Khedan Watan Punjab Diyan 2026: DC Aditya Dechalwal, SSP Maninder Singh & ADC Chandrajyoti Singh Launch QR Code for Registration

ਜ਼ਿਲ੍ਹਾ ਵਾਸੀਆਂ, ਖਿਡਾਰੀਆਂ, ਕੋਚਾਂ ਅਤੇ ਅਧਿਆਪਕਾਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਦੀ ਕੀਤੀ ਅਪੀਲ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵੱਲ ਲਿਜਾਣ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਸਬੰਧ ਵਿੱਚ ਜ਼ਿਲ੍ਹਾ ਰੂਪਨਗਰ ਵਿੱਚ ਵੀ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ, ਐੱਸ.ਐੱਸ.ਪੀ. ਮਨਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਵਿੱਚ ਖਿਡਾਰੀਆਂ ਦੀ ਰਜਿਸਟਰੇਸ਼ਨ ਲਈ “ਕਿਉ ਆਰ ਕੋਡ” (ਕੁਇਕ ਰਿਸਪੌਂਸ ਕੋਡ) ਜਾਰੀ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਮੁਕਾਬਲੇ ਦੀ ਭਾਵਨਾ, ਅਨੁਸ਼ਾਸਨ ਅਤੇ ਟੀਮ ਭਾਵਨਾ ਪੈਦਾ ਕਰਨ ਲਈ ਇੱਕ ਮਹੱਤਵਪੂਰਨ ਮੰਚ ਹੈ। ਜਿਸ ਲਈ ਖਿਡਾਰੀਆਂ ਦੀ ਸਹੂਲਤ ਲਈ “ਕਿਉ ਆਰ ਕੋਡ” ਜਾਰੀ ਕੀਤਾ ਗਿਆ ਹੈ ਜਿਸ ਨਾਲ ਖਿਡਾਰੀ ਆਸਾਨੀ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਹੀ ਨਹੀਂ, ਸਗੋਂ ਨੌਜਵਾਨਾਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਰੂਪਨਗਰ ਦਾ ਨਾਮ ਰੌਸ਼ਨ ਕਰਨ।
ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮਾਜ ਨੂੰ ਸਿਹਤਮੰਦ, ਅਨੁਸ਼ਾਸਿਤ ਅਤੇ ਨਸ਼ਾ-ਮੁਕਤ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਖੇਡਾਂ ਨੌਜਵਾਨਾਂ ਵਿੱਚ ਸਕਾਰਾਤਮਕ ਸੋਚ, ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਗਲਤ ਸੰਗਤ ਅਤੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਇਕ ਸਾਬਤ ਹੁੰਦੀਆਂ ਹਨ।
ਉਨ੍ਹਾਂ ਖਿਡਾਰੀਆਂ, ਕੋਚਾਂ, ਖੇਡ ਸੰਸਥਾਵਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ ਅਤੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ।
ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਖੇਡਾਂ ਦੀ ਸਫਲਤਾਪੂਰਵਕ ਮੇਜ਼ਬਾਨੀ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਖੇਡ ਵਿਭਾਗ, ਖੇਡ ਸੰਸਥਾਵਾਂ, ਕੋਚਾਂ ਅਤੇ ਅਧਿਆਪਕਾਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰ ਵਰਗ ਦੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇ, ਇਸ ਲਈ ਖਿਡਾਰੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ।
ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਬਲਾਕ ਪੱਧਰੀ ਖੇਡ ਮੁਕਾਬਲੇ 7 ਸਤੰਬਰ ਤੋਂ 15 ਸਤੰਬਰ ਤੱਕ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਐਥਲੈਟਿਕਸ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋ-ਖੋ, ਵਾਲੀਬਾਲ ਸਮੈਸ਼ਿੰਗ, ਫੁੱਟਬਾਲ ਅਤੇ ਟੈਨਿਸ ਬਾਲ ਕ੍ਰਿਕਟ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 21 ਸਤੰਬਰ ਤੋਂ 30 ਸਤੰਬਰ ਤੱਕ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰ ’ਤੇ ਐਥਲੈਟਿਕਸ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋ-ਖੋ, ਵਾਲੀਬਾਲ ਸਮੈਸ਼ਿੰਗ, ਫੁੱਟਬਾਲ, ਟੈਨਿਸ ਬਾਲ ਕ੍ਰਿਕਟ, ਬੈਡਮਿੰਟਨ, ਕਿੱਕ ਬਾਕਸਿੰਗ, ਰੋਲਰ ਸਕੇਟਿੰਗ ਅਤੇ ਸ਼ੂਟਿੰਗ ਸਮੇਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਹੋਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਭਾਗ ਲੈ ਸਕਦੇ ਹਨ। ਖਿਡਾਰੀ ਆਪਣੀ ਰਜਿਸਟ੍ਰੇਸ਼ਨ ਖੇਡ ਵਿਭਾਗ ਦੇ ਪੋਰਟਲ https://sports.punjab.gov.in/
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡ ਸੰਸਥਾਵਾਂ, ਕੋਚਾਂ, ਸਕੂਲਾਂ-ਕਾਲਜਾਂ ਦੇ ਅਧਿਆਪਕਾਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ। ਅਧਿਕਾਰੀਆਂ ਨੇ ਕਿਹਾ ਕਿ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਨਾਲ ਨਾ ਸਿਰਫ਼ ਖੇਡਾਂ ਨੂੰ ਉਤਸ਼ਾਹ ਮਿਲੇਗਾ, ਸਗੋਂ ਜ਼ਿਲ੍ਹੇ ਵਿੱਚ ਖੇਡਾਂ ਪ੍ਰਤੀ ਇੱਕ ਨਵੀਂ ਅਤੇ ਮਜ਼ਬੂਤ ਲਹਿਰ ਵੀ ਪੈਦਾ ਹੋਵੇਗੀ।

















