Safer Internet Day celebrated under the theme “Smart Tech, Safe Choices – Safe and Responsible Use of AI”
ਰੂਪਨਗਰ, 10 ਫਰਵਰੀ: “ਸਮਾਰਟ ਟੈਕ, ਸੁਰੱਖਿਅਤ ਵਿਕਲਪ – ਏਆਈ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ” ਵਿਸ਼ੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ (ਲੜਕੀਆਂ) ਵਿਖੇ ਅੱਜ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ।
ਐਨਆਈਸੀ ਟੀਮ ਇੰਜੀਨੀਅਰ ਬੱਬਰਜੀਤ ਸਿੰਘ ਵੱਲੋਂ ਵਿਦਿਆਰਥੀਆ ਨਾਲ ਇੱਕ ਪੀਪੀਟੀ ਸਾਂਝੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਸਾਈਬਰ ਸੁਰੱਖਿਆ ਅਤੇ ਇੰਟਰਨੈਟ ਧੋਖਾਧੜੀ ਬਾਰੇ ਦੱਸਿਆ ਗਿਆ।
ਉਨ੍ਹਾਂ ਦੱਸਿਆ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਹਰ ਕੰਮ ਆਨਲਾਈਨ ਹੋ ਰਿਹਾ ਹੈ, ਉੱਥੇ ਸਾਈਬਰ ਸੁਰੱਖਿਆ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਨਾਗਰਿਕਾਂ ਨੂੰ ਆਪਣੇ ਡਾਟਾ ਦੀ ਸੁਰੱਖਿਆ ਲਈ ਜਾਗਰੂਕ ਕਰਨ ਦੀ ਲੋੜ ਬੇਹੱਦ ਮਹੱਤਵਪੂਰਨ ਬਣ ਚੁੱਕੀ ਹੈ।
ਐਨਆਈਸੀ ਟੀਮ ਇੰਜੀਨੀਅਰ ਨੇ ਦੱਸਿਆ ਕਿ ਸਾਈਬਰ ਅਪਰਾਧ ਜਿਵੇਂ ਕਿ ਠੱਗੀ, ਹੈਕਿੰਗ, ਡਾਟਾ ਚੋਰੀ, ਫਿਸ਼ਿੰਗ ਅਤੇ ਵਾਇਰਸ ਹਮਲੇ ਰੋਜ਼ਾਨਾ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਨੌਜਵਾਨਾਂ ਅਤੇ ਬਿਜ਼ਨੈਸਮੈਨਾ ਨੂੰ ਟਾਰਗਟ ਕੀਤਾ ਜਾ ਰਿਹਾ ਹੈ। ਇਨ੍ਹਾਂ ਹਮਲਿਆਂ ਰਾਹੀਂ ਨਿੱਜੀ ਜਾਣਕਾਰੀ ਚੋਰੀ ਕਰਕੇ ਮਾਲੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਇਸ ਲਈ ਹਰ ਇੱਕ ਇੰਟਰਨੈੱਟ ਯੂਜ਼ਰ ਲਈ ਜਰੂਰੀ ਹੈ ਕਿ ਉਹ ਸਾਵਧਾਨ ਰਹੇ ਅਤੇ ਕੁਝ ਮੁੱਖ ਸਾਵਧਾਨੀਆਂ ਅਪਣਾਵੇ।
ਸਾਈਬਰ ਸੁਰੱਖਿਆ ਦੀ ਮੁੱਖ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿਕਦੇ ਵੀ ਅਣਜਾਣ ਲਿੰਕ ‘ਤੇ ਕਲਿੱਕ ਨਾ ਕਰੋ, ਆਪਣੇ ਪਾਸਵਰਡ ਨੂੰ ਮਜ਼ਬੂਤ ਅਤੇ ਨਿਯਮਤ ਤੌਰ ‘ਤੇ ਬਦਲੋ, ਦੋ-ਪਦਰੀ ਤਸਦੀਕ ਦੀ ਵਰਤੋ ਕਰੋ, ਆਪਣੇ ਕੰਪਿਊਟਰ ਅਤੇ ਮੋਬਾਈਲ ਵਿੱਚ ਐਂਟੀ-ਵਾਇਰਸ ਸਾਫਟਵੇਅਰ ਇੰਸਟਾਲ ਰੱਖੋ, ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਤੋਂ ਬਚੋ।
ਉਨ੍ਹਾਂ ਦੱਸਿਆ ਜਾਂਦਾ ਕਿ ਪੰਜਾਬ ਸਰਕਾਰ ਵੱਲੋਂ ਵੀ ਸਾਈਬਰ ਅਪਰਾਧਾਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਸਾਈਬਰ ਸੁਰੱਖਿਆ ਸੈੱਲ ਕਾਇਮ ਕਰਕੇ ਵਿਦਿਆਰਥੀਆਂ ਅਤੇ ਆਮ ਜਨਤਾ ਲਈ ਵਰਕਸ਼ਾਪਾਂ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ। ਪੁਲਿਸ ਵਿਭਾਗ ਵੱਲੋਂ ਵੀ ਸਾਈਬਰ ਅਪਰਾਧਾਂ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਸਭ ਨਾਗਰਿਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਹ ਕਿਸੇ ਵੀ ਤਰ੍ਹਾਂ ਦੇ ਸਾਈਬਰ ਹਮਲੇ ਜਾਂ ਠੱਗੀ ਦਾ ਸ਼ਿਕਾਰ ਹੁੰਦੇ ਹਨ ਤਾਂ ਤੁਰੰਤ ਆਪਣੇ ਨੇੜਲੇ ਸਾਈਬਰ ਥਾਣੇ ਜਾਂ www.cybercrime.gov.in ਜਾਂ 1930 ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ।
ਇਸ ਮੌਕੇ ‘ਸੁਰੱਖਿਅਤ ਡਿਜੀਟਲ ਭਵਿੱਖ ਲਈ, ਆਓ ਸਭ ਮਿਲ ਕੇ ਜਾਗਰੂਕ ਬਣੀਏ’ ਦਾ ਨਾਅਰਾ ਵੀ ਦਿੱਤਾ ਗਿਆ।
ਇਸ ਮੌਕੇ ਡੀ.ਆਈ.ਓ. ਸ਼੍ਰੀਮਤੀ ਮੌਸਮ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੰਦੀਪ ਕੌਰ ਅਤੇ ਹੋਰ ਸਟਾਫ਼ ਮੈਂਬਰ ਮੈਡਮ ਮੋਨਿਕਾ, ਬਲਵਿੰਦਰ ਕੌਰ, ਮਾਇਆ ਦੇਵੀ, ਰਾਜੇਸ਼ਵਰੀ ਅਤੇ ਇੰਜੀਨੀਅਰ ਰਣਦੀਪ ਸਿੰਘ, ਡੀਆਰਐਮ ਬਲਜੀਤ ਸਿੰਘ ਹਾਜ਼ਰ ਸਨ।


















