DC Komal Mittal Encourages Students at Rupnagar District-Level Tech Fair 2026
ਜ਼ਿਲ੍ਹਾ ਪੱਧਰੀ ਡਿਜੀਟਲ ਇਨੋਵੇਸ਼ਨ ਫੇਅਰ 2026-27 ਵਿੱਚ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਨੇ ਹਾਸਲ ਕੀਤਾ ਪਹਿਲਾ ਸਥਾਨ, ਮਟੌਰ ਦੂਜੇ ਅਤੇ ਨੰਗਲ ਤੀਜੇ ਸਥਾਨ ’ਤੇ ਰਿਹਾ
ਰੂਪਨਗਰ, 18 ਨਵੰਬਰ: ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਤਕਨੀਕੀ ਹੁਨਰ ਅਤੇ ਨਵੀਨਤਾਕਾਰੀ ਰੁਚੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਦੀ ਅਗਵਾਈ ਹੇਠ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਡਿਜੀਟਲ ਇਨੋਵੇਸ਼ਨ ਫੇਅਰ (ਟੈਕ ਫੇਅਰ 2026-27) ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਕੋਮਲ ਮਿੱਤਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਤਕਨੀਕੀ ਮਾਡਲਾਂ ਅਤੇ ਡਿਜੀਟਲ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਵਿਦਿਆਰਥੀਆਂ ਦੀ ਸਿਰਜਣਾਤਮਕ ਸੋਚ ਅਤੇ ਤਕਨੀਕੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਨੂੰ ਆਪਣੀ ਕਲਪਨਾਸ਼ੀਲਤਾ, ਨਵੀਨਤਾਕਾਰੀ ਵਿਚਾਰਾਂ ਅਤੇ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਵਧੀਆ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਰੋਬੋਟਿਕਸ, ਮਸ਼ੀਨ ਲਰਨਿੰਗ, ਇੰਟਰਨੈੱਟ ਆਫ਼ ਥਿੰਗਜ਼ (IoT) ਅਤੇ ਹੋਰ ਆਧੁਨਿਕ ਡਿਜੀਟਲ ਤਕਨੀਕਾਂ ਬਾਰੇ ਵੱਧ ਤੋਂ ਵੱਧ ਸਿੱਖਣ ਅਤੇ ਇਨ੍ਹਾਂ ਦੀ ਵਰਤੋਂ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਕਰਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਦਿਆਰਥੀਆਂ ਦਾ ਤਕਨੀਕੀ ਤੌਰ ’ਤੇ ਸਮਰੱਥ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਉਹਨਾਂ ਨਾਲ ਕਰਨ ਮਹਿਤਾ, ਜ਼ਿਲ੍ਹਾ ਲੋਕ ਸੰਪਰਕ ਵਿਭਾਗ ਅਫਸਰ ਨਾਲ ਸਨ।
ਇਹ ਮੁਕਾਬਲਾ ਸਿੱਖਿਆ ਵਿਭਾਗ ਅਤੇ SCERT ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਨਵੀਨਤਮ ਤਕਨੀਕੀ ਮਾਡਲ ਅਤੇ ਡਿਜੀਟਲ ਇਨੋਵੇਸ਼ਨ ਪ੍ਰੋਜੈਕਟ ਪੇਸ਼ ਕੀਤੇ। ਵਿਦਿਆਰਥੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਆਟੋਮੇਸ਼ਨ, ਸਮਾਰਟ ਸਿਸਟਮ ਅਤੇ ਡਿਜੀਟਲ ਐਪਲੀਕੇਸ਼ਨਾਂ ਰਾਹੀਂ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਦੇ ਵਿਹਾਰਕ ਹੱਲ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਿਤ ਕੀਤੇ ਗਏ ਪ੍ਰੋਜੈਕਟਾਂ ਵਿੱਚ AI ਆਧਾਰਿਤ ਸਮਾਰਟ ਵੇਸਟ ਸੈਗਰੀਗੇਟਰ, 4×4 ATV ਡਿਊਲ ਆਪਰੇਟਿਡ ਫਾਇਰ ਫਾਈਟਿੰਗ ਰੋਬੋਟ, ਆਟੋਮੈਟਿਕ ਸਕੂਲ ਬੈੱਲ ਸਿਸਟਮ, ਸਮਾਰਟ ਡਸਟਬਿਨ, ਆਟੋਮੈਟਿਕ ਟ੍ਰੈਫਿਕ ਲਾਈਟ, NFC ਆਧਾਰਿਤ ਡਿਜੀਟਲ ਹਾਜ਼ਰੀ ਪ੍ਰਣਾਲੀ, ਆਟੋਮੈਟਿਕ ਵਾਟਰ ਡਿਸਪੈਂਸਰ, ਸਮਾਰਟ ਸਿੰਚਾਈ ਪ੍ਰਣਾਲੀ ਅਤੇ ਸਮਾਰਟ ਬਲਾਈਂਡ ਸਟਿਕ ਵਰਗੇ ਪ੍ਰੋਜੈਕਟ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਮੁਕਾਬਲੇ ਦੌਰਾਨ ਪ੍ਰੋਜੈਕਟਾਂ ਦਾ ਮੁਲਾਂਕਣ ਨਿਰਧਾਰਤ ਮਾਪਦੰਡਾਂ ਅਨੁਸਾਰ ਕੀਤਾ ਗਿਆ। ਨਵੀਨਤਾ ਅਤੇ ਸਿਰਜਣਾਤਮਕਤਾ ਲਈ 20 ਅੰਕ, ਤਕਨੀਕੀ ਗਿਆਨ ਅਤੇ ਕਾਰਜਸ਼ੀਲਤਾ ਲਈ 25 ਅੰਕ, ਸਮੱਸਿਆ ਦੇ ਹੱਲ ਅਤੇ ਅਸਲ ਜੀਵਨ ਵਿੱਚ ਵਰਤੋਂ ਲਈ 25 ਅੰਕ, ਪੇਸ਼ਕਾਰੀ ਅਤੇ ਪ੍ਰਦਰਸ਼ਨ ਲਈ 15 ਅੰਕ ਅਤੇ ਵਿਸ਼ੇ ਦੀ ਸਮਝ ਤੇ ਸਵਾਲ-ਜਵਾਬ ਲਈ 15 ਅੰਕ ਨਿਰਧਾਰਤ ਕੀਤੇ ਗਏ ਸਨ।
ਮੁਕਾਬਲੇ ਦੇ ਨਤੀਜੇ
ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ, ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਬਾਨੂ ਪ੍ਰਤਾਪ ਸਿੰਘ ਅਤੇ ਵਿਸ਼ਾਲ ਕੁਮਾਰ ਨੇ ਆਪਣੇ 4×4 ATV ਡਿਊਲ ਆਪਰੇਟਿਡ ਫਾਇਰ ਫਾਈਟਿੰਗ ਰੋਬੋਟ ਪ੍ਰੋਜੈਕਟ ਨਾਲ ਹਾਸਲ ਕੀਤਾ। ਇਸ ਟੀਮ ਦੀ ਗਾਈਡ ਅਧਿਆਪਕਾ ਸ਼੍ਰੀਮਤੀ ਸੁਖਵਿੰਦਰ ਕੌਰ ਸਨ। ਇਹ ਰੋਬੋਟ ਮੁਸ਼ਕਲ ਅਤੇ ਖਤਰਨਾਕ ਥਾਵਾਂ ’ਤੇ ਅੱਗ ਬੁਝਾਉਣ ਦੇ ਕੰਮ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।
ਦੂਜਾ ਸਥਾਨ ਸਰਕਾਰੀ ਹਾਈ ਸਕੂਲ ਮਟੌਰ, ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀ ਬੋਬੀ ਮਹਿਰਾ ਨੇ ਆਪਣੀ ਸਮਾਰਟ ਬਲਾਈਂਡ ਸਟਿਕ ਦੇ ਪ੍ਰੋਜੈਕਟ ਨਾਲ ਹਾਸਲ ਕੀਤਾ। ਇਸ ਪ੍ਰੋਜੈਕਟ ਦੀ ਗਾਈਡ ਅਧਿਆਪਕਾ ਸ਼੍ਰੀਮਤੀ ਕੁਲਵਿੰਦਰ ਕੌਰ ਸਨ। ਇਹ ਪ੍ਰੋਜੈਕਟ ਨੇਤਰਹੀਣ ਵਿਅਕਤੀਆਂ ਦੀ ਆਵਾਜਾਈ ਨੂੰ ਵਧੇਰੇ ਸੁਰੱਖਿਅਤ ਅਤੇ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।
ਤੀਜਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਦੀਆਂ ਵਿਦਿਆਰਥਣਾਂ ਤਮੰਨਾ ਰਾਣਾ ਅਤੇ ਅਨਵੀ ਸ਼ਰਮਾ ਨੇ ਆਪਣੇ ਆਟੋਮੈਟਿਕ LPG ਗੈਸ ਸ਼ਟਡਾਊਨ ਸਿਸਟਮ ਪ੍ਰੋਜੈਕਟ ਨਾਲ ਪ੍ਰਾਪਤ ਕੀਤਾ। ਇਸ ਟੀਮ ਦੇ ਗਾਈਡ ਅਧਿਆਪਕ ਸ਼੍ਰੀ ਅਮਨਦੀਪ ਸਨ। ਇਹ ਪ੍ਰੋਜੈਕਟ ਗੈਸ ਲੀਕੇਜ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਆਪਣੇ ਆਪ ਗੈਸ ਸਪਲਾਈ ਬੰਦ ਕਰਨ ਵਿੱਚ ਸਹਾਇਤਾ ਕਰਦਾ ਹੈ।
ਗਾਈਡ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ
ਟੈਕ ਫੇਅਰ ਵਿੱਚ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕੀ ਪ੍ਰੋਜੈਕਟ ਤਿਆਰ ਕਰਵਾਉਣ, ਉਨ੍ਹਾਂ ਦੀ ਕਾਰਜਸ਼ੀਲਤਾ ਵਿਕਸਿਤ ਕਰਨ ਅਤੇ ਪੇਸ਼ਕਾਰੀ ਲਈ ਮਾਰਗਦਰਸ਼ਨ ਦੇਣ ਵਿੱਚ ਗਾਈਡ ਅਧਿਆਪਕਾਂ ਦੀ ਭੂਮਿਕਾ ਬੇਹੱਦ ਅਹਿਮ ਰਹੀ। ਪ੍ਰੋਜੈਕਟ ਸਬਮਿਸ਼ਨ ਰਿਕਾਰਡ ਅਨੁਸਾਰ ਇਸ ਵਿੱਚ ਸੁਖਵਿੰਦਰ ਕੌਰ, ਪਲਵਿੰਦਰ ਸਿੰਘ, ਰਾਜਵੀਰ ਕੌਰ , ਗੁਰਮਿੰਦਰ ਸਿੰਘ, ਰਾਜੇਸ਼ ਕੁਮਾਰ, ਰਾਜ ਕੁਮਾਰ, ਨਰਿੰਦਰ ਸਿੰਘ, ਐੱਸ. ਰਾਜ ਕੁਮਾਰ, ਅਮਨਦੀਪ, ਇੰਦਰਜੀਤ ਕੌਰ, ਮਨਿੰਦਰ ਕੌਰ, ਰਾਜਿੰਦਰ ਕੌਰ, ਦੀਪਕ ਕੁਮਾਰ, ਨਿਰੂਪਮ ਕਾਲੀਆ, ਕੁਲਵਿੰਦਰ ਕੌਰ, ਸੰਦੀਪ ਕੁਮਾਰ ਅਤੇ ਰਵਨੀਤ ਕੌਰ ਸਮੇਤ ਹੋਰ ਗਾਈਡ ਅਧਿਆਪਕਾਂ ਨੇ ਆਪਣਾ ਯੋਗਦਾਨ ਪਾਇਆ।
ਮੁਕਾਬਲੇ ਦੇ ਅੰਤ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਇੰਦਰਜੀਤ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਟਰਾਫੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਸਹੀ ਅਗਵਾਈ ਅਤੇ ਹੌਸਲਾ ਅਫ਼ਜ਼ਾਈ ਨਾਲ ਹੀ ਵਿਦਿਆਰਥੀਆਂ ਵਿੱਚ ਨਵੀਆਂ ਕਾਢਾਂ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਸੰਦੀਪ ਕੌਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਮਿਸ਼ਨ ਰਫ਼ਤਾਰ ਰੂਪਨਗਰ ਦਿਸ਼ਾਂਤ ਮਹਿਤਾ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਮਿਸ਼ਨ ਰਫ਼ਤਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨੀਕਾਂ ਨਾਲ ਜੋੜਨਾ, ਉਨ੍ਹਾਂ ਵਿੱਚ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਨਵੇਂ ਹੱਲ ਲੱਭਣ ਦੀ ਯੋਗਤਾ ਵਿਕਸਿਤ ਕਰਨਾ ਹੈ।
ਟੈਕ ਫੇਅਰ ਦੇ ਸੁਚੱਜੇ ਪ੍ਰਬੰਧਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵੱਖ-ਵੱਖ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਅਧਿਆਪਕਾਂ ਨੇ ਰਜਿਸਟ੍ਰੇਸ਼ਨ, ਆਈਡੀ ਕਾਰਡ, ਲੰਚ ਕੂਪਨ, ਨਤੀਜਿਆਂ ਅਤੇ ਸਰਟੀਫਿਕੇਟਾਂ ਦੀ ਤਿਆਰੀ, ਸਟੇਜ ਸੰਚਾਲਨ, ਮੀਡੀਆ ਕਵਰੇਜ, ਸਟੇਜ ਪ੍ਰਬੰਧਨ, ਰਿਫਰੈਸ਼ਮੈਂਟ ਅਤੇ ਹੋਰ ਪ੍ਰਬੰਧਕੀ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਇਆ। ਇਸ ਟੀਮ ਵਿੱਚ ਨਿਧੀ ਸ਼ਰਮਾ, ਦੀਪਾਲੀ ਕਪੂਰ, ਸਤਨਾਮ ਕੌਰ, ਸੋਨਿਕਾ, ਹਰਦੀਪ ਸਿੰਘ, ਸੁਨੀਲ ਕੁਮਾਰ, ਸੋਨੀਆ, ਸੀਮਾ ਜੱਸਲ, ਲਖਵੀਰ ਸਿੰਘ, ਰਣਜੀਤ ਕੌਰ, ਨੀਰਜ ਪੁਰੀ, ਵੰਦਨਾ ਅਸਵਾਲ, ਜਗਪਾਲ ਸਿੰਘ, ਜਗਮੋਹਨ ਸਿੰਘ, ਰਾਜੇਸ਼ ਕੁਮਾਰ ਅਤੇ ਸੁਧੀਰ ਜੈਨ ਸ਼ਾਮਲ ਸਨ।



































