Tejinder Singh Baaz: First Flight to IISc Bengaluru and the Journey to a State Award

ਜਦੋਂ ਮੈਂ ਪਹਿਲੀ ਵਾਰੀ ਜਹਾਜ਼ ਚੜ੍ਹਿਆ- ਆਦਮ ਜਾਤ ਸੁਪਨਿਆਂ ਦਾ ਸੰਸਾਰ ਸਿਰਜਦੀ ਹੈ। ਫਿਰ ਸੁਪਨੇ ਪੂਰੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੀ ਹੈ। ਪਰ ਕਦੇ ਆਪ- ਮੁਹਾਰੇ ਸੁਪਨੇ ਪੂਰੇ ਹੋ ਜਾਂਦੇ ਹਨ। ਮੇਰੇ ਵੀ ਕਈ ਸੁਪਨੇ ਹੌਲੀ-ਹੌਲੀ, ਸਹਿਜੇ-ਸਹਿਜੇ ਪੂਰੇ ਹੋਏ ਹਨ। ਇੱਕ ਦਿਨ ਅਚਾਨਕ ਜ਼ਿਲ੍ਹਾ ਮੈਂਟਰ ਲੈਕਚਰਾਰ ਸਤਨਾਮ ਸਿੰਘ ਦਾ ਫ਼ੋਨ ਆਇਆ,ਕਿ ਸਟੇਟ ਕਾਊਂਸਿਲ ਆਫ਼ ਐਜੂਕੇਸ਼ਲ ਰਿਸਰਚ ਐਂਡ ਟ੍ਰੇਨਿੰਗ ਮੋਹਾਲੀ ਦੇ ਸਟੇਟ ਰਿਸੋਰਸ ਪਰਸਨ ਡਾ. ਰਮਿੰਦਰਜੀਤ ਕੌਰ ਸਾਇੰਸ ਅਧਿਆਪਕਾਂ ਨੂੰ ਭਾਰਤੀ ਵਿਗਿਆਨ ਸੰਸਥਾ ਖੁਦਾਪੁਰਾ (ਕਰਨਾਟਕਾ) ਵਿਖੇ 10 ਰੋਜ਼ਾ ਟ੍ਰੇਨਿੰਗ ‘ਤੇ ਭੇਜ ਰਹੇ ਹਨ। ਮੈਂ ਉਨ੍ਹਾਂ ਨੂੰ ਕਈ ਮਹਿਲਾ ਅਧਿਆਪਕਾਂ ਦੇ ਨਾਮ ਲਿਖਵਾਏ, ਪਰ ਉਹ ਕਹਿੰਦੇ ਤੂੰ ਜਾਵੇਗਾ ਬਾਜ਼ ਟ੍ਰੇਨਿੰਗ ਲੈਣ ਲਈ ਬੈਂਗਲੌਰ, ਸਟੇਟ ਨੇ ਤੇਰਾ ਨਾਮ ਭੇਜ ਦਿੱਤਾ। ਮੈਂ ਹਾਸੇ ਵਿੱਚ ਗੱਲ ਟਾਲ੍ਹ ਦਿੱਤੀ। ਅਗਲੇ ਦੋ ਮਹੀਨਿਆਂ ਬਾਅਦ (IIsc Bangalore)ਆਈ.ਆਈ.ਐਸ.ਸੀ ਬੈਂਗਲੌਰ ਸੂਬਾ ਪੱਧਰੀ ਵੈਟਸ਼ ਐਪ ਗਰੁੱਪ ਬਣ ਗਿਆ। ਤਾਂ ਮੇਰੀ ਬੇਟੀ ਇਸ਼ਵੀਨ ਕੌਰ ਨੇ ਕਿਹਾ, ਡੈਡੀ ਜੀ ਹੁਣ ਤੁਸੀਂ ਬੈਂਗਲੌਰ ਜਾਵੋਗੇ, ਤੁਹਾਡਾ ਨਾਮ ਵੀ ਟ੍ਰੇਨਿੰਗ ਲੈਣ ਵਾਲਿਆਂ ਅਧਿਆਪਕਾਂ ਵਿੱਚ ਸ਼ਾਮਿਲ ਹੈ। ਪਰ ਮੇਰਾ ਬੇਟਾ ਤਿਸ਼ਾਨਰਾਜ ਸਿੰਘ ਨੇ ਕਹਿਣਾ ਸ਼ੁਰੂ ਕਰ ਦਿੱਤਾ, ਕਿ ਡੈਡੀ ਕਿਤੇ ਨਹੀਂ ਜਾਵੇਗਾ। ਪਰ ਮੇਰੀ ਸਰਦਾਰਨੀ ਰੁਪਿੰਦਰ ਕੌਰ ਕਹਿੰਦੀ ਤੁਸੀਂ ਇਸ ਵਾਰ ਚੱਲੇ ਜਾਵੋ,ਪਹਿਲਾਂ ਵੀ ਤੁਸੀਂ ਨਹੀਂ ਗਏ। ਫਿਰ ਟ੍ਰੇਨਿੰਗ ‘ਤੇ ਜਾਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ। ਮੈਨੂੰ ਜਗਰਾਵਾਂ ਤੋਂ ਮੇਰੇ ਪੁਰਾਣੇ ਮਿੱਤਰ ਸੰਦੀਪ ਸ਼ਰਮੇ ਦਾ ਫੋਨ ਆਇਆ ਕਿ ਆਪਾਂ ਦੋਵੇਂ ਇਕੱਠੇ ਚੱਲੀਏ, ਆਪਾਂ ਇਕੱਠੇ ਜਹਾਜ਼ ਦੀਆਂ ਟਿਕਟਾਂ ਕਰਵਾ ਲੈਦੇ ਹਾਂ, ਟਿਕਟਾਂ ਹੋ ਗਈਆਂ, 4 ਅਕਤੂਬਰ 2025 ਸਹੀ ਸਵੇਰੇ 8 ਵਜੇ ਦੀਆਂ, ਤੇ ਅਸੀਂ 4 ਅਕਤੂਬਰ ਨੂੰ ਸਹੀ 6:30 ਵਜੇ ਚੰਡੀਗੜ੍ਹ ਏਅਰਪੋਰਟ ‘ਤੇ ਪਹੁੰਚ ਗਏ। ਉੱਥੇ ਸਾਨੂੰ ਹੋਰ ਅਧਿਆਪਕ ਮਿਲ ਗਏ। ਮੇਰੇ ਮਨ ਦੀਆਂ ਅੰਤਰੀਵ ਡੂਘਾਣਾਂ ਵਿੱਚ ਜਹਾਜ਼ ਵਿੱਚ ਪਹਿਲੀ ਵਾਰ ਸਫ਼ਰ ਕਰਨ ਪ੍ਰਤੀ ਕਈ ਕਿਆਸ- ਅਰਾਈਆਂ ਸਨ। ਜਹਾਜ਼ ਵਿੱਚ ਬੈਠਕੇ ਉਹ ਸਾਰੀਆਂ ਰਫੂ ਚੱਕਰ ਹੋ ਗਈਆਂ। ਅਸੀਂ ਜਹਾਜ਼ ਵਿੱਚ ਬੈਠਕੇ 2600 ਕਿੱਲੋਮੀਟਰ ਦਾ ਸਫ਼ਰ ਢਾਈ ਘੰਟਿਆਂ ਵਿੱਚ ਪੂਰਾ ਕਰ ਗਏ।ਅਸੀਂ ਬੈਂਗਲੌਰ ਏਅਰਪੋਰਟ ਉੱਤੇ ਸਹੀ 10:40 ਵਜੇ ਪਹੁੰਚ ਗਏ।
ਫਿਰ ਅਸੀਂ ਏਅਰਪੋਰਟ ਤੋਂ ਸਮਾਨ ਲੈਕੇ ਟ੍ਰੇਨਿੰਗ ਸੈਂਟਰ ਵਾਲਿਆਂ ਦੀ ਬੱਸ ਉਡੀਕਣ ਲੱਗੇ, ਤੇ ਘੁੰਮਦੇ ਰਹੇ, ਤੇ ਮੈਨੂੰ ਫ਼ੋਨ ਆਇਆ ਕਿ ਮੈਂ ਸ੍ਰੀ ਚਮਕੌਰ ਸਾਹਿਬ ਥਾਣੇ ਵਿੱਚੋਂ ਬੋਲ ਰਿਹਾ ਹਾਂ,ਕਿ ਕੱਲ੍ਹ ਤੁਹਾਨੂੰ ਰਾਜ ਪੁਰਸਕਾਰ (ਸਟੇਟ ਅਵਾਰਡ) ਮਿਲ ਰਿਹਾ ਹੈ, ਤੁਹਾਡੀ ਪੁੱਛ-ਪੜਤਾਲ ਲਈ ਆਉਣਾ ਪੈਣਾ,ਮੈਂ ਕਿਹਾ, ਕਿ ਮੈਂ ਬੈਂਗਲੌਰ ਟ੍ਰੇਨਿੰਗ ‘ਤੇ ਆਇਆ ਹੋਇਆ ਹਾਂ,ਉਹ ਕਹਿੰਦੇ, ਕਿਸੇ ਹੋਰ ਨੂੰ ਭੇਜੋ, ਮੈਂ ਕਿਹਾ, ਮੇਰੇ ਪਿਤਾ ਕੈਪਟਨ ਮੇਵਾ ਸਿੰਘ ਜੀ ਆਉਣਗੇ,ਮੇਰੀ ਬੇਟੀ ਨੇ ਸਾਰੇ ਦਸਤਾਵੇਜ਼ ਤਿਆਰ ਕਰਕੇ ਪਿਤਾ ਜੀ ਨੂੰ ਦੇ ਦਿੱਤੇ, ਤੇ ਉਹ ਸਾਂਝ ਕੇਂਦਰ ਪਹੁੰਚ ਕੇ ਵੈਰੀਫਿਕੇਸ਼ਨ ਕਰਵਾ ਆਏ।ਮੈਨੂੰ ਦੋ ਫ਼ੋਨ ਅਲੱਗ-ਅਲੱਗ ਥਾਣਿਆਂ ਵਿੱਚੋਂ ਆਏ,ਕਿਉਂਕਿ ਮੈਨੂੰ ਰਾਜ ਪੁਰਸਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਦਿੱਤਾ ਜਾਣਾ ਸੀ। ਮੈਂ ਇਸ ਗੱਲੋਂ ਅਣਜਾਣ ਸੀ,ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।ਫਿਰ ਮੇਰੇ ਮਨ ਵਿੱਚ ਕਈ ਵਿਚਾਰ ਆਏ ਕਿ ਜਾਵਾਂ ਜਾਂ ਨਾ ਜਾਵਾਂ। ਇਸ ਤੋਂ ਬਾਅਦ ਰਾਜ ਪੁਰਸਕਾਰ ਦਾ ਪੱਤਰ ਜਾਰੀ ਹੋ ਗਿਆ। ਮੈਨੂੰ ਪੱਤਰਕਾਰਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ। ਮੁਬਾਰਕਾਂ ਜੀ ਕੱਝ ਆਪਣੇ ਬਾਰੇ ਦੱਸੋ, ਮੈਂ ਕਾਫ਼ੀ ਕੁੱਝ ਦੱਸਿਆ ਤੇ ਕੁੱਝ ਰਿਕਾਰਡ ਉਨ੍ਹਾਂ ਨੂੰ ਭੇਜ ਦਿੱਤਾ ਖ਼ਬਰਾਂ ਤਿਆਰ ਕਰਨ ਲਈ, ਜਿਹੜੀ ਬੱਸ ਵਿੱਚ ਟ੍ਰੇਨਿੰਗ ਵਾਲੇ ਸਥਾਨ ‘ਤੇ ਪਹੁੰਚਣਾਸੀ, ਸਾਰਿਆਂ ਨੂੰ ਪਤਾ ਲੱਗ ਗਿਆ, ਮੈਨੂੰ ਸਾਰਿਆਂ ਨੇ ਵਾਪਸ ਜਾਣ ਦੀ ਸਲਾਹ ਦਿੱਤੀ, ਕਿ ਇਹ ਖੁਸ਼ੀ ਦੁਬਾਰਾ ਜ਼ਿੰਦਗੀ ਵਿੱਚ ਨਹੀਂ ਆਉਂਣੀ, ਤੁਸੀਂ ਚੱਲੇ ਜਾਵੋ, ਮੇਰੀ ਧੀਰਜ ਕੁਮਾਰ ਨੇ ਟਿਕਟ ਕਰਵਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਪਰ ਟਿਕਟ ਹੋਈ ਨਹੀਂ, ਫਿਰ ਮੈਂ ਟ੍ਰੇਨਿੰਗ ਵਿੱਚ ਪਹੁੰਚ ਕੇ, ਸਮਾਨ ਲੈ ਕੇ ਕਮਰੇ ਵਿੱਚ ਰੱਖ ਦਿੱਤਾ, ਤੇ ਵਾਪਸ ਉਸੇ ਬੱਸ ‘ਤੇ ਚੜ੍ਹ ਗਿਆ। ਤੇ ਬੱਸ ਵਾਲੇ ਨੇ ਮੈਨੂੰ ਏਅਰਪੋਰਟ ਤੋਂ 10 ਕਿੱਲੋਮੀਟਰ ਪਹਿਲਾਂ ਉਤਾਰ ਦਿੱਤਾ, ਫਿਰ ਮੈਂ ਟੈਕਸੀ ਲੈਕੇ ਏਅਰਪੋਰਟ ਤੇ ਪਹੁੰਚ ਗਿਆ। ਸ਼ੁਕਰ ਖੁਦਾ ਦਾ ਮੈਨੂੰ ਚੰਡੀਗੜ੍ਹ ਦੀ ਟਿਕਟ ਮਿਲ ਗਈ, ਫਲਾਈਟ 4:30 ਵਜੇ ਦੀ ਸੀ। ਮੈਂ ਸੁੱਖ ਦਾ ਸਾਹ ਲਿਆ, ਮੈਂ ਚਾਹ ਪੀਣ ਲੱਗਿਆ ਤਾਂ ਮੇਰੇ ਪੁਰਾਣੇ ਮੁੱਖ ਅਧਿਆਪਕ ਸ੍ਰੀ ਰਾਜੇਸ਼ ਕੁਮਾਰ ਜੀ ਦਾ ਫੋਨ ਆਇਆ ਕਿ ਤੂੰ ਕਿੱਥੇ ਪਹੁੰਚ ਗਿਆ। ਤੂੰ ਆ ਜਾ ਪੈਸੇ- ਪੂਸੇ ਤਾਂ ਚੱਲਦੇ ਹੀ ਰਹਿੰਦੇ ਹਨ। ਮੈਂ ਕਿਹਾ ਮੈਂ ਸਹੀ 7:30 ਵਜੇ ਚੰਡੀਗੜ੍ਹ ਪਹੁੰਚ ਜਾਵਾਂਗਾ। ਜਹਾਜ਼ ਨੇ ਉਡਾਣ ਭਰੀ ਸਹੀ 4:45 ਤੇ, ਮੈਂ 7.30 ਵਜੇ ਚੰਡੀਗੜ੍ਹ ਏਅਰਪੋਰਟ ਤੇ ਪਹੁੰਚ ਗਿਆ, ਮੈਨੂੰ ਮੁਬਾਰਕਾਂ ਦੇ ਫੋਨ, ਕਾਲ ਆਈ ਗਏ। ਮੇਰੇ ਮਾਤਾ ਜੀ ਸ੍ਰੀਮਤੀ ਜਸਵਿੰਦਰ ਕੌਰ ਅਤੇ ਮੇਰੀ ਭੈਣ ਦਲਜੀਤ ਕੌਰ ਦਾ ਫੋਨ ਆਇਆ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ । ਮੈਂ ਚੰਡੀਗੜ੍ਹ ਤੋਂ ਗੱਡੀ ਕੀਤੀ ਤੇ ਘਰ ਪਹੁੰਚ ਗਿਆ। ਮਾਤਾ, ਪਿਤਾ, ਸਰਦਾਰਨੀ ਤੇ ਬੱਚੇ ਮੈਨੂੰ ਵੇਖ ਕੇ ਬਾਗੋਂ- ਬਾਗ ਹੋ ਗਏ।
ਘਰ ਆ ਕੇ ਮੈਂ ਤਿਆਰ ਹੋ ਕੇ ਵਿਰਾਸਤੇ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਿਆ। ਮੇਰਾ ਉੱਥੇ ਭਰਵਾਂ ਸੁਆਗਤ ਹੋਇਆ। ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਸ੍ਰੀ ਪ੍ਰੇਮ ਕੁਮਾਰ ਮਿੱਤਰ, ਪ੍ਰਿੰਸੀਪਲ ਡਾਇਟ ਰੂਪਨਗਰ ਸ੍ਰੀਮਤੀ ਮੋਨਿਕਾ ਭੂਟਾਨੀ ਅਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਸ਼੍ਰੀ ਵਰਿੰਦਰ ਸ਼ਰਮਾ ਜੀ ਨੇ ਮੈਨੂੰ ਵੇਖ ਬੜਾ ਹੀ ਪਿਆਰ ਤੇ ਨਿੱਘ ਵਿਖਾਇਆ । ਫਿਰ ਮੈਨੂੰ ਰਾਜ ਪੁਰਸਕਾਰ ਮੁੱਖ ਮੰਤਰੀ ਸਾਹਿਬ ਤੋਂ ਮਿਲਿਆ, ਜੋ ਮੇਰੀ ਕੀਤੀ ਮਿਹਨਤ ਨੂੰ ਫਲ ਲੱਗਿਆ। ਫਿਰ ਮੇਰੀਆਂ ਚੈਨੱਲ ਲਈ ਛੋਟੀਆਂ-ਛੋਟੀਆਂ ਮੁਲਾਕਾਤਾਂ ਹੋਈਆਂ। ਮੇਰੇ ਅਫ਼ਸਰ ਸਹਿਬਾਨ ਨੇ ਮੇਰੇ ਨਾਲ ਫੋਟੋਆਂ ਕਰਵਾਈਆਂ, ਮੈਨੂੰ ਬੜਾ ਹੀ ਚੰਗਾ ਲੱਗਿਆ।
6 ਅਕਤੂਬਰ ਨੂੰ ਮੈਂ ਫਿਰ ਬੈਂਗਲੌਰ ਟ੍ਰੇਨਿੰਗ ਲਈ ਚੰਡੀਗੜ੍ਹ ਤੋਂ ਜਹਾਜ ਚੜ੍ਹਕੇ ਬੈਂਗਲੌਰ ਪਹੁੰਚ ਗਿਆ, ਤੇ 2800 ਕਿਲੋਮੀਟਰ ਦਾ ਸਫ਼ਰ ਕਰਕੇ 7 ਅਕਤੂਬਰ ਨੂੰ ਆਈ.ਆਈ. ਐਸ ਸੀ(IISc) ਤੇ ਪਹੁੰਚਿਆ। ਮੈਂ ਹੋਸਟਲ ਤੇ ਗੱਡੀ ਵਿੱਚ ਪਹੁੰਚਿਆ। ਸਾਰੇ ਅਧਿਆਪਕ ਬ੍ਰੇਕ- ਫਾਸਟ ਲਈ ਜਾ ਰਹੇ ਸਨ। ਮੇਰੇ ਨਾਲ ਕਈ ਅਧਿਆਪਕਾਂ ਨੇ ਖੁਸ਼ੀ ਸਾਂਝੀ ਕਰਕੇ ਫੋਟੋਆਂ ਕਰਵਾਈਆਂ। ਮੈਂ 107 ਨੰਬਰ ਕਮਰੇ ਵਿੱਚ ਪਹੁੰਚ ਗਿਆ। ਮੈਨੂੰ ਫੋਨ ਆਇਆ ਕਿ ਤੁਸੀਂ ਕਲਾਸ ਵਿੱਚ ਕਦੋਂ ਤੱਕ ਆਉਂਗੇ? ਮੈਂ ਕਿਹਾ ਇੱਕ ਘੰਟੇ ਬਾਅਦ, ਫਿਰ ਮੈਨੂੰ ਮੇਰੇ ਜ਼ਿਲ੍ਹਾ ਰੂਪਨਗਰ ਦੇ ਅਧਿਆਪਕਾਂ ਬਲਜੀਤ ਸਿੰਘ, ਭੁਪਿੰਦਰ ਸਿੰਘ ਦਾ ਫੋਨ ਆਇਆ ਕਿ ਤੁਸੀਂ ਆ ਗਏ, ਮੈਂ ਕਿਹਾ ਹਾਂ ਜੀ. ਉਹ ਕਹਿੰਦੇ ਆ ਜਾਵੋ ਆਪਾਂ ਮਿਲਦੇ ਹਾਂ, ਫਿਰ ਸ਼ੈਲੀ ਪੁਰੀ, ਨੀਲੂ ਮੈਡਮ ਅਤੇ ਪੰਜ ਰੂਪਨਗਰ ਵਾਲੇ ਅਧਿਆਪਕਾਂ ਨੇ ਖੁਸ਼ੀ ਸਾਂਝੀ ਕੀਤੀ ਫੋਟੋਆਂ ਕਰਵਾਈਆ। ਇਸ ਤੋਂ ਬਾਅਦ ਕਲਾਸਾਂ ਸ਼ੁਰੂ ਹੋ ਗਈਆਂ। ਹਰ ਰੋਜ਼ 3 ਦਿਨ ਕੈਮਿਸਟਰੀ ਵਿਸ਼ੇ ਦੀਆਂ ਕਲਾਸਾਂ ਲੱਗੀਆਂ। 3 ਦਿਨ ਫਿਜ਼ਿਕਸ ਵਿਸ਼ੇ ਦੀਆਂ ਕਲਾਸਾਂ ਲੱਗੀਆਂ, 3 ਦਿਨ ਬਾਇਲੌਜੀ ਵਿਸੇ ਦੀਆਂ ਕਲਾਸਾਂ ਲੱਗੀਆਂ। ਰਿਸੋਰਸ ਪਰਸਨ ਬੜੇ ਹੀ ਮਿਹਨਤੀ ਤੇ ਇਮਾਨਦਾਰ ਸਨ, ਜੋ ਵਧੀਆ ਤਰੀਕੇ ਨਾਲ ਸਾਨੂੰ ਸਾਇੰਸ ਪੜ੍ਹਾ ਰਹੇ ਸਨ। ਫਿਰ 09 ਅਕਤੂਬਰ ਨੂੰ ਅਸੀਂ ਹੰਪੀ ਘੁੰਮ ਕੇ ਵੀ ਆਏ।
11 ਅਕਤੂਬਰ 2025 ਨੂੰ ਆਡੀਟੋਰੀਅਮ ਵਿੱਚ ਰੰਗ ਬੰਨਿਆਂ ਗਿਆ। ਦੀਦਾਰ ਸਿੰਘ ਮੁੱਦਕੀ,ਵਰਿੰਦਰ ਸਿੰਘ, ਇੰਦਰਜੀਤ ਸਿੰਘ,ਸੰਜੀਵ ਅਤੇ ਸਾਜਨ ਨੇ ਭੰਗੜਾ ਤਿਆਰ ਕੀਤਾ। ਸ਼ੁਭਨੀਤ ਕੌਰ, ਅਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਨੀਰਜ,ਨੀਲੂ ਲਵਪ੍ਰੀਤ ਕੌਰ, ਪਰਮਿੰਦਰ, ਗੁਰਵਿੰਦਰ ਨੇ ਗਿੱਧਾ ਤਿਆਰ ਕੀਤਾ। ਅਸੀਂ ਪੰਜਾਬ ਦੀ ਝਾਕੀ ਤਿਆਰ ਕਰਵਾਈ, ਜੋ ਸਟੇਜ ‘ਤੇ ਵਿਖਾਈ ਗਈ।ਮੈਂ ਅਤੇ ਯੋਗੇਸ਼ ਤਲਵਾੜ ਨੇ ਸਟੇਜ ਦੀ ਭੂਮਿਕਾ ਨੂੰ ਸੰਭਾਲਿਆ, ਸੋਹਣ ਸਿੰਘ, ਰੋਹਿਤ ਸੂਦ, ਪਰਮਜੀਤ ਸਿੰਘ,ਮਨੀਸ਼ ਗਰਗ, ਸੁਖਪਾਲ ਸਿੰਘ,ਅਮਨਪ੍ਰੀਤ ਸਹੋਤਾ,ਬਲਜੀਤ ਬਾਬਾ ਵੋਸ ਨੇ ਅਲੱਗ-ਅਲੱਗ ਵੰਨਗੀਆਂ ਵਿੱਚ ਭਾਗ ਲਿਆ ਤੇ ਖੂਬ ਰੰਗ ਬੰਨ੍ਹਿਆ। ਟ੍ਰੇਨਿੰਗ ਸੈਂਟਰ ਵਿੱਚ ਕਲਾਸਾਂ ਲਗਾ ਕੇ ਕਾਲਜ ਦੇ ਦਿਨ ਯਾਦ ਆ ਗਏ। ਗਿਤੇਸ਼ ਨਾਰੰਗ,ਅੰਕਿਤ ਸੇਠੀ,ਪ੍ਰਸ਼ੋਤਮ ਉੱਤਮ ਨਾਲ ਰੱਜ ਕੇ ਤਾਸ਼ ਖੇਡੀ ਰਾਤ ਨੂੰ 2 ਵਜੇ ਤੱਕ, 14 ਅਕਤੂਬਰ ਸਾਡੀ ਟ੍ਰੇਨਿੰਗ ਪੂਰੀ ਹੋ ਗਈ।ਇਨ੍ਹਾਂ ਦਿਨਾਂ ਦੌਰਾਨ ਹਰਪ੍ਰੀਤ ਸਿੰਘ ਬਰਾੜ, ਡਾ ਸੁਖਜੀਤ ਸਿੰਘ ਅਤੇ ਕਿਰਨਦੀਪ ਸਿੰਘ ਨਾਲ਼ ਚੰਗਾ ਪਿਆਰ ਸਨੇਹ ਵਧਿਆ। ਸਾਰੇ ਦੋਸਤਾਂ ਨਾਲ ਬੱਸ ਵਿੱਚ ਹਾਸੀਆਂ ਖੇਡੀਆਂ ਕਰਦੇ ਵਾਪਸ ਆਉਣ ਵੇਲੇ ਇਕਬਾਲ ਸਿੰਘ, ਸੁਖਪ੍ਰੀਤ ਲੁਧਿਆਣੇ ਵਾਲਾ ਨੇ ਜਿਹੜੇ ਮਿੱਤਰ ਨੇ 107 ਕਮਰਾ ਛੱਡ ਕੇ ਧੋਖਾ ਕੀਤਾ ਸੀ,ਉਸਨੂੰ ਬੜਾ ਠਿੱਠ ਕੀਤਾ। ਮੈਂ ਤੁਹਾਨੂੰ ਕਿਹਾ ਸੀ ਕਿ ਸੁਪਨੇ ਕਈ ਵਾਰ ਅਚਨਚੇਤ ਹੀ ਪੂਰੇ ਹੋ ਜਾਂਦੇ ਹਨ। ਮੈਂ 4 ਅਕਤੂਬਰ ਨੂੰ ਪਹਿਲੀ ਵਾਰ ਜਹਾਜ਼ ਚੜਨ ਤੋਂ ਬਾਅਦ, ਇਨ੍ਹਾਂ ਦਸਾਂ ਦਿਨਾਂ ਵਿੱਚ ਪੂਰੇ ਪੰਜ ਵਾਰ ਜਹਾਜ਼ ਚੜ੍ਹਿਆ, ਜੋ ਮੈਨੂੰ ਅਨੰਦ ਦਾਇਕ ਲੱਗਿਆ।
ਇਹੋ ਜਿਹੇ ਦਿਨ ਵਾਰ-ਵਾਰ ਆਉਂਣ, ਆਮੀਨ
ਤੇਜਿੰਦਰ ਸਿੰਘ ਬਾਜ਼, 9872074034
For continuous updates on educational activities and official news from District Ropar, visit:deorpr.com and follow our Facebook page for real-time English/Punjabi news: District Ropar News – Facebook
























