ਅੰਤਰਰਾਸ਼ਟਰੀ ਯੋਗ ਦਿਵਸ

ਯੋਗ ਇੱਕ ਪ੍ਰਾਚੀਨ ਭਾਰਤੀ ਵਿਗਿਆਨ ਹੈ ਜੋ ਸਰੀਰ, ਮਨ ਅਤੇ ਆਤਮਾ ਨੂੰ ਇੱਕ ਰੂਪ ਵਿੱਚ ਜੋੜਦਾ ਹੈ। ਇਸ ਲਈ ਹਰ ਸਾਲ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਸਾਲ 2026 ਵਿੱਚ ਇਸ ਦਾ 12ਵਾਂ ਸੰਸਕਰਣ ਹੈ ਅਤੇ ਇਸ ਵਾਰ ਦਾ ਥੀਮ ਹੈ “ਯੋਗ ਫੋਰ ਹੈਲਦੀ ਏਜਿੰਗ”। ਇਸ ਥੀਮ ਰਾਹੀਂ ਯੋਗ ਨੂੰ ਉਮਰ ਵਧਣ ਨਾਲ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾਅ ਅਤੇ ਸਿਹਤਮੰਦ ਬੁਢਾਪੇ ਲਈ ਇੱਕ ਵਧੀਆ ਉਪਾਅ ਵਜੋਂ ਉਭਾਰਿਆ ਜਾ ਰਿਹਾ ਹੈ। ਇਸ ਦਿਨ ਲੋਕ ਯੋਗ ਰਾਹੀਂ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਆਤਮਿਕ ਵਿਕਾਸ ਲਈ ਇੱਕਜੁੱਟ ਹੁੰਦੇ ਹਨ।

ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਤੋਂ ਹੋਈ ਸੀ। ਸਾਲ 2014 ਵਿੱਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਯੋਗ ਨੂੰ ਵਿਸ਼ਵ ਪੱਧਰ ਤੇ ਉਜਾਗਰ ਕੀਤਾ ਅਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਘੋਸ਼ਿਤ ਕਰਨ ਦਾ ਪ੍ਰਸਤਾਵ ਰੱਖਿਆ। ਇਸ ਪ੍ਰਸਤਾਵ ਨੂੰ 177 ਦੇਸ਼ਾਂ ਨੇ ਸਮਰਥਨ ਦਿੱਤਾ ਅਤੇ ਦਸੰਬਰ 2014 ਵਿੱਚ ਇਸ ਨੂੰ ਰਸਮੀ ਤੌਰ ਤੇ ਮਨਜ਼ੂਰੀ ਮਿਲੀ। ਇਸ ਲਈ 21 ਜੂਨ ਦੀ ਚੋਣ ਇਸ ਲਈ ਕੀਤੀ ਗਈ ਕਿਉਂਕਿ ਇਹ ਉੱਤਰੀ ਗੋਲਾਧਾਰ ਵਿੱਚ ਸਭ ਤੋਂ ਲੰਮਾ ਦਿਨ ਹੁੰਦਾ ਹੈ ਅਤੇ ਯੋਗ ਨਾਲ ਜੁੜੀ ਪ੍ਰਕਿਰਤੀਕ ਊਰਜਾ ਸਭ ਤੋਂ ਵੱਧ ਹੁੰਦੀ ਹੈ। ਇਸ ਤੋਂ ਬਾਅਦ ਇਹ ਦਿਨ ਵਿਸ਼ਵ ਭਰ ਵਿੱਚ ਇੱਕ ਵੱਡਾ ਤਿਉਹਾਰ ਬਣ ਗਿਆ ਹੈ।
ਯੋਗ ਦੀਆਂ ਜੜ੍ਹਾਂ ਹਜ਼ਾਰਾਂ ਸਾਲ ਪੁਰਾਣੀਆਂ ਹਨ। ਇਹ ਭਾਰਤੀ ਰਿਸ਼ੀਆਂ ਅਤੇ ਮੁਨੀਆਂ ਦੀ ਦੇਣ ਹੈ। ਪਤੰਜਲੀ ਮੁਨੀ ਨੇ ਯੋਗ ਸੂਤਰ ਵਿੱਚ ਯੋਗ ਨੂੰ ਵਿਵਸਥਿਤ ਰੂਪ ਵਿੱਚ ਪੇਸ਼ ਕੀਤਾ। ਯੋਗ ਅਸਨ, ਪ੍ਰਾਣਾਯਾਮ, ਧਿਆਨ ਅਤੇ ਯਮ-ਨਿਯਮ ਵਰਗੀਆਂ ਤਕਨੀਕਾਂ ਰਾਹੀਂ ਇਹ ਸਰੀਰ ਅਤੇ ਮਨ ਨੂੰ ਸੰਤੁਲਿਤ ਰੱਖਦਾ ਹੈ। ਆਧੁਨਿਕ ਜੀਵਨ ਵਿੱਚ ਤਣਾਅ, ਬੇਰੁਜ਼ਗਾਰੀ, ਗਲਤ ਖਾਣ-ਪੀਣ ਵਾਲੀ ਰੋਜ਼ਾਨਾ ਰੁਟੀਨ ਕਾਰਨ ਲੋਕ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਯੋਗ ਇਨ੍ਹਾਂ ਸਮੱਸਿਆਵਾਂ ਲਈ ਇੱਕ ਕੁਦਰਤੀ ਅਤੇ ਪ੍ਰਭਾਵਸ਼ਾਲੀ ਉਪਾਅ ਹੈ। ਇਹ ਨਾ ਸਿਰਫ਼ ਸਰੀਰ ਨੂੰ ਲਚਕੀਲਾ ਬਣਾਉਂਦਾ ਹੈ ਬਲਕਿ ਇਮਿਊਨਿਟੀ ਵਧਾਉਂਦਾ ਹੈ, ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ ਅਤੇ ਚਿੰਤਾ ਤੇ ਡਿਪਰੈਸ਼ਨ ਘਟਾਉਂਦਾ ਹੈ।
“ਯੋਗ ਫਾਰ ਹੈਲਦੀ ਏਜਿੰਗ” ਥੀਮ ਬੁਢਾਪੇ ਵਿੱਚ ਵੀ ਸਿਹਤਮੰਦ ਰਹਿਣ ਤੇ ਖਾਸ ਧਿਆਨ ਦਿੰਦਾ ਹੈ। ਉਮਰ ਵਧਣ ਨਾਲ ਹੱਡੀਆਂ ਖੋਖਲੀਆਂ ਹੋਣਾ, ਜੋੜਾਂ ਦਾ ਦਰਦ, ਯਾਦਦਾਸ਼ਤ ਘਟਣਾ ਅਤੇ ਇਕੱਲਤ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਯੋਗ ਇਨ੍ਹਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਸਾਧਾਰਨ ਆਸਨ ਜਿਵੇਂ ਤਾੜਾਸਨ, ਵਜਰਾਸਨ, ਭੁਜੰਗਾਸਨ ਅਤੇ ਸ਼ਵਾਸਨ ਬੁੱਢੇ ਲੋਕਾਂ ਲਈ ਵੀ ਬਹੁਤ ਲਾਭਦਾਇਕ ਹਨ। ਇਸ ਤੋਂ ਇਲਾਵਾ ਯੋਗ ਤਣਾਅ ਘਟਾਉਂਦਾ ਹੈ ਅਤੇ ਚਿਹਰੇ ਤੇ ਚਮਕ ਲਿਆਉਂਦਾ ਹੈ ਤਾਂ ਜੋ ਉਮਰ ਵਧਣ ਨਾਲ ਵੀ ਵਿਅਕਤੀ ਤੰਦਰੁਸਤ ਅਤੇ ਖੁਸ਼ ਰਹਿ ਸਕੇ।
ਭਾਰਤ ਵਿੱਚ ਇਸ ਦਿਨ ਨੂੰ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਮੌਕੇ ਤੇ ਯੋਗ ਸੈਸ਼ਨ ਵਿੱਚ ਹਿੱਸਾ ਲੈਂਦੇ ਹਨ ਅਤੇ ਲੱਖਾਂ ਲੋਕ ਉਨ੍ਹਾਂ ਨਾਲ ਜੁੜਦੇ ਹਨ। ਦਿੱਲੀ ਦੇ ਰਾਜਪਥ ਤੋਂ ਲੈ ਕੇ ਦੇਸ਼ ਭਰ ਦੇ ਸ਼ਹਿਰਾਂ, ਪਿੰਡਾਂ ਅਤੇ ਸਕੂਲਾਂ ਵਿੱਚ ਯੋਗ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਆਯੁਸ਼ ਮੰਤਰਾਲਾ ਇਸ ਲਈ ਵਿਸ਼ੇਸ਼ ਯਤਨ ਕਰਦਾ ਹੈ ਅਤੇ ਲੋਕਾਂ ਨੂੰ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਭਾਰਤ ਨੇ ਯੋਗ ਨੂੰ ਵਿਸ਼ਵ ਪੱਧਰ ਤੇ ਇੱਕ ਸਾਫ਼ਟ ਪਾਵਰ ਵਜੋਂ ਉਭਾਰਿਆ ਹੈ ਅਤੇ ਇਸ ਲਈ ਯੋਗ ਨੂੰ ਇੰਟੈਂਜੀਬਲ ਕਲਚਰਲ ਹੈਰੀਟੇਜ ਵਜੋਂ ਯੂਨੈਸਕੋ ਵਿੱਚ ਵੀ ਦਰਜ ਕੀਤਾ ਗਿਆ ਹੈ।
ਦੁਨੀਆ ਭਰ ਵਿੱਚ ਇਸ ਦਿਨ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਏਸ਼ੀਆਈ ਦੇਸ਼ਾਂ ਵਿੱਚ ਯੋਗਾ ਸਟੂਡੀਓਜ਼, ਪਾਰਕਾਂ ਅਤੇ ਬੀਚਾਂ ਤੇ ਵੱਡੇ ਯੋਗਾ ਸੈਸ਼ਨ ਹੁੰਦੇ ਹਨ। ਲੋਕ ਆਨਲਾਈਨ ਕਲਾਸਾਂ ਰਾਹੀਂ ਵੀ ਇਸ ਵਿੱਚ ਹਿੱਸਾ ਲੈਂਦੇ ਹਨ। ਯੋਗ ਨੇ ਵਿਸ਼ਵ ਭਰ ਵਿੱਚ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਇਹ ਧਰਮ ਤੋਂ ਉਪਰ ਉੱਠ ਕੇ ਸਭ ਲਈ ਇੱਕ ਸਾਂਝਾ ਰਾਹ ਹੈ। ਇਸ ਲਈ ਇਸ ਦਿਨ ਲੋਕ ਧਿਆਨ ਅਤੇ ਪ੍ਰਾਣਾਯਾਮ ਰਾਹੀਂ ਆਪਣੇ ਅੰਦਰੂਨੀ ਸੰਤੁਲਨ ਨੂੰ ਤਾਜ਼ਾ ਕਰਦੇ ਹਨ। ਯੋਗ ਦੇ ਲਾਭ ਅਣਗਿਣਤ ਹਨ। ਇਹ ਭਾਰ ਵਧਣ, ਸ਼ੂਗਰ, ਹਾਰਟ ਡਿਜ਼ੀਜ਼ ਅਤੇ ਗਠੀਆ ਵਰਗੀਆਂ ਬੀਮਾਰੀਆਂ ਤੋਂ ਬਚਾਅ ਕਰਦਾ ਹੈ। ਇਸ ਤੋਂ ਇਲਾਵਾ ਇਹ ਇਮਿਊਨਿਟੀ ਵਧਾਉਂਦਾ ਹੈ ਅਤੇ ਬਿਹਤਰ ਨੀਂਦ ਲਿਆਉਂਦਾ ਹੈ। ਬੱਚਿਆਂ ਲਈ ਯੋਗ ਏਕਾਗਰਤਾ ਵਧਾਉਂਦਾ ਹੈ ਜਦਕਿ ਬਜ਼ੁਰਗਾਂ ਲਈ ਇਹ ਗਤੀਸ਼ੀਲਤਾ ਅਤੇ ਖੁਸ਼ੀ ਬਣਾਈ ਰੱਖਦਾ ਹੈ। ਔਰਤਾਂ ਲਈ ਇਹ ਹਾਰਮੋਨਸ ਬੈਲੈਂਸ ਕਰਦਾ ਹੈ ਅਤੇ ਗਰਭ ਅਵਸਥਾ ਵਿੱਚ ਵੀ ਲਾਭਦਾਇਕ ਹੈ। ਇਸ ਤਰ੍ਹਾਂ ਯੋਗ ਪੂਰੇ ਪਰਿਵਾਰ ਲਈ ਇੱਕ ਵਧੀਆ ਤੋਹਫ਼ਾ ਹੈ।
ਆਧੁਨਿਕ ਤਕਨਾਲੋਜੀ ਅਤੇ ਬਦਲਦੀਆਂ ਜੀਵਨ ਸ਼ੈਲੀਆਂ ਵਿੱਚ ਯੋਗ ਵਧੇਰੇ ਲੋੜੀਂਦਾ ਹੋ ਗਿਆ ਹੈ। ਲੋਕ ਘੰਟਿਆਂ ਤੱਕ ਮੋਬਾਈਲ ਅਤੇ ਕੰਪਿਊਟਰ ਤੇ ਬੈਠੇ ਰਹਿੰਦੇ ਹਨ ਜਿਸ ਨਾਲ ਗਰਦਨ ਅਤੇ ਕਮਰ ਦਾ ਦਰਦ ਆਮ ਹੋ ਗਿਆ ਹੈ। ਯੋਗ ਇਨ੍ਹਾਂ ਸਮੱਸਿਆਵਾਂ ਨੂੰ ਆਸਾਨੀ ਨਾਲ ਠੀਕ ਕਰ ਸਕਦਾ ਹੈ। ਇਸ ਲਈ ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿੱਚ ਯੋਗ ਨੂੰ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਰਕਾਰ ਵੱਲੋਂ ਵੀ ਯੋਗਾ ਟੀਚਰਾਂ ਨੂੰ ਸਿੱਖਿਆ ਦੇਣ ਅਤੇ ਯੋਗਾ ਸੈਂਟਰ ਖੋਲ੍ਹਣ ਲਈ ਯਤਨ ਜਾਰੀ ਹਨ। ਅੰਤਰਰਾਸ਼ਟਰੀ ਯੋਗ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੱਚੀ ਸਿਹਤ ਬਾਹਰੀ ਦਵਾਈਆਂ ਤੋਂ ਨਹੀਂ ਬਲਕਿ ਅੰਦਰੂਨੀ ਸੰਤੁਲਨ ਤੋਂ ਆਉਂਦੀ ਹੈ। ਇਸ ਲਈ ਇਸ ਦਿਨ ਆਓ ਆਪਣੀਆਂ ਆਦਤਾਂ ਬਦਲੀਏ ਅਤੇ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣਾਈਏ। ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਯੋਗ ਸਿਖਾਉਣਾ ਚਾਹੀਦਾ ਹੈ ਤਾਂ ਜੋ ਉਹ ਆਉਣ ਵਾਲੀਆਂ ਚੁਣੌਤੀਆਂ ਨਾਲ ਆਸਾਨੀ ਨਾਲ ਨਜਿੱਠ ਸਕਣ। ਇੱਕ ਵਿਅਕਤੀ ਵਜੋਂ ਅਸੀਂ ਆਪਣੇ ਆਲੇ-ਦੁਆਲੇ ਵਿੱਚ ਵੀ ਯੋਗ ਬਾਰੇ ਜਾਗਰੂਕਤਾ ਫੈਲਾ ਸਕਦੇ ਹਾਂ। ਯੋਗ ਇੱਕ ਤਰੀਕਾ ਹੈ ਜਿਸ ਰਾਹੀਂ ਅਸੀਂ ਆਪਣੇ ਆਪ ਨਾਲ ਅਤੇ ਪ੍ਰਕਿਰਤੀ ਨਾਲ ਜੁੜ ਸਕਦੇ ਹਾਂ। ਇਹ ਸਾਨੂੰ ਸਿਖਾਉਂਦਾ ਹੈ ਕਿ ਅਸਲ ਖੁਸ਼ੀ ਅੰਦਰ ਹੈ। ਇਸ ਅੰਤਰਰਾਸ਼ਟਰੀ ਯੋਗ ਦਿਵਸ ਤੇ ਆਓ ਆਪਣੇ ਸਰੀਰ ਅਤੇ ਮਨ ਨੂੰ ਯੋਗ ਰਾਹੀਂ ਤਾਜ਼ਾ ਕਰੀਏ ਅਤੇ ਇੱਕ ਬਿਹਤਰ, ਸਿਹਤਮੰਦ ਅਤੇ ਸ਼ਾਂਤ ਵਿਸ਼ਵ ਬਣਾਉਣ ਵਿੱਚ ਯੋਗਦਾਨ ਪਾਈਏ। ਯੋਗ ਲਈ ਕੋਈ ਉਮਰ ਜਾਂ ਸੀਮਾ ਨਹੀਂ ਹੈ। ਇਹ ਹਰ ਉਮਰ ਅਤੇ ਹਰ ਵਿਅਕਤੀ ਲਈ ਲਾਭਦਾਇਕ ਹੈ।
ਪੰਜਾਬ ਵਿੱਚ ਵੀ ਯੋਗ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਵਧੀਆ ਅਤੇ ਲੋਕ-ਪੱਖੀ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਰਾਜ ਭਰ ਵਿੱਚ ਗਲੀਆਂ, ਮੁਹੱਲਿਆਂ ਅਤੇ ਪਾਰਕਾਂ ਵਿੱਚ ‘ਸੀਐਮ ਯੋਗਸ਼ਾਲਾ’ ਦਾ ਪ੍ਰਬੰਧ ਕੀਤਾ ਹੈ। ਇਸ ਰਾਹੀਂ ਆਮ ਲੋਕਾਂ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਮੁਫਤ ਯੋਗ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਪਹਿਲਕਦਮੀ ਨਾਲ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਸੁਧਾਰਨ ਵਿੱਚ ਵੱਡੀ ਮਦਦ ਮਿਲ ਰਹੀ ਹੈ ਅਤੇ ਯੋਗ ਨੂੰ ਇੱਕ ਲੋਕ ਲਹਿਰ ਬਣਾਇਆ ਜਾ ਰਿਹਾ ਹੈ।
ਇਸ ਲਈ ਆਓ ਇਸ ਅੰਤਰਰਾਸ਼ਟਰੀ ਯੋਗ ਦਿਵਸ ਤੇ ਇੱਕ ਵਾਅਦਾ ਕਰੀਏ ਕਿ ਅਸੀਂ ਰੋਜ਼ਾਨਾ ਘੱਟੋ-ਘੱਟ 20-30 ਮਿੰਟ ਯੋਗ ਲਈ ਸਮਾਂ ਕੱਢਾਂਗੇ ਅਤੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਇਸ ਵੱਲ ਪ੍ਰੇਰਿਤ ਕਰਾਂਗੇ। ਯੋਗ ਰਾਹੀਂ ਹੀ ਇੱਕ ਸਿਹਤਮੰਦ ਭਵਿੱਖ ਅਤੇ ਇੱਕ ਬਿਹਤਰ ਦੁਨੀਆ ਬਣਾਈ ਜਾ ਸਕਦੀ ਹੈ।

ਸੰਦੀਪ ਕੁਮਾਰ-7009807121
ਐਮ.ਏ ਜਰਨਲਿਜ਼ਮ, ਐਮ.ਏ ਮਨੋਵਿਗਿਆਨ
ਕੰਪਿਊਟਰ ਅਧਿਆਪਕ
ਸ.ਸ.ਸ.ਸ ਗਰਦਲੇ, ਰੂਪਨਗਰ
















