ਜਿਲ੍ਹਾ ਪੱਧਰੀ ਸਾਇੰਸ ਸੈਮੀਨਾਰ-2026 ਵਿੱਚ ਵਿਦਿਆਰਥੀਆਂ ਨੇ ਦਿਖਾਈ ਵਿਗਿਆਨਕ ਪ੍ਰਤਿਭਾ
‘Indian Energy Basket 2047: Prospects and Challenges’ ਵਿਸ਼ੇ ’ਤੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਰੂਪਨਗਰ, 7 ਅਕਤੂਬਰ — ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਦੇ ਆਦੇਸ਼ਾਂ ਅਨੁਸਾਰ ਅਤੇ ਡੀ.ਆਰ.ਸੀ. ਵਿਪਿਨ ਕਟਾਰੀਆ ਦੀ ਨਿਗਰਾਨੀ ਹੇਠ National Science Centre, National Council of Science Museums, Ministry of Culture, Government of India, New Delhi ਵੱਲੋਂ 8ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ-2026 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਕਰਵਾਇਆ ਗਿਆ।
ਇਸ ਸਾਲ ਦੇ ਸੈਮੀਨਾਰ ਦਾ ਵਿਸ਼ਾ “Indian Energy Basket 2047: Prospects and Challenges” ਰਿਹਾ। ਬਲਾਕ ਪੱਧਰ ’ਤੇ ਪਹਿਲੀਆਂ ਦੋ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਾਗ ਲੈਂਦਿਆਂ ਆਪਣੇ ਵਿਗਿਆਨਕ ਗਿਆਨ, ਤਰਕਸ਼ੀਲ ਸੋਚ ਅਤੇ ਪੇਸ਼ਕਾਰੀ ਕੌਸ਼ਲ ਦਾ ਪ੍ਰਦਰਸ਼ਨ ਕੀਤਾ।
ਮੁਕਾਬਲੇ ਦੀ ਜੱਜਮੈਂਟ ਲਈ ਸ਼੍ਰੀ ਯਾਦਵਿੰਦਰ ਸਿੰਘ, ਲੈਕਚਰਾਰ ਕੈਮਿਸਟਰੀ, PM SHRI ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੁਲਪੁਰ ਗਰੇਵਾਲ; ਸ਼੍ਰੀਮਤੀ ਦਵਿੰਦਰ ਕੌਰ, ਲੈਕਚਰਾਰ ਫਿਜ਼ਿਕਸ, ਸਕੂਲ ਆਫ਼ ਐਮੀਨੈਂਸ ਰੂਪਨਗਰ ਅਤੇ ਸ਼੍ਰੀਮਤੀ ਸਿਲਕੀ ਭੱਲਾ, ਸਾਇੰਸ ਮਿਸਟ੍ਰੈਸ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਨੇ ਜੱਜ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਈ।
ਮੁਕਾਬਲੇ ਵਿੱਚ ਰਿਹਾਨਾ ਮਲਿਕ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਨੇ ਪਹਿਲਾ ਸਥਾਨ ਹਾਸਲ ਕੀਤਾ। ਯੋਗਿਤਾ, ਸਰਕਾਰੀ ਮਿਡਲ ਸਕੂਲ ਨੰਗਲੀ ਨੇ ਦੂਜਾ ਅਤੇ ਨਵਦੀਪ ਕੌਰ, ਸਰਕਾਰੀ ਹਾਈ ਸਕੂਲ ਬਾਜ਼ੀਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰਿਹਾਨਾ ਮਲਿਕ ਅਤੇ ਯੋਗਿਤਾ ਨੇ ਪੰਜਾਬੀ, ਜਦਕਿ ਨਵਦੀਪ ਕੌਰ ਨੇ ਅੰਗਰੇਜ਼ੀ ਭਾਸ਼ਾ ਵਿੱਚ ਆਪਣੀ ਪੇਸ਼ਕਾਰੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਵਿਗਿਆਨਕ ਸੋਚ ਅਤੇ ਖੋਜੀ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੀ ਸ਼ਲਾਘਾ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਪਨ ਕਟਾਰੀਆ, ਡੀ.ਆਰ.ਸੀ. ਰੂਪਨਗਰ ਨੇ ਦੱਸਿਆ ਕਿ ਸਾਇੰਸ ਸੈਮੀਨਾਰ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਖੋਜੀ ਰੁਝਾਨ ਅਤੇ ਪੇਸ਼ਕਾਰੀ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਜੇਤੂ ਵਿਦਿਆਰਥਣ ਰਿਹਾਨਾ ਮਲਿਕ ਨੂੰ ਅਗਲੇ ਪੱਧਰ ਦੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ 9 ਅਕਤੂਬਰ ਨੂੰ ਸਕੂਲ ਆਫ਼ ਐਮੀਨੈਂਸ (SOE), ਨਵਾਂਸ਼ਹਿਰ ਵਿਖੇ ਹੋਣ ਵਾਲੇ ਸਟੇਟ ਪੱਧਰੀ ਮੁਕਾਬਲੇ ਸਬੰਧੀ ਲੋੜੀਂਦੀਆਂ ਗਾਈਡਲਾਈਨਜ਼ ਵੀ ਸਾਂਝੀਆਂ ਕੀਤੀਆਂ ਗਈਆਂ, ਤਾਂ ਜੋ ਵਿਦਿਆਰਥਣ ਅਗਲੇ ਪੜਾਅ ਲਈ ਪੂਰੀ ਤਿਆਰੀ ਨਾਲ ਭਾਗ ਲੈ ਸਕੇ।





















