NEET Exam Preparations Complete, Says Deputy Commissioner
- ਜ਼ਿਲ੍ਹੇ ਦੇ 05 ਸਕੂਲਾਂ ਵਿਖੇ ਹੋਵੇਗੀ ਨੀਟ ਪ੍ਰੀਖਿਆ
- ਨੀਟ ਪ੍ਰੀਖਿਆ ਲਈ ਪੁਲਿਸ ਵੱਲੋਂ ਪੁਖ਼ਤਾ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ – ਐੱਸ.ਐੱਸ.ਪੀ. ਮਨਿੰਦਰ ਸਿੰਘ
ਰੂਪਨਗਰ, 19 ਜੂਨ: ਜ਼ਿਲ੍ਹਾ ਰੂਪਨਗਰ ਵਿੱਚ 21 ਜੂਨ 2026 ਦਿਨ ਐਤਵਾਰ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੀਆਂ) ਰੂਪਨਗਰ, ਸਕੂਲ ਆਫ਼ ਐਮੀਂਨਸ ਰੂਪਨਗਰ, ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆ (ਸ੍ਰੀ ਚਮਕੌਰ ਸਾਹਿਬ), ਕੇਂਦਰੀ ਵਿਦਿਆਲਿਆ ਖਾਨਪੁਰ ਅਤੇ ਕੇਂਦਰੀ ਵਿਦਿਆਲਿਆ (ਆਈਆਈਟੀ, ਰੂਪਨਗਰ) ਵਿਖੇ 21 ਜੂਨ 2026 ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਸ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਕਸ਼ਿਤਾ ਗੁਪਤਾ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਸੈਕਟਰ ਅਫ਼ਸਰ ਅਤੇ ਡਿਊਟੀ ਮੈਜਿਸਟਰੇਟ ਵੀ ਤਾਇਨਾਤ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਪ੍ਰੀਖਿਆ ਕੇਂਦਰ ਵਿੱਚ ਸਾਫ਼-ਸਫ਼ਾਈ, ਸੈਂਟਰਾਂ ਵਿਖੇ ਤਜਰਬੇਕਾਰ ਸਟਾਫ, ਪੀਣ ਵਾਲੇ ਸਾਫ਼ ਪਾਣੀ, ਬਿਜਲੀ ਆਦਿ ਦੇ ਪ੍ਰਬੰਧਾਂ, ਪੁਲਿਸ ਵਿਭਾਗ ਨੂੰ ਸੁਰੱਖਿਆ ਪ੍ਰਬੰਧ, ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਪਲਾਨ ਤਿਆਰ ਕਰਨ, ਬਿਜਲੀ ਵਿਭਾਗ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਉਣ, ਸਿਵਲ ਸਰਜਨ ਦਫ਼ਤਰ ਨੂੰ ਮੈਡੀਕਲ ਟੀਮ ਤਾਇਨਾਤ ਕਰਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਉਨ੍ਹਾਂ ਨਾਲ ਸਬੰਧਤ ਕੰਮਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਨੀਟ ਦੀ ਪ੍ਰੀਖਿਆ ਪੂਰੀ ਪਾਰਦਰਸ਼ਤਾ ਅਤੇ ਸੁਖਾਵੇਂ ਮਾਹੌਲ ਵਿੱਚ ਹੋਵੇ, ਇਸ ਲਈ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਆਪੋ ਆਪਣੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।

ਐੱਸ.ਐੱਸ.ਪੀ. ਰੂਪਨਗਰ ਸ. ਮਨਿੰਦਰ ਸਿੰਘ ਨੇ ਕਿਹਾ ਕਿ ਨੀਟ ਪ੍ਰੀਖਿਆ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰੀਖਿਆ ਕੇਂਦਰਾਂ ‘ਤੇ ਲੋੜੀਂਦਾ ਪੁਲਿਸ ਬਲ ਤਾਇਨਾਤ ਕੀਤਾ ਜਾਵੇਗਾ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਵਿਸ਼ੇਸ਼ ਟ੍ਰੈਫਿਕ ਪਲਾਨ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਪ੍ਰੀਖਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਪ੍ਰੀਖਿਆ ਕੇਂਦਰਾਂ ‘ਤੇ ਪਹੁੰਚਣ ਅਤੇ ਪ੍ਰੀਖਿਆ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸਚਿਨ ਪਾਠਕ, ਆਰਟੀਏ ਰਾਜਪਾਲ ਸਿੰਘ ਸੇਖੋਂ, ਐਸਡੀਐਮ ਮੋਰਿੰਡਾ ਚੇਤਨ ਬੰਗੜ, ਜ਼ਿਲ੍ਹਾ ਮਾਲ ਅਫ਼ਸਰ ਜਸਵਿੰਦਰ ਸਿੰਘ, ਜਨਰਲ ਮੈਨੇਜਰ ਰੋਡਵੇਜ਼ ਪਰਮਵੀਰ ਸਿੰਘ, ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਡਾ. ਕਿੰਮੀ ਵਨੀਤ ਕੌਰ ਸੇਠੀ, ਸਿਹਤ ਵਿਭਾਗ ਤੋਂ ਡਾ. ਅੰਜਲੀ ਚੌਧਰੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ, ਜਵਾਹਰ ਨਵੋਦਿਆ ਵਿਦਿਆਲਿਆ, ਸੰਧੂਆਂ ਦੇ ਪ੍ਰਿੰਸੀਪਲ ਰਤਨ ਲਾਲ ਗੁਪਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਪ੍ਰਿੰਸੀਪਲ ਸੰਦੀਪ ਕੌਰ, ਪ੍ਰਿੰਸੀਪਲ ਵਿਭਾ ਰਾਣੀ, ਪ੍ਰਿੰਸੀਪਲ ਅਪਰਣਾ ਰੇਅ, ਪ੍ਰਿੰਸੀਪਲ ਮਨੋਰੰਜਨ ਕੌਰ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

















