ਰੂਪਨਗਰ, 17 ਅਗਸਤ: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 2024 ਲਈ 1 ਜਨਵਰੀ 2023 ਦੇ ਆਧਾਰ ਤੇ ਤਿਆਰ ਕੀਤੀ ਗਈ ਵੋਟਰ ਲਿਸਟਾਂ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਸ਼ੇਸ਼ ਮੁਹਿੰਮ ਚਲਾਕੇ 20 ਅਗਸਤ ਦਿਨ ਮੰਗਲਵਾਰ, 21 ਅਗਸਤ ਦਿਨ ਬੁੱਧਵਾਰ ਅਤੇ 22 ਅਗਸਤ ਦਿਨ ਵੀਰਵਾਰ ਨੂੰ ਪਿੰਡਾਂ ਵਿੱਚ ਜਾ ਕੇ ਨਵੀਂ ਵੋਟ ਬਣਾਉਣ, ਕਟਾਉਣ ਜਾਂ ਤਬਦੀਲ ਕਰਨ ਸਬੰਧੀ ਦਰਖਾਸਤਾਂ ਪ੍ਰਾਪਤ ਕਰਨਗੇ।
ਇਸ ਸਬੰਧੀ ਜ਼ਿਲ੍ਹਾ ਚੋਣ ਅਫਸਰ ਵੱਲੋਂ ਜ਼ਿਲ੍ਹੇ ਦੇ ਸਾਰੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਐਸ.ਡੀ.ਐਮਜ਼) ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਸਾਰੇ ਕੰਮਕਾਜੀ ਦਿਨਾਂ ਦੌਰਾਨ ਵੋਟਰਾਂ ਨੂੰ ਰਜਿਸਟਰ ਕਰਨ, ਵੋਟਾਂ ਕੱਟਣ ਅਤੇ ਵੋਟਰ ਸੂਚੀ ਵਿੱਚ ਸੋਧ ਲਈ ਕ੍ਰਮਵਾਰ ਫਾਰਮ I, II ਅਤੇ III ਵਿੱਚ ਅਰਜ਼ੀਆਂ ਨੂੰ ਸਵੀਕਾਰ ਕਰਦਿਆਂ ਪੰਚਾਇਤੀ ਚੋਣਾਂ ਵਿੱਚ ਵਰਤੀ ਜਾਣ ਵਾਲੀ ਵੋਟਰ ਸੂਚੀ ਨੂੰ ਅੱਪਡੇਟ ਕਰਨ ਲਈ ਤੇਜ਼ੀ ਨਾਲ ਕੰਮ ਕਰਨ।
ਉਨ੍ਹਾਂ ਜ਼ਿਲ੍ਹੇ ਦੇ ਗ੍ਰਾਮ ਪੰਚਾਇਤਾਂ ਅਧੀਨ ਆਉਂਦੇ ਆਮ ਲੋਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਵੋਟਰ ਸੂਚੀਆਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਸਾਰੇ ਯੋਗ ਵੋਟਰ, ਜਿਨ੍ਹਾਂ ਨੇ ਅਜੇ ਤੱਕ ਵੋਟਰ ਸੂਚੀਆਂ ਵਿੱਚ ਆਪਣਾ ਨਾਮ ਦਰਜ ਨਹੀਂ ਕਰਵਾਇਆ, ਨੂੰ ਵੋਟਰ ਵਜੋਂ ਰਜਿਸਟਰ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਉਹ ਆਪਣੀ ਵੋਟ ਰਜਿਸਟਰ ਕਰਵਾਉਣ ਲਈ ਫਾਰਮ I, ਕਿਸੇ ਵੀ ਇਤਰਾਜ਼/ਵੋਟ ਕਟਾਉਣ ਲਈ ਫਾਰਮ II ਅਤੇ ਵੋਟਰ ਸੂਚੀ ਵਿੱਚ ਕਿਸੇ ਵੀ ਸੋਧ ਲਈ ਫਾਰਮ III ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਰਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਐਸ.ਡੀ.ਐਮਜ਼) ਦੇ ਦਫ਼ਤਰ ਵਿਖੇ ਉਪਲਬਧ ਹਨ ਜਾਂ ਇਨ੍ਹਾਂ ਨੂੰ “ਪੰਚਾਇਤੀ ਚੋਣਾਂ ਸਟੈਚੂਅਰੀ ਫਾਰਮਜ਼” ਅਧੀਨ ਕਮਿਸ਼ਨ ਦੀ ਵੈੱਬਸਾਈਟ sec.punjab.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 2024 ਲਈ ਵੋਟਰ ਲਿਸਟਾਂ ਨੂੰ ਅੱਪਡੇਟ ਕਰਨ ਸੰਬੰਧੀ 20, 21 ਤੇ 22 ਅਗਸਤ ਨੂੰ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ – ਜ਼ਿਲ੍ਹਾ ਚੋਣ ਅਫਸਰ