
ਸ੍ਰੀ ਅਨੰਦਪੁਰ ਸਾਹਿਬ 01 ਅਕਤੂਬਰ: ਸਰਕਾਰੀ ਹਾਈ ਸਕੂਲ ਦਸਗਰਾਂਈ ਨੂੰ ਜਨਕੈਨ ਪ੍ਰੋਗਰਾਮ ਤਹਿਤ ਤਿੰਨ ਸਾਲਾਂ ਦੀ ਲਗਾਤਾਰ ਪ੍ਰਾਪਤੀ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਰਾਸ਼ਟਰੀ ਪੁਰਸਕਾਰ ਸਮਾਰੋਹ ਵਾਤਾਵਰਣ ਸਿੱਖਿਆ ਕੇਂਦਰ ਅਤੇ ਐੱਚ.ਸੀ.ਐੱਲ. ਫਾਊਂਡੇਸ਼ਨ ਵੱਲੋਂ 28 ਸਤੰਬਰ 2026 ਨੂੰ ਨਵੀਂ ਦਿੱਲੀ ਵਿਖੇ ਕਰਵਾਇਆ ਗਿਆ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਟਿਕਾਊ ਵਿਕਾਸ ਨਾਲ ਜੋੜਨ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਅਤੇ ਕਰੀਅਰ ਕਾਊਂਸਲਿੰਗ ਵਰਗੀਆਂ ਪਹਿਲਕਦਮੀਆਂ ਵੀ ਜਾਰੀ ਹਨ।
ਰਾਸ਼ਟਰੀ ਪੁਰਸਕਾਰ ਸਮਾਰੋਹ ਵਿੱਚ ਸਕੂਲ ਦੀ ਨੁਮਾਇੰਦਗੀ ਸਾਇੰਸ ਮਿਸਟ੍ਰੈੱਸ ਅਤੇ ਪ੍ਰੋਗਰਾਮ ਦੀ ਮੈਂਟਰ ਅਧਿਆਪਕਾ ਸ੍ਰੀਮਤੀ ਅਮਰਜੀਤ ਕੌਰ ਅਤੇ ਜਲਵਾਯੂ ਕਾਰਵਾਈ ਪ੍ਰੋਗਰਾਮ ਦੀ ਵਿਦਿਆਰਥੀ ਟੀਮ ਮੈਂਬਰ ਮਨਪ੍ਰੀਤ ਕੌਰ ਨੇ ਕੀਤੀ। ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਹੈੱਡਮਿਸਟ੍ਰੈੱਸ ਸ੍ਰੀਮਤੀ ਸਪਨਾ ਸ਼ਰਮਾ ਦੀ ਅਗਵਾਈ ਅਤੇ ਸਹਿਯੋਗ ਹੇਠ ਸਕੂਲ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਇਸ ਪ੍ਰੋਗਰਾਮ ਵਿੱਚ ਭਾਗ ਲੈ ਰਿਹਾ ਹੈ ਅਤੇ ਹੁਣ ਚੌਥੇ ਸਾਲ ਵਿੱਚ ਦਾਖਲ ਹੋ ਚੁੱਕਾ ਹੈ।
ਸਮਾਰੋਹ ਦੌਰਾਨ ਵਾਤਾਵਰਣ ਸਿੱਖਿਆ ਕੇਂਦਰ ਦੇ ਡਾਇਰੈਕਟਰ ਸ਼੍ਰੀ ਕਾਰਤਿਕੇਯ ਵੀ. ਸਾਰਾਭਾਈ, ਯੂਨੈਸਕੋ ਦੀ ਪ੍ਰੋਗਰਾਮ ਸਪੈਸ਼ਲਿਸਟ ਅਤੇ ਸਿੱਖਿਆ ਮੁਖੀ ਸ੍ਰੀਮਤੀ ਜੋਇਸ ਪੋਆਨ, ਐੱਨ.ਸੀ.ਈ.ਆਰ.ਟੀ. ਦੀ ਐਸੋਸੀਏਟ ਪ੍ਰੋਫੈਸਰ ਡਾ. ਜੁਬਲੀ ਪਦਮਨਾਭਨ ਅਤੇ ਐੱਚ.ਸੀ.ਐੱਲ. ਫਾਊਂਡੇਸ਼ਨ ਦੇ ਪ੍ਰੋਜੈਕਟ ਡਾਇਰੈਕਟਰ ਡਾ. ਸੰਤਾਨੂ ਬਾਸੂ ਵੱਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਵੱਲੋਂ ਇਸ ਪ੍ਰਾਪਤੀ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਨਤੀਜਾ ਦੱਸਿਆ ਗਿਆ।
ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੀ ਹੈੱਡਮਿਸਟ੍ਰੈੱਸ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਸਕੂਲ ਦੇ ਸਮੂਹ ਸਟਾਫ਼, ਸ੍ਰੀਮਤੀ ਅਮਰਜੀਤ ਕੌਰ ਅਤੇ ਸਮੁੱਚੀ ਵਿਦਿਆਰਥੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਪੁਰਸਕਾਰ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ, ਟਿਕਾਊ ਜੀਵਨ-ਸ਼ੈਲੀ ਅਤੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਲਈ ਹੋਰ ਉਤਸ਼ਾਹਿਤ ਕਰਦੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਨੂੰ ਵੀ ਉਤਸ਼ਾਹ ਮਿਲ ਰਿਹਾ ਹੈ।
















