ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ

Student Mental Health: Life Is More Important Than Exam Scores, jagjeet singh raipur

Student Mental Health: Life Is More Important Than Exam Scores

ਮੌਜੂਦਾ ਸਿੱਖਿਆ ਪ੍ਰਣਾਲੀ ਗਿਆਨ, ਹੁਨਰ ਅਤੇ ਨਵੀਨਤਾ ਦੇ ਨਵੇਂ ਰਾਹ ਖੋਲ੍ਹ ਰਹੀ ਹੈ, ਪਰ ਇਸ ਦੇ ਨਾਲ-ਨਾਲ ਇਹ ਇੱਕ ਅਜਿਹੀ ਹਕੀਕਤ ਵੀ ਸਾਡੇ ਸਾਹਮਣੇ ਲਿਆ ਰਹੀ ਹੈ ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਅੰਕਾਂ, ਰੈਂਕਾਂ ਅਤੇ ਸਫਲਤਾ ਦੀ ਲਗਾਤਾਰ ਦੌੜ ਨੇ ਬਹੁਤ ਸਾਰੇ ਵਿਦਿਆਰਥੀਆਂ ਦੇ ਬਚਪਨ ਦੀ ਸਹਿਜਤਾ, ਮਾਨਸਿਕ ਸ਼ਾਂਤੀ ਅਤੇ ਭਾਵਨਾਤਮਕ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਹੈ। ਸਿੱਖਿਆ ਦਾ ਉਦੇਸ਼ ਕੇਵਲ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕਰਨਾ ਨਹੀਂ, ਸਗੋਂ ਅਜਿਹੇ ਵਿਅਕਤੀ ਦਾ ਨਿਰਮਾਣ ਕਰਨਾ ਹੈ ਜੋ ਜੀਵਨ ਦੀਆਂ ਚੁਣੌਤੀਆਂ ਦਾ ਸਾਹਸ, ਸੰਜਮ ਅਤੇ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰ ਸਕੇ।

ਅੱਜ ਨੌਵੀਂ ਜਮਾਤ ਤੋਂ ਲੈ ਕੇ ਉੱਚ ਸਿੱਖਿਆ ਤੱਕ ਦਾ ਪੜਾਅ ਵਿਦਿਆਰਥੀਆਂ ਲਈ ਬਹੁਤ ਸੰਵੇਦਨਸ਼ੀਲ ਬਣ ਚੁੱਕਾ ਹੈ। ਕਰੀਅਰ ਦੀ ਚਿੰਤਾ, ਸਮਾਜਿਕ ਤੁਲਨਾ, ਮੁਕਾਬਲੇ ਦਾ ਵਧਦਾ ਦਬਾਅ ਅਤੇ ਉਮੀਦਾਂ ਦਾ ਬੋਝ ਕਈ ਬੱਚਿਆਂ ਨੂੰ ਅੰਦਰੋਂ ਤੋੜ ਰਿਹਾ ਹੈ। ਅਸੀਂ ਅਕਸਰ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਪਦੇ ਹਾਂ, ਪਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਸਮਾਂ ਨਹੀਂ ਕੱਢਦੇ। ਜਦੋਂ ਬੱਚੇ ਨੂੰ ਲੱਗਣ ਲੱਗ ਪੈਂਦਾ ਹੈ ਕਿ ਉਸਦੀ ਪਛਾਣ ਸਿਰਫ਼ ਉਸਦੇ ਅੰਕਾਂ ਨਾਲ ਹੈ, ਤਾਂ ਅਸਫਲਤਾ ਦਾ ਇੱਕ ਪਲ ਵੀ ਉਸਨੂੰ ਜੀਵਨ ਦੀ ਪੂਰੀ ਹਾਰ ਜਾਪਣ ਲੱਗਦਾ ਹੈ।

ਬਦਲਦੇ ਸਮਾਜਿਕ ਅਤੇ ਆਰਥਿਕ ਢਾਂਚੇ ਵਿੱਚ ਮਾਪਿਆਂ ਦਾ ਸੰਘਰਸ਼ ਵੀ ਘੱਟ ਨਹੀਂ। ਉਹ ਆਪਣੇ ਬੱਚਿਆਂ ਨੂੰ ਵਧੀਆ ਭਵਿੱਖ ਦੇਣ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਪਰ ਜੀਵਨ ਦੀ ਇਸ ਦੌੜ ਵਿੱਚ ਕਈ ਵਾਰ ਬੱਚਿਆਂ ਨੂੰ ਸਭ ਤੋਂ ਵੱਧ ਲੋੜੀਂਦੀ ਚੀਜ਼—ਸਮਾਂ, ਸੰਵਾਦ ਅਤੇ ਭਾਵਨਾਤਮਕ ਸਹਾਰਾ—ਉਨ੍ਹਾਂ ਤੋਂ ਦੂਰ ਹੋ ਜਾਂਦੀ ਹੈ। ਬੱਚੇ ਮਹਿੰਗੀਆਂ ਸਹੂਲਤਾਂ ਨਾਲੋਂ ਵੱਧ ਆਪਣੇ ਮਾਪਿਆਂ ਦੀ ਹਾਜ਼ਰੀ, ਭਰੋਸੇ ਅਤੇ ਹੌਸਲੇ ਦੀ ਉਡੀਕ ਕਰਦੇ ਹਨ। ਜਦੋਂ ਇਹ ਸਹਾਰਾ ਨਹੀਂ ਮਿਲਦਾ, ਤਾਂ ਇਕੱਲੇਪਣ, ਤਣਾਅ ਅਤੇ ਨਿਰਾਸ਼ਾ ਹੌਲੀ-ਹੌਲੀ ਉਨ੍ਹਾਂ ਦੀ ਸੋਚ ‘ਤੇ ਹਾਵੀ ਹੋਣ ਲੱਗਦੇ ਹਨ।

ਇਹ ਵੀ ਇੱਕ ਹਕੀਕਤ ਹੈ ਕਿ ਅੱਜ ਬਹੁਤ ਸਾਰੇ ਵਿਦਿਆਰਥੀ ਆਪਣੇ ਸੁਪਨਿਆਂ ਨਾਲੋਂ ਵੱਧ ਦੂਜਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਹਨ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਉਮੀਦਾਂ ‘ਤੇ ਖਰੇ ਨਹੀਂ ਉਤਰ ਸਕੇ, ਤਾਂ ਉਹ ਆਪਣੇ ਆਪ ਨੂੰ ਅਸਫਲ ਮੰਨਣ ਲੱਗ ਪੈਂਦੇ ਹਨ। ਅਜਿਹੇ ਸਮੇਂ ਵਿੱਚ ਕੁਝ ਵਿਦਿਆਰਥੀ ਨਿਰਾਸ਼ਾ ਵਿੱਚ ਅਜਿਹੇ ਫ਼ੈਸਲੇ ਵੀ ਲੈ ਬੈਠਦੇ ਹਨ, ਜਿਨ੍ਹਾਂ ਨਾਲ ਇੱਕ ਪਰਿਵਾਰ ਹੀ ਨਹੀਂ, ਸਗੋਂ ਪੂਰਾ ਸਮਾਜ ਡੂੰਘੇ ਦੁੱਖ ਵਿੱਚ ਡੁੱਬ ਜਾਂਦਾ ਹੈ। ਹਰ ਅਜਿਹੀ ਘਟਨਾ ਸਾਡੇ ਲਈ ਇੱਕ ਚੇਤਾਵਨੀ ਹੈ ਕਿ ਸਾਨੂੰ ਸਿੱਖਿਆ ਦੇ ਅਰਥ ਨੂੰ ਮੁੜ ਸਮਝਣ ਦੀ ਲੋੜ ਹੈ।

ਖੁਸ਼ੀ ਦੀ ਗੱਲ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ–2020 ਨੇ ਇਸ ਦਿਸ਼ਾ ਵਿੱਚ ਇੱਕ ਨਵੀਂ ਸੋਚ ਪੇਸ਼ ਕੀਤੀ ਹੈ। ਇਸ ਵਿੱਚ ਰਟਨ-ਕੇਂਦਰਿਤ ਸਿੱਖਿਆ ਦੀ ਥਾਂ ਸਮਝ, ਰਚਨਾਤਮਕਤਾ, ਜੀਵਨ-ਕੌਸ਼ਲ, ਲਚਕੀਲੇਪਣ, ਮਾਨਸਿਕ ਸਿਹਤ ਅਤੇ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਇਹ ਨੀਤੀ ਸਿੱਖਿਆ ਨੂੰ ਮਨੁੱਖ-ਕੇਂਦਰਿਤ ਬਣਾਉਣ ਦਾ ਮਹੱਤਵਪੂਰਨ ਯਤਨ ਹੈ। ਹਾਲਾਂਕਿ ਇਸ ਦੀ ਭਾਵਨਾ ਅਜੇ ਹਰ ਸਕੂਲ ਅਤੇ ਹਰ ਵਿਦਿਆਰਥੀ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਸਕੀ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਪ੍ਰਭਾਵੀ ਅਤੇ ਇਮਾਨਦਾਰ ਲਾਗੂਕਰਨ ਸਿੱਖਿਆ ਨੂੰ ਅੰਕਾਂ ਦੀ ਦੌੜ ਤੋਂ ਕੱਢ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਲੈ ਜਾਵੇਗਾ।

ਹੁਣ ਸਮਾਂ ਆ ਗਿਆ ਹੈ ਕਿ ਸਕੂਲਾਂ ਵਿੱਚ ਮਨੋਵਿਗਿਆਨਕ ਸਲਾਹ-ਮਸ਼ਵਰੇ, ਜੀਵਨ-ਕੌਸ਼ਲ ਸਿੱਖਿਆ, ਭਾਵਨਾਤਮਕ ਸਾਖਰਤਾ ਅਤੇ ਸਕਾਰਾਤਮਕ ਪ੍ਰੇਰਣਾ ਨੂੰ ਸਿੱਖਿਆ ਦਾ ਲਾਜ਼ਮੀ ਹਿੱਸਾ ਬਣਾਇਆ ਜਾਵੇ। ਅਧਿਆਪਕਾਂ ਦੀ ਭੂਮਿਕਾ ਕੇਵਲ ਪਾਠ ਪੜ੍ਹਾਉਣ ਤੱਕ ਸੀਮਤ ਨਹੀਂ ਰਹਿ ਸਕਦੀ; ਉਨ੍ਹਾਂ ਨੂੰ ਬੱਚਿਆਂ ਦੇ ਮਨ ਨੂੰ ਪੜ੍ਹਨ ਵਾਲਾ ਮਾਰਗਦਰਸ਼ਕ ਵੀ ਬਣਨਾ ਪਵੇਗਾ। ਇਸੇ ਤਰ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਤੁਲਨਾ ਕਰਨ ਦੀ ਬਜਾਏ ਉਨ੍ਹਾਂ ਦੀ ਸਮਰੱਥਾ, ਰੁਚੀ ਅਤੇ ਭਾਵਨਾਵਾਂ ਨੂੰ ਸਮਝਣਾ ਹੋਵੇਗਾ।

ਹਰ ਬੱਚੇ ਨੂੰ ਇਹ ਵਿਸ਼ਵਾਸ ਮਿਲਣਾ ਚਾਹੀਦਾ ਹੈ ਕਿ ਇੱਕ ਪ੍ਰੀਖਿਆ, ਇੱਕ ਨਤੀਜਾ ਜਾਂ ਇੱਕ ਅਸਫਲਤਾ ਉਸਦੀ ਪੂਰੀ ਜ਼ਿੰਦਗੀ ਦਾ ਫ਼ੈਸਲਾ ਨਹੀਂ ਕਰਦੀ। ਜ਼ਿੰਦਗੀ ਮੌਕਿਆਂ ਦਾ ਨਾਮ ਹੈ ਅਤੇ ਹਰ ਵਿਅਕਤੀ ਦੀ ਮੰਜ਼ਿਲ ਵੱਖਰੀ ਹੋ ਸਕਦੀ ਹੈ। ਅਸਲ ਸਿੱਖਿਆ ਉਹੀ ਹੈ ਜੋ ਬੱਚੇ ਨੂੰ ਡਿਗਣ ਤੋਂ ਬਾਅਦ ਦੁਬਾਰਾ ਖੜ੍ਹਾ ਹੋਣਾ ਸਿਖਾਵੇ, ਨਾ ਕਿ ਡਿੱਗਣ ਦੇ ਡਰ ਵਿੱਚ ਜੀਣਾ।

ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਯਕੀਨ ਦਿਵਾ ਸਕੀਏ ਕਿ ਜ਼ਿੰਦਗੀ ਹਰ ਹਾਲ ਵਿੱਚ ਅਨਮੋਲ ਹੈ, ਹਰ ਔਖਾ ਸਮਾਂ ਲੰਘ ਜਾਂਦਾ ਹੈ ਅਤੇ ਹਰ ਅਸਫਲਤਾ ਆਪਣੇ ਅੰਦਰ ਇੱਕ ਨਵੀਂ ਸਿੱਖ ਛੁਪਾਈ ਬੈਠੀ ਹੁੰਦੀ ਹੈ, ਤਾਂ ਅਸੀਂ ਸੱਚੇ ਅਰਥਾਂ ਵਿੱਚ ਸਿੱਖਿਆ ਦਾ ਮਕਸਦ ਪੂਰਾ ਕਰ ਸਕਾਂਗੇ।

ਆਓ, ਅਸੀਂ ਅਜਿਹੀ ਸਿੱਖਿਆ ਪ੍ਰਣਾਲੀ ਦੀ ਸਿਰਜਣਾ ਕਰੀਏ ਜਿੱਥੇ ਬੱਚਿਆਂ ਦੀ ਪਛਾਣ ਉਨ੍ਹਾਂ ਦੇ ਅੰਕਾਂ ਨਾਲ ਨਹੀਂ, ਸਗੋਂ ਉਨ੍ਹਾਂ ਦੇ ਚਰਿੱਤਰ, ਚਿੰਤਨ, ਸੰਵੇਦਨਸ਼ੀਲਤਾ ਅਤੇ ਮਨੁੱਖਤਾ ਨਾਲ ਹੋਵੇ। ਕਿਉਂਕਿ ਆਖ਼ਰਕਾਰ ਅੰਕਾਂ ਦੀ ਨਹੀਂ, ਜ਼ਿੰਦਗੀ ਦੀ ਜਿੱਤ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ।

ਸ.ਜਗਜੀਤ ਸਿੰਘ, ਸਇੰਸ ਮਾਸਟਰ, ਸਰਕਾਰੀ ਹਾਈ ਸਕੂਲ ਰਾਏਪੁਰ

Leave a Comment

Your email address will not be published. Required fields are marked *

Scroll to Top