਨੂੰ ਆਪਣੇ ਕੋਲ ਰੱਖੇ ਗਊ ਵੰਸ਼ ਦੀ ਸਬੰਧਤ ਪਸ਼ੂ ਪਾਲਣ ਵਿਭਾਗ ਕੋਲ ਰਜਿਸਟ੍ਰੇਸ਼ਨ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਨੰਬਰ ਪਲੇਟ ਬਣਾਉਣ ਵਾਲਿਆਂ ਅਤੇ ਕਿਰਾਏਦਾਰਾਂ ਦੀ ਜਾਣਕਾਰੀ ਸਬੰਧੀ ਹੁਕਮ
ਵਾਹਨਾਂ ਦੀਆਂ ਨੰਬਰ ਪਲੇਟਾਂ ਬਣਾਉਣ ਅਤੇ ਉਨ੍ਹਾਂ ’ਤੇ ਨੰਬਰ ਲਿਖਣ ਵਾਲਿਆਂ ਨੂੰ ਰਜਿਸਟਰ ਰੱਖਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਟਲਾਂ, ਢਾਬਿਆਂ, ਸਰਾਵਾਂ, ਮਕਾਨ ਮਾਲਕਾਂ, ਖੇਤੀਬਾੜੀ ਫਾਰਮਾਂ ਅਤੇ ਉਦਯੋਗਿਕ ਅਦਾਰਿਆਂ ਨੂੰ ਠਹਿਰਨ ਵਾਲੇ ਵਿਅਕਤੀਆਂ ਅਤੇ ਨਵੇਂ ਕਿਰਾਏਦਾਰਾਂ ਦੀ ਪੂਰੀ ਜਾਣਕਾਰੀ, ਨਾਮ, ਪਤਾ ਅਤੇ ਫੋਟੋ ਸਮੇਤ, ਨਜ਼ਦੀਕੀ ਪੁਲਿਸ ਥਾਣੇ ਜਾਂ ਚੌਕੀ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
ਅਣਅਧਿਕਾਰਤ ਸੀਮਨ ਦੀ ਵਿਕਰੀ ’ਤੇ ਰੋਕ
ਪਸ਼ੂਆਂ ਦੀ ਨਸਲ ਅਤੇ ਉਤਪਾਦਕਤਾ ਨੂੰ ਨੁਕਸਾਨ ਤੋਂ ਬਚਾਉਣ ਲਈ ਜ਼ਿਲ੍ਹੇ ਵਿੱਚ ਅਣਅਧਿਕਾਰਤ ਸੀਮਨ ਦਾ ਭੰਡਾਰਨ, ਆਵਾਜਾਈ, ਵਰਤੋਂ ਅਤੇ ਵਿਕਰੀ ਕਰਨ ’ਤੇ ਪਾਬੰਦੀ ਲਗਾਈ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਲੋਕਾਂ ਨੂੰ ਅਪੀਲ ਹੈ ਕਿ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਜਨਤਕ ਸੁਰੱਖਿਆ ਅਤੇ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਸਹਿਯੋਗ ਦੇਣ।
















