MLA Dinesh Chadha inaugurating new classrooms and NSQF lab at PM Shri Kahanpur Khuhi School.

ਨੂਰਪੁਰ ਬੇਦੀ, 31 ਮਈ: ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲਾ ਇਕ ਮਹੱਤਵਪੂਰਨ ਸਮਾਰੋਹ ਅੱਜ ਸਕੂਲ ਵਿੱਚ ਮਨਾਇਆ ਗਿਆ। ਮਾਣਯੋਗ ਐਮ ਐਲ ਏ ਐਡਵੋਕੇਟ ਦਿਨੇਸ਼ ਚੱਢਾ ਜੀ ਵੱਲੋਂ ਨਵੇਂ ਕਲਾਸਰੂਮ ਅਤੇ ਐਨ ਐਸ ਕਿਊ ਐਫ ਲੈਬ ਦਾ ਉਦਘਾਟਨ ਕੀਤਾ ਗਿਆ। ਇਹ ਸਮਾਰੋਹ ਸਿੱਖਿਆ ਖੇਤਰ ਵਿੱਚ ਇੱਕ ਵੱਡੇ ਵਿਕਾਸ ਅਤੇ ਉਨਤੀ ਨੂੰ ਦਰਸਾਉਂਦਾ ਹੈ, ਜੋ ਵਿਦਿਆਰਥੀਆਂ ਦੇ ਭਵਿੱਖ ਲਈ ਮੌਕੇ ਅਤੇ ਆਧੁਨਿਕ ਤਕਨੀਕੀ ਸਿੱਖਿਆ ਦੇ ਰਾਹ ਖੋਲ੍ਹੇਗਾ।
ਵਿਭਾਗ ਵੱਲੋਂ ਇਕ ਕਲਾਸਰੂਮ ਲਈ ₹9,55,000/- ਦੀ ਰਾਸ਼ੀ ਜਾਰੀ ਕੀਤੀ ਗਈ ਸੀ, ਪਰ ਸਕੂਲ ਦੇ ਵਿਚ ਹਾਲ ਦੀ ਕਮੀਂ ਨੂੰ ਦੇਖਦਿਆਂ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਇਕ ਬਹੁਮੰਤਵੀ ਹਾਲ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਜਿਸ ਤੇ ਅਧਿਆਪਕਾਂ ਨੇ ਫੁੱਲ ਚੜਾਏ ਅਤੇ ਸਖਤ ਮਿਹਨਤ ਨਾਲ ਬਹੁਤ ਹੀ ਸ਼ਾਨਦਾਰ ਹਾਲ ਦੀ ਉਸਾਰੀ ਕੀਤੀ ਗਈ ਜਿਸ ਦੀ ਕੁਲ ਲਾਗਤ ਲਗਭਗ ₹24,00,000/- ਤੱਕ ਪਹੁੰਚ ਗਈ। ਇਹ ਵੱਡਾ ਕਾਰਜ ਅਧਿਆਪਕਾਂ, ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਅਤੇ ਸਥਾਨਕ ਲੋਕਾਂ ਦੀ ਮਾਲੀ ਸਹਾਇਤਾ ਨਾਲ ਸੰਭਵ ਹੋ ਪਾਇਆ। ਉਹਨਾਂ ਦੇ ਸਹਿਯੋਗ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ ਹੈ।
ਉਦਘਾਟਨ ਮੌਕੇ ਮਾਣਯੋਗ ਐਮਐਲਏ ਐਡਵੋਕੇਟ ਦਿਨੇਸ਼ ਚੱਢਾ ਜੀ ਨੇ ਕਿਹਾ, “ਸਿੱਖਿਆ ਹਰ ਸਮਾਜ ਦੀ ਨੀਂਹ ਹੈ। ਇਹ ਨਵੇਂ ਕਲਾਸਰੂਮ ਅਤੇ ਲੈਬ ਵਿਦਿਆਰਥੀਆਂ ਨੂੰ ਵਿਸ਼ੇਸ਼ ਤਕਨੀਕੀ ਤੇ ਆਧੁਨਿਕ ਸਿੱਖਣ ਦੇ ਮੌਕੇ ਦਿੰਦੀਆਂ ਹਨ, ਜੋ ਉਨ੍ਹਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਗੇ। ਇਹ ਉਦਘਾਟਨ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਗਤੀ ਨੂੰ ਦਰਸਾਉਂਦਾ ਹੈ ਅਤੇ ਇਹ ਯਕੀਨੀ ਬਣਾਏਗਾ ਕਿ ਸਾਰੇ ਵਿਦਿਆਰਥੀਆਂ ਨੂੰ ਆਧੁਨਿਕ ਤੇ ਸਰਲ ਸਿੱਖਿਆ ਮਿਲੇ।”
ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਇਸ ਮੌਕੇ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ, “ਇਹ ਪ੍ਰੋਜੈਕਟ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਪਹਿਲਦਮੀ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ। ਇਹ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਸਾਕਸ਼ੀ ਹੈ। ਮੈਂ ਵਿਭਾਗ ਦੇ ਨਾਲ-ਨਾਲ ਸਾਰੇ ਅਧਿਆਪਕਾਂ, ਸਰਪੰਚਾਂ ਅਤੇ ਸਥਾਨਕ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਸਹਿਯੋਗ ਨਾਲ ਇਹ ਪ੍ਰੋਜੈਕਟ ਸੰਭਵ ਹੋ ਸਕਿਆ।”
ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਇੱਕ ਵਿਸ਼ੇਸ਼ ਨਾਟਕ (ਡ੍ਰਾਮਾ) ਦਾ ਮੰਚਨ ਕੀਤਾ। ਇਸ ਪਲੇਅ ਵਿੱਚ ਵਿਦਿਆਰਥੀਆਂ ਨੇ ਨਸ਼ਿਆਂ ਦੇ ਨੁਕਸਾਨਾਂ, ਇਸ ਨਾਲ ਸੰਬੰਧਿਤ ਸਮਾਜਿਕ ਮਸਲਿਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਜ਼ਰੂਰਤ ਬਾਰੇ ਲੋਕਾਂ ਨੂੰ ਸੰਦੇਸ਼ ਦਿੱਤਾ।
ਪਲੇਅ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੇ ਦਿਖਾਇਆ ਕਿ ਨਸ਼ਾ ਸਿਰਫ਼ ਇਕ ਵਿਅਕਤੀ ਹੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਵਿਦਿਆਰਥੀਆਂ ਨੇ ਆਪਣੇ ਕਿਰਦਾਰਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ ਅਤੇ ਦਰਸ਼ਕਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਇੱਕਜੁਟ ਹੋਣ ਦਾ ਅਹਿਸਾਸ ਦਿਵਾਇਆ।