ਰਾਬਿੰਦਰ ਸਿੰਘ ਰੱਬੀ :
ਕਿੰਨੀ ਸੋਹਣੀ ਧਰਤ ਤੇ ਕਿੰਨੇ ਲੋਕੀਂ ਚੰਗੇ ਨੇ,
ਕਰਾਂ ਪੰਜਾਬ ਦੀ ਸਿਫ਼ਤ ਕਿ ਲੋਕੀਂ ਰੰਗ ਬਰੰਗੇ ਨੇ।
ਇੰਨੀ ਸੋਹਣੀ ਧਰਤ ਉੱਤੇ ਤੂੰ ਸਾਰੀ ਜ਼ਿੰਦਗੀ ਝਾਗੀ ।
ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ
ਹਾਲ ਬੇਹਾਲ ਨੇ ਸਾਰੇ ਤੱਕੋ ਪੰਛੀ ਹੋ ਜਾਂਦੇ,
ਆਪਣਿਆਂ ਨੂੰ ਮੱਚਦੇ ਦੇਖ ਕੇ ਹੋਸ਼ ਹੀ ਖੋ ਜਾਂਦੇ।
ਵਿੱਚ ਧੂੰਏਂ ਦੇ ਖੜ੍ਹ ਨਹੀਂ ਸਕਦਾ, ਹਾਲੀ ਹੋ ਚਾਹੇ ਵਾਗੀ,
ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ
ਕਹਿੰਦੇ ਵਿੱਚ ਅਸਮਾਨੀਂ ਬੱਦਲ਼ ਦਿਸਦਾ ਧੂੰਏਂ ਦਾ,
ਸਾਨੂੰ ਵੀ ਉਹ ਮਾਰੂ, ਜਿਹੜਾ ਅੰਬਰਾਂ ਵਿੱਚ ਗਿਆ।
ਮਰੀਜ਼, ਬਜ਼ੁਰਗ, ਅਮੀਰ, ਗ਼ਰੀਬ ਤੇ ਬਚਣਾ ਨਹੀਂ ਕੋਈ ਲਾਗੀ।
ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ
ਮਿੱਤਰ ਕੀੜੇ ਖ਼ਤਮ ਹੋ ਰਹੇ, ਤੱਤ ਨੁਕਸਾਨੇ ਜਾਂਦੇ,
ਜ਼ਹਿਰਾਂ ਰਲੀਆਂ ਸਭ ਪਾਸੇ, ਅਸੀਂ ਖ਼ੁਸ਼ ਹਾਂ ਜ਼ਹਿਰਾਂ ਖਾਂਦੇ।
ਧਰਤੀ ਸਾਡੀ ਮਾਂ ਹੈ, ਮਾਂ ਨਾਲ਼ ਕਰਨੀ ਨਹੀਂ ਖ਼ਰਾਬੀ।
ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ
ਸਾੜ ਪਰਾਲੀ ਆਪਾਂ ਆਪਣਾ ਅੱਗਾ ਸਾੜ ਰਹੇ,
ਆਉਣ ਵਾਲੀਆਂ ਨਸਲਾਂ ਅੰਦਰ ਜ਼ਹਿਰਾਂ ਵਾੜ ਰਹੇ।
ਹੈਪੀ ਸੀਡਰ ਵਰਤ ਲੈ ਰੱਬੀ, ਧਰਤ ਨਹੀਂ ਕਰਨੀ ਦਾਗ਼ੀ।
ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ