ਰੂਪਨਗਰ, 21 ਅਗਸਤ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਸਕਾਲਰਸ਼ਿਪ ਪੋਰਟਲ 2024-25 ਤੇ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਨੂੰ ਵਜੀਫੇ ਅਪਲਾਈ ਕਰਨ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਹੋਇਆ ਹੈ। ਇਸ ਪੋਰਟਲ ਤੇ 30 ਜੂਨ 2024 ਤੋਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰਨ ਲਈ ਪੋਰਟਲ ਖੋਲ ਦਿੱਤਾ ਗਿਆ ਹੈ ਜਿਸ ਦੀ ਆਖਰੀ 31 ਅਗਸਤ 2024 ਹੈ ਅਤੇ ਪੋਸਟ ਮੈਟ੍ਰਿਕ ਅਤੇ ਟਾਪ ਕਲਾਸ ਸਕਾਲਰਸ਼ਿਪ ਤੇ 31 ਅਕਤੂਬਰ 2024 ਤੱਕ ਅਪਲਾਈ ਕੀਤਾ ਜਾ ਸਕਦਾ ਹੈ ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਇਨ੍ਹਾਂ ਸਕਾਲਰਸ਼ਿਪ ਸਕੀਮਾਂ ਦਾ ਮੁੱਖ ਉਦੇਸ਼ ਅਨੁਸੂਚਿਤ ਜਾਤੀਆਂ ਤੇ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਦੀ ਸਿੱਖਿਆ ਤੇ ਉਚੇਰੀ ਸਿੱਖਿਆ ਦੇ ਦਾਖਲਾ ਅਨੁਪਾਤ ਵਿੱਚ ਵਾਧਾ ਕਰਨਾ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਦੇ ਲਈ ਉਤਸ਼ਾਹਿਤ ਕਰਨਾ ਹੈ, ਤਾਂ ਜੋ ਲੋੜਵੰਦ ਵਰਗ ਦੇ ਵਿਦਿਆਰਥੀ ਵੀ ਸਿੱਖਿਆ ਹਾਸਲ ਕਰਕੇ ਆਤਮ ਨਿਰਭਰ ਬਣ ਸਕਣ ਜਿਸ ਰਾਹੀਂ ਹੀ ਇਹ ਸਿੱਖਿਅਤ ਵਿਦਿਆਰਥੀ ਆਪਣਾ ਸਮਾਜਿਕ ਅਤੇ ਆਰਥਿਕ ਪੱਧਰ ਮਜ਼ਬੂਤ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਤੇ ਕਾਲਜਾਂ ਦੇ ਮੁਖੀਆਂ ਨੂੰ ਯੋਗ ਵਿਦਿਆਰਥੀਆਂ ਦੇ ਵਜੀਫੇ ਲਈ ਅਪਲਾਈ ਕਰਵਾਉਣ ਦੀ ਹਦਾਇਤ ਕੀਤੀ ਹੈ, ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵਿਦਆਰਥੀ ਇਨ੍ਹਾਂ ਸਕਾਲਰਸ਼ਿਪਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।