Children’s Science Congress 2026: Five Blocks’ Teachers Attend First-Phase Workshop in Rupnagar
ਰੂਪਨਗਰ, 22 ਅਗਸਤ 2026: ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਨੈਸ਼ਨਲ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (NCSTC) ਦੇ ਸਹਿਯੋਗ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ (PSCST) ਨੂੰ ਰਾਜ ਨੋਡਲ ਏਜੰਸੀ ਵਜੋਂ ਲੈ ਕੇ, ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਦੀ ਅਗਵਾਈ ਹੇਠ 32ਵੀਂ ਬਾਲ ਵਿਗਿਆਨ ਕਾਂਗਰਸ 2026 ਦੀ ਪਹਿਲੇ ਪੜਾਅ ਦੀ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਸਫਲਤਾਪੂਰਵਕ ਕਰਵਾਈ ਗਈ।
ਇਸ ਵਰਕਸ਼ਾਪ ਵਿੱਚ 115 ਤੋਂ ਵੱਧ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਇਹ ਅਧਿਆਪਕ ਝੱਜ, ਤਖ਼ਤਗੜ੍ਹ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੰਗਲ ਬਲਾਕਾਂ ਨਾਲ ਸੰਬੰਧਿਤ ਸਨ।
ਵਰਕਸ਼ਾਪ ਦੌਰਾਨ ਜ਼ਿਲ੍ਹਾ ਬਾਲ ਵਿਗਿਆਨ ਕਾਂਗਰਸ ਕੋਆਰਡੀਨੇਟਰ ਸ੍ਰੀ ਪ੍ਰਭਜੀਤ ਸਿੰਘ ਨੇ 32ਵੀਂ ਬਾਲ ਵਿਗਿਆਨ ਕਾਂਗਰਸ 2026 ਦੇ ਮੁੱਖ ਵਿਸ਼ੇ “ਸਥਿਰ ਵਿਕਾਸ ਲਈ ਵਿਗਿਆਨ ਅਤੇ ਨਵੀਨਤਾ” ਅਤੇ ਇਸ ਦੇ ਉਪ-ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਅਕੈਡਮਿਕ ਕੋਆਰਡੀਨੇਟਰ ਸ੍ਰੀਮਤੀ ਮਨਪ੍ਰੀਤ ਕੌਰ, ਮਾਸਟਰ ਟ੍ਰੇਨਰ ਸ੍ਰੀ ਵਿਵੇਕ ਕੁਮਾਰ ਸ਼ਰਮਾ ਅਤੇ ਮਾਸਟਰ ਟ੍ਰੇਨਰ ਸ੍ਰੀ ਰਮਨ ਕੁਮਾਰ ਨੇ ਪ੍ਰੋਜੈਕਟ ਚੋਣ, ਖੋਜ ਵਿਧੀ, ਰਿਪੋਰਟ ਲੇਖਨ, ਚਾਰਟ ਤਿਆਰੀ ਅਤੇ ਆਨਲਾਈਨ ਪੋਰਟਲ ਸਬੰਧੀ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ।
ਇਸ ਮੌਕੇ ਸ੍ਰੀ ਫੋਰਨ ਚੰਦ ਜੀ, ਜੋ ਲੰਬੇ ਸਮੇਂ ਤੋਂ ਬਾਲ ਵਿਗਿਆਨ ਕਾਂਗਰਸ ਨਾਲ ਜੁੜੇ ਹੋਏ ਹਨ, ਵੱਲੋਂ ਇੱਕ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਅਧਿਆਪਕਾਂ ਨੂੰ ਗੁਣਵੱਤਾ ਭਰਪੂਰ ਵਿਗਿਆਨਕ ਪ੍ਰੋਜੈਕਟਾਂ ਦੀ ਤਿਆਰੀ ਲਈ ਪ੍ਰੇਰਿਤ ਕੀਤਾ।
ਸਮੁੱਚੇ ਪ੍ਰੋਗਰਾਮ ਦੀ ਸ਼ਾਨਦਾਰ ਪ੍ਰਬੰਧਕੀ ਸ੍ਰੀਮਤੀ ਸੰਦੀਪ ਕੌਰ, ਪ੍ਰਿੰਸੀਪਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵੱਲੋਂ ਕੀਤੀ ਗਈ। ਅੰਤ ਵਿੱਚ ਭਾਗੀਦਾਰ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਬਾਕੀ ਬਲਾਕਾਂ ਦੀਆਂ ਵਰਕਸ਼ਾਪਾਂ ਵੀ ਇਸੇ ਲੜੀ ਅਧੀਨ ਕਰਵਾਉਣ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ 32ਵੀਂ ਬਾਲ ਵਿਗਿਆਨ ਕਾਂਗਰਸ 2026 ਨਾਲ ਜੋੜਨ ਦੀ ਅਪੀਲ ਕੀਤੀ ਗਈ।






















