District-Level Trials for Khedan Vatan Punjab Diyan-2026 State-Level Competitions from October 5
ਰੂਪਨਗਰ, 1 ਅਕਤੂਬਰ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਰੂਪਨਗਰ ਦੀ ਟੀਮ ਦੀ ਚੋਣ ਲਈ ਜ਼ਿਲ੍ਹਾ ਪੱਧਰੀ ਟਰਾਇਲ 5 ਅਕਤੂਬਰ 2026 ਤੋਂ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਗਿੱਲ ਨੇ ਦੱਸਿਆ ਕਿ 5 ਅਕਤੂਬਰ ਨੂੰ ਵੁਸ਼ੂ, ਕਰਾਟੇ, ਘੋੜਸਵਾਰੀ, ਬੇਸਬਾਲ, ਸਾਈਕਲਿੰਗ, ਰਗਬੀ, ਤਾਇਕਵਾਂਡੋ, ਜਿਮਨਾਸਟਿਕਸ, ਰੋਇੰਗ, ਕੈਕਿੰਗ ਅਤੇ ਕੈਨੋਇੰਗ ਖੇਡਾਂ ਦੇ ਟਰਾਇਲ ਕਰਵਾਏ ਜਾਣਗੇ। ਇਨ੍ਹਾਂ ਟਰਾਇਲਾਂ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-21 ਉਮਰ ਵਰਗਾਂ ਦੇ ਲੜਕੇ-ਲੜਕੀਆਂ ਅਤੇ 21-30 ਅਤੇ 31-40 ਉਮਰ ਵਰਗਾਂ ਦੇ ਪੁਰਸ਼ਾਂ ਤੇ ਮਹਿਲਾਵਾਂ ਭਾਗ ਲੈ ਸਕਣਗੇ।
ਉਨ੍ਹਾਂ ਦੱਸਿਆ ਕਿ ਸਾਰੇ ਟਰਾਇਲ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਸਵੇਰੇ 9:00 ਵਜੇ ਸ਼ੁਰੂ ਹੋਣਗੇ। ਵੁਸ਼ੂ, ਕਰਾਟੇ, ਘੋੜਸਵਾਰੀ, ਬੇਸਬਾਲ, ਸਾਈਕਲਿੰਗ, ਰਗਬੀ, ਤਾਇਕਵਾਂਡੋ ਅਤੇ ਜਿਮਨਾਸਟਿਕਸ ਸਬੰਧੀ ਜਾਣਕਾਰੀ ਲਈ ਇੰਚਾਰਜ ਸ੍ਰੀ ਨਰੇਸ਼ ਰਾਜੋਰੀਆਂ, ਤੈਰਾਕੀ ਕੋਚ, ਮੋਬਾਈਲ ਨੰਬਰ 9316201636 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਰੋਇੰਗ ਖੇਡ ਦੇ ਇੰਚਾਰਜ ਸ੍ਰੀ ਗੁਰਜਿੰਦਰ ਸਿੰਘ ਚੀਮਾ ਨਾਲ ਮੋਬਾਈਲ ਨੰਬਰ 9815640496 ਅਤੇ ਕੈਕਿੰਗ ਤੇ ਕੈਨੋਇੰਗ ਖੇਡਾਂ ਸਬੰਧੀ ਮੋਬਾਈਲ ਨੰਬਰ 6283549158 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦਾ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਅਧਿਕਾਰਤ ਪੋਰਟਲ ’ਤੇ ਰਜਿਸਟਰਡ ਹੋਣਾ ਲਾਜ਼ਮੀ ਹੈ। ਖਿਡਾਰੀਆਂ ਨੂੰ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ, ਬੈਂਕ ਖਾਤੇ ਦੀ ਕਾਪੀ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਲਿਆਉਣੀਆਂ ਲਾਜ਼ਮੀ ਹਨ।
ਉਨ੍ਹਾਂ ਦੱਸਿਆ ਕਿ ਸਿਰਫ਼ ਉਹੀ ਖਿਡਾਰੀ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ ਜੋ ਸਬੰਧਤ ਜ਼ਿਲ੍ਹੇ ਦੇ ਪੱਕੇ ਵਸਨੀਕ ਹਨ ਜਾਂ ਸਬੰਧਤ ਜ਼ਿਲ੍ਹੇ ਵਿੱਚ ਪੜ੍ਹਾਈ ਕਰ ਰਹੇ ਹਨ ਜਾਂ ਨੌਕਰੀ ਕਰਦੇ ਹਨ।
ਸ. ਜਗਜੀਵਨ ਸਿੰਘ ਗਿੱਲ ਨੇ ਜ਼ਿਲ੍ਹੇ ਦੇ ਸਮੂਹ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਟਰਾਇਲਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ, ਤਾਂ ਜੋ ਰਾਜ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਰੂਪਨਗਰ ਦੀ ਨੁਮਾਇੰਦਗੀ ਕਰਦਿਆਂ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਡਾਂ ਦੀ ਵੰਡ ਅਤੇ ਟਰਾਇਲਾਂ ਦੇ ਸਡਿਊਲ ਸਬੰਧੀ ਵਧੇਰੇ ਜਾਣਕਾਰੀ ਲਈ ਸਬੰਧਤ ਖੇਡ ਇੰਚਾਰਜ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

















