One-day workshop organized at Government Girls Senior Secondary School Nangal under Kishore Education Program
ਨੰਗਲ /ਰੂਪਨਗਰ, 17 ਫਰਵਰੀ: ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ, ਜ਼ਿਲ੍ਹਾ ਰੂਪਨਗਰ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਇੱਕ ਰੋਜ਼ਾ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬਲਾਕ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਕਿਸ਼ੋਰ ਸਿੱਖਿਆ ਨਾਲ ਸੰਬੰਧਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਨਿਓਮੀ ਅਤੇ ਡਾ. ਪ੍ਰਾਂਜਲੀ ਵੱਲੋਂ ਵਿਦਿਆਰਥੀਆਂ ਨੂੰ ਕਿਸ਼ੋਰ ਅਵਸਥਾ ਦੌਰਾਨ ਆਉਣ ਵਾਲੇ ਸ਼ਾਰੀਰੀਕ, ਮਾਨਸਿਕ ਅਤੇ ਭਾਵਨਾਤਮਕ ਬਦਲਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ, ਸਫਾਈ, ਸੰਤੁਲਿਤ ਆਹਾਰ ਅਤੇ ਸਹੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਵੀ ਰੁਚੀ ਨਾਲ ਭਾਗ ਲੈਂਦਿਆਂ ਆਪਣੇ ਸਵਾਲ ਪੁੱਛੇ ਅਤੇ ਲਾਭਦਾਇਕ ਜਾਣਕਾਰੀ ਪ੍ਰਾਪਤ ਕੀਤੀ।

ਸਕੂਲ ਦੀ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਵਿਜੇ ਬੰਗਲਾ ਨੇ ਪਹੁੰਚੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਹਨ।
ਇਸ ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਲੈਕਚਰਾਰ ਬਾਇਓਲੋਜੀ ਸ਼੍ਰੀਮਤੀ ਮੀਨਾਕਸ਼ੀ, ਲੈਕਚਰਾਰ ਫਿਜ਼ਿਕਸ ਸ਼੍ਰੀਮਤੀ ਗੀਤਾ ਵਧਾਵਨ ਅਤੇ ਲੈਕਚਰਾਰ ਮੈਥ ਸ਼੍ਰੀਮਤੀ ਨਲਿਨੀ ਸ਼ਰਮਾ ਨੇ ਮਹੱਤਵਪੂਰਨ ਯੋਗਦਾਨ ਪਾਇਆ।
ਅੰਤ ਵਿੱਚ ਸਭ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਨੂੰ ਬਹੁਤ ਹੀ ਜਾਣਕਾਰੀਭਰਪੂਰ ਅਤੇ ਲਾਭਦਾਇਕ ਕਰਾਰ ਦਿੱਤਾ। ਸਕੂਲ ਪ੍ਰਬੰਧਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

















