2 ਫਰਵਰੀ 2024
ਅੰਤਰਰਾਸ਼ਟਰੀ ਜਲਗਾਹ ਦਿਵਸ
ਥੀਮ – ਜਲਗਾਹਾਂ ਅਤੇ ਮਨੁੱਖੀ ਤੰਦਰੁਸਤੀ
ਧਰਤੀ ‘ਤੇ ਜੀਵਾਂ ਦੇ ਵਿਕਾਸ ਦੀ ਇਕ ਲੰਬੀ ਕਹਾਣੀ ਹੈ ਅਤੇ ਇਸ ਕਹਾਣੀ ਦਾ ਸਾਰ ਇਹ ਹੈ ਕਿ ਧਰਤੀ ‘ਤੇ ਨਾ ਸਿਰਫ਼ ਮਨੁੱਖਾਂ ਦਾ ਹੱਕ ਹੈ, ਸਗੋਂ ਇਸ ਦੇ ਵੱਖ-ਵੱਖ ਹਿੱਸਿਆਂ ਵਿਚ ਮੌਜੂਦ ਕਰੋੜਾਂ ਜਾਤੀਆਂ ਦਾ ਵੀ ਇਸ ‘ਤੇ ਬਰਾਬਰ ਦਾ ਹੱਕ ਹੈ। ਅਸੀਂ ਅਪਣੇ ਆਲੇ ਦੁਆਲੇ ਦਰਿਆਵਾਂ, ਝੀਲਾਂ, ਸਮੁੰਦਰਾਂ, ਜੰਗਲਾਂ ਅਤੇ ਪਹਾੜਾਂ ਵਿੱਚ ਪਾਏ ਜਾਣ ਵਾਲੇ ਪੌਦਿਆਂ ਅਤੇ ਜਾਨਵਰਾਂ ਦੀਆਂ ਕਿਸਮਾਂ ਨੂੰ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ, ਜੋ ਕਿ ਪ੍ਰਕਿਰਤੀ ਵੱਲੋਂ ਬਣਾਈ ਜੈਵਿਕ ਵਿਭਿੰਨਤਾ ਦੀ ਇੱਕ ਵੱਡੀ ਉਦਾਹਰਣ ਹੈ। ਦੁਨੀਆ ਦੀਆਂ ਸਾਰੀਆਂ ਪ੍ਰਮੁੱਖ ਸਭਿਅਤਾਵਾਂ ਪੁਰਾਣੇ ਸਮੇਂ ਤੋਂ ਪਾਣੀ ਦੇ ਸਰੋਤਾਂ ਦੇ ਨੇੜੇ ਆ ਕੇ ਵਸੀਆਂ ਹਨ ਅਤੇ ਅੱਜ ਵੀ ਪਾਣੀ ਦੇ ਇਹ ਸਰੋਤ ਦੁਨੀਆ ਨੂੰ ਭੋਜਨ ਅਤੇ ਰੋਜ਼ੀ ਰੋਟੀ ਪ੍ਰਦਾਨ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਪਰ ਅੱਜ ਦੇ ਆਧੁਨਿਕ ਜੀਵਨ ਵਿੱਚ , ਮਨੁੱਖ ਦੀਆਂ ਵੱਧ ਰਹੀਆਂ ਲੋੜਾਂ ਕਾਰਨ ਜੋ ਪ੍ਰਕਿਰਤੀ ਨਾਲ ਖਿਲਵਾੜ ਕੀਤਾ ਜਾਂ ਰਿਹਾ ਹੈ,ਉਸ ਕਾਰਨ ਤੇਜੀ ਨਾਲ ਜਲਵਾਯੂ ਪਰਿਵਰਤਨ ਹੋ ਰਿਹਾ ਹੈ , ਜੋਕਿ ਮਨੁੱਖ ਲਈ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੀ ਜੈਵਿਕ ਵਿਭਿੰਨਤਾ ਦੀ ਸੰਭਾਲ ਕਰੀਏ | ਕੁਦਰਤੀ ਸੋਮਿਆਂ ਦੀ ਮਾੜੀ ਸਥਿਤੀ ਦੇ ਮੱਦੇਨਜ਼ਰ ਅਤੇ ਦੁਨੀਆ ਭਰ ਦੀਆਂ ਜਲਗਾਹਾਂ ਨੂੰ ਬਚਾਉਣ ਅਤੇ ਲੋਕਾਂ ਨੂੰ ਉਨ੍ਹਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਵਿਸ਼ਵ ਜਲਗਾਹ(ਵੈਟਲੈਂਡਜ਼) ਦਿਵਸ ਦੀ ਸ਼ੁਰੂਆਤ 2 ਫਰਵਰੀ 1971 ਨੂੰ ਰਾਮਸਰ, ਈਰਾਨ ਵਿੱਚ ਵੈਟਲੈਂਡਜ਼ ਕਨਵੈਨਸ਼ਨ ਦੀ ਸ਼ੁਰੂਆਤ ਨਾਲ ਹੋਈ । ਜਲਗਾਹ ਜ਼ਮੀਨ ਦਾ ਉਹ ਹਿੱਸਾ ਹੈ, ਜੋ ਸਾਲ ਭਰ ਪਾਣੀ ਨਾਲ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਭਰਿਆ ਰਹਿੰਦਾ ਹੈ ਅਤੇ ਅਜਿਹੀ ਥਾਂ ‘ਤੇ ਬਹੁਤ ਸਾਰੇ ਕੁਦਰਤੀ ਸਰੋਤ ਹੁੰਦੇ ਹਨ ਜੋ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਲਈ ਲਾਭਦਾਇਕ ਹਨ।
ਪਾਣੀ ਅਤੇ ਭੂਮੀ ਜੈਵ-ਵਿਭਿੰਨਤਾ ਦੇ ਮਿਲਣ ਦਾ ਸਥਾਨ ਹੋਣ ਕਾਰਨ , ਜਲਗਾਹਾਂ ਇੱਕ ਖਾਸ ਕਿਸਮ ਦਾ ਈਕੋਸਿਸਟਮ ਹਨ, ਜੋ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਹ ਬਹੁਤ ਸਾਰੇ ਜਲ-ਜੀਵਾਂ, ਜਾਨਵਰਾਂ ਅਤੇ ਪਰਵਾਸੀ ਪੰਛੀਆਂ ਦੇ ਰਹਿਣ ਲਈ ਵੀ ਬਹੁਤ ਜਰੂਰੀ ਹਨ। ਹਰ ਸਾਲ ਹਜ਼ਾਰਾਂ ਦੀ ਗਿਣਤੀ ਨਾਲ ਪਰਵਾਸੀ ਪੰਛੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ ਆਪਣਾ ਨਿਵਾਸ ਬਣਾਉਂਦੇ ਹਨ। ਇਕ ਅਮੀਰ ਜੈਵ ਵਿਭਿੰਨਤਾ ਕਾਰਨ ਇਸਨੂੰ ਇੱਕ ਜੈਵਿਕ ਸੁਪਰਮਾਰਕੀਟ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਖ਼ਤਮ ਹੋਣ ਨਾਲ ਵਾਤਾਵਰਣ ਨਾਲ ਸਬੰਧਤ ਚੀਜ਼ਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਲਈ ਇਸ ਦੀ ਸੰਭਾਲ ਬਹੁਤ ਜ਼ਰੂਰੀ ਹੈ।
ਜਲਗਾਹਾਂ ਵਾਤਾਵਰਨ ਸੁਰੱਖਿਆ ਲਈ ਬਹੁਤ ਹੀ ਮਹੱਤਵਪੂਰਨ ਹਨ। ਹੜ੍ਹਾਂ ਦੌਰਾਨ ਵਾਧੂ ਪਾਣੀ ਨੂੰ ਸੋਖ ਕੇ ਇਹ ਮਨੁੱਖੀ ਵਸੋਂ ਵਾਲੇ ਖੇਤਰਾਂ ਨੂੰ ਡੁੱਬਣ ਤੋਂ ਬਚਾਉਂਦੀਆਂ ਹਨ। ਇੰਨਾ ਹੀ ਨਹੀਂ, ਜਲਗਾਹਾਂ ‘ਕਾਰਬਨ ਸੋਖਣ’ ਅਤੇ ‘ਜ਼ਮੀਨ ਹੇਠਲੇ ਪਾਣੀ ਦੇ ਪੱਧਰ’ ਨੂੰ ਵਧਾਉਣ ਵਿੱਚ ਅਪਣੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੀਆਂ ਹਨ। ਹੁਣ ਤੱਕ ਦੁਨੀਆ ਭਰ ਵਿਚ ਜਲਗਾਹਾਂ ਦੀ ਗਿਣਤੀ ( ਰਾਮਸਰ ਸਾਈਟਸ ਅਨੁਸਾਰ) 2,509 ਹੈ, ਜੋਕਿ 257,189,187 ਹੈਕਟੇਅਰ ਦੇ ਰਕਬੇ ਤੇ ਫੈਲੀਆਂ ਹੋਈਆਂ ਹਨ। ਭਾਰਤ ਇਸ ਦਾ ਹਿੱਸਾ 1982 ਵਿੱਚ ਬਣਿਆ ਅਤੇ ਭਾਰਤ ਵਿਚ 80 ਜਲਗਾਹਾਂ ਨੇ ਜੋਕਿ 1,332,200 ਹੈਕਟੇਅਰ ਭੂਮੀ ਤੇ ਹਨ। ਪੰਜਾਬ ਵਿੱਚ ਕੁੱਲ ਛੇ ਜਲਗਾਹਾਂ ਹਨ ,ਹਰੀਕੇ ਜਲਗਾਹ, ਰੋਪੜ ਜਲਗਾਹ, ਕਾਂਜਲੀ ਜਲਗਾਹ, ਕੇਸ਼ੋਪੁਰ – ਮਿਆਣੀ ਕਮਿਊਨਿਟੀ ਰਿਜ਼ਰਵ, ਬਿਆਸ ਕੰਜ਼ਰਵੇਸ਼ਨ ਰਿਜ਼ਰਵ ਅਤੇ ਨੰਗਲ ਵਾਈਲਡਲਾਈਫ ਸੈਂਚੂਰੀ। ਜਿਹਨਾਂ ਨੂੰ ਰਾਮਸਰ ਸਾਈਟਸ ਅਨੁਸਾਰ ਅੰਤਰਰਾਸ਼ਟਰੀ ਜਲਗਾਹਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਆਓ ਅਸੀਂ ਸਾਰੇ ਰਲ੍ਹ ਕੇ ਜਲਗਾਹ ਦਿਵਸ ਤੇ ਪ੍ਰਕਿਰਤੀ ਦੁਆਰਾ ਦਿੱਤੇ ਗਏ ਇਸ ਅਨਮੋਲ ਖਜ਼ਾਨੇ ਦੀ ਸੁਰੱਖਿਅਤਾ ਕਰੀਏ ਅਤੇ ਆਪਣੀ, ਜੀਵ ਜੰਤੂਆਂ ਅਤੇ ਬਨਸਪਤੀ ਦੀ ਹੋਂਦ ਬਚਾਈਏ।
ਸੋਹਨ ਸਿੰਘ ਚਾਹਲ, ਨੰਗਲ ਡੈਮ, ਰੂਪਨਗਰ
ਮੋ.9463950475