This Diwali, Light a Lamp Within – The Earth Needs a Change in Our Way of Living, Not Just More Light!
ਇੱਕ ਅਧਿਆਪਕ ਦੀ ਕਲਮ ਤੋਂ…
ਦੀਵਾਲੀ ਆਉਂਦੀ ਹੈ ਤਾਂ ਘਰਾਂ ਦੇ ਬੂਹਿਆਂ ਉੱਤੇ ਦੀਵੇ ਜਗਦੇ ਹਨ, ਵਿਹੜਿਆਂ ਵਿੱਚ ਰੰਗੋਲੀਆਂ ਸਜਦੀਆਂ ਹਨ, ਬਾਜ਼ਾਰਾਂ ਵਿੱਚ ਰੌਣਕਾਂ ਲੱਗਦੀਆਂ ਹਨ ਅਤੇ ਹਰ ਚਿਹਰੇ ਉੱਤੇ ਖ਼ੁਸ਼ੀ ਦੀ ਇੱਕ ਨਵੀਂ ਚਮਕ ਦਿਖਾਈ ਦਿੰਦੀ ਹੈ। ਇਹ ਉਹ ਤਿਉਹਾਰ ਹੈ ਜਿਸ ਦੀ ਉਡੀਕ ਸਿਰਫ਼ ਬੱਚੇ ਹੀ ਨਹੀਂ, ਸਗੋਂ ਹਰ ਉਮਰ ਦਾ ਮਨੁੱਖ ਕਰਦਾ ਹੈ। ਪਰ ਕਦੇ ਅਸੀਂ ਆਪਣੇ ਆਪ ਨੂੰ ਇੱਕ ਸਵਾਲ ਪੁੱਛਿਆ ਹੈ ਕਿ ਜਿਸ ਦੀਵਾਲੀ ਨੂੰ ਅਸੀਂ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਮੰਨਦੇ ਹਾਂ, ਕੀ ਉਸੇ ਦੀਵਾਲੀ ਦੀ ਰਾਤ ਅਸੀਂ ਆਪਣੀ ਧਰਤੀ ਦੇ ਆਕਾਸ਼ ਨੂੰ ਧੂੰਏਂ ਨਾਲ ਭਰ ਕੇ ਉਸ ਦੀ ਕੁਦਰਤੀ ਰੌਸ਼ਨੀ ਹੀ ਨਹੀਂ ਖੋਹ ਰਹੇ?
ਅਸੀਂ ਦੀਵਾਲੀ ਮਨਾਉਣ ਲਈ ਹਜ਼ਾਰਾਂ ਰੁਪਏ ਦੇ ਪਟਾਖੇ ਖਰੀਦ ਲੈਂਦੇ ਹਾਂ, ਪਰ ਕਦੇ ਇਹ ਨਹੀਂ ਸੋਚਦੇ ਕਿ ਕੁਝ ਪਲਾਂ ਦੀ ਆਵਾਜ਼ ਅਤੇ ਰੰਗਾਂ ਪਿੱਛੇ ਕਿੰਨੀ ਲੰਮੀ ਚੁੱਪ ਲੁਕੀ ਹੁੰਦੀ ਹੈ। ਉਹ ਚੁੱਪ ਉਨ੍ਹਾਂ ਪੰਛੀਆਂ ਦੀ ਹੁੰਦੀ ਹੈ ਜੋ ਡਰ ਕੇ ਆਪਣੇ ਆਲ੍ਹਣਿਆਂ ਵਿੱਚ ਸਿਮਟ ਜਾਂਦੇ ਹਨ, ਉਨ੍ਹਾਂ ਬਜ਼ੁਰਗਾਂ ਦੀ ਹੁੰਦੀ ਹੈ ਜਿਨ੍ਹਾਂ ਲਈ ਪਟਾਕਿਆਂ ਦੀ ਉੱਚੀ ਆਵਾਜ਼ ਪੀੜਾ ਬਣ ਜਾਂਦੀ ਹੈ, ਉਨ੍ਹਾਂ ਮਾਸੂਮ ਬੱਚਿਆਂ ਦੀ ਹੁੰਦੀ ਹੈ ਜਿਨ੍ਹਾਂ ਦੇ ਫੇਫੜੇ ਪ੍ਰਦੂਸ਼ਿਤ ਹਵਾ ਨਾਲ ਜੂਝਦੇ ਹਨ ਅਤੇ ਉਨ੍ਹਾਂ ਬੇਜ਼ੁਬਾਨ ਜੀਵਾਂ ਦੀ ਹੁੰਦੀ ਹੈ ਜੋ ਸਾਡੀ ਖ਼ੁਸ਼ੀ ਦੇ ਸ਼ੋਰ ਵਿੱਚ ਆਪਣਾ ਡਰ ਵੀ ਬਿਆਨ ਨਹੀਂ ਕਰ ਸਕਦੇ।
ਕੀ ਸਾਡੀ ਖ਼ੁਸ਼ੀ ਕਿਸੇ ਹੋਰ ਦੇ ਸਾਹਾਂ ਦੀ ਕੀਮਤ ਉੱਤੇ ਹੋਣੀ ਚਾਹੀਦੀ ਹੈ?
ਇਹੀ ਸਵਾਲ ਗ੍ਰੀਨ ਦੀਵਾਲੀ ਦੀ ਅਸਲ ਸ਼ੁਰੂਆਤ ਹੈ।
ਦੀਵਾਲੀ ਦਾ ਅਰਥ ਸਿਰਫ਼ ਘਰ ਰੌਸ਼ਨ ਕਰਨਾ ਨਹੀਂ, ਸੋਚ ਰੌਸ਼ਨ ਕਰਨਾ ਵੀ ਹੈ
ਸਾਡੇ ਸੱਭਿਆਚਾਰ ਵਿੱਚ ਦੀਵੇ ਦਾ ਬਹੁਤ ਡੂੰਘਾ ਅਰਥ ਹੈ। ਦੀਵਾ ਖ਼ੁਦ ਜਲ ਕੇ ਦੂਜਿਆਂ ਨੂੰ ਰੌਸ਼ਨੀ ਦਿੰਦਾ ਹੈ। ਪਰ ਅੱਜ ਮਨੁੱਖ ਨੇ ਆਪਣੀ ਖ਼ੁਸ਼ੀ ਨੂੰ ਦਿਖਾਵੇ ਨਾਲ ਜੋੜ ਲਿਆ ਹੈ। ਘਰ ਕਿੰਨਾ ਸਜਿਆ ਹੈ, ਪਟਾਖੇ ਕਿੰਨੇ ਚੱਲੇ ਹਨ, ਮਿਠਾਈ ਕਿੰਨੀ ਵੰਡੀ ਗਈ ਹੈ-ਇਹ ਸਭ ਸਾਡੀ ਖ਼ੁਸ਼ੀ ਦੇ ਮਾਪਦੰਡ ਬਣ ਗਏ ਹਨ।
ਪਰ ਅਸਲ ਦੀਵਾਲੀ ਤਾਂ ਉਹ ਹੋਵੇਗੀ ਜਦੋਂ ਕਿਸੇ ਗ਼ਰੀਬ ਦੇ ਘਰ ਵਿੱਚ ਵੀ ਚੁੱਲ੍ਹਾ ਜਲੇ, ਕਿਸੇ ਇਕੱਲੇ ਬਜ਼ੁਰਗ ਦੇ ਚਿਹਰੇ ਉੱਤੇ ਮੁਸਕਾਨ ਆਵੇ, ਕਿਸੇ ਲੋੜਵੰਦ ਬੱਚੇ ਦੇ ਹੱਥ ਵਿੱਚ ਕਿਤਾਬ ਹੋਵੇ ਅਤੇ ਕਿਸੇ ਮਜ਼ਦੂਰ ਦੇ ਪਰਿਵਾਰ ਨੂੰ ਵੀ ਤਿਉਹਾਰ ਦੀ ਖ਼ੁਸ਼ੀ ਮਹਿਸੂਸ ਹੋਵੇ।
ਸੋਚੋ, ਜੇ ਅਸੀਂ ਇਸ ਦੀਵਾਲੀ ਪਟਾਕਿਆਂ ਉੱਤੇ ਖ਼ਰਚ ਹੋਣ ਵਾਲੇ ਪੈਸਿਆਂ ਨਾਲ ਕਿਸੇ ਲੋੜਵੰਦ ਬੱਚੇ ਦੀ ਪੜ੍ਹਾਈ ਵਿੱਚ ਯੋਗਦਾਨ ਪਾ ਦੇਈਏ ਤਾਂ ਕੀ ਇਹ ਖ਼ੁਸ਼ੀ ਕਿਸੇ ਵੀ ਆਤਿਸ਼ਬਾਜ਼ੀ ਤੋਂ ਘੱਟ ਹੋਵੇਗੀ?
ਇਸ ਲਈ ਗ੍ਰੀਨ ਦੀਵਾਲੀ ਸਿਰਫ਼ ਪਟਾਕੇ ਨਾ ਚਲਾਉਣ ਦਾ ਨਾਮ ਨਹੀਂ, ਸਗੋਂ ਕੁਦਰਤ ਨਾਲ ਆਪਣਾ ਰਿਸ਼ਤਾ ਮੁੜ ਜੋੜਨ ਦਾ ਇੱਕ ਸੰਕਲਪ ਹੈ।
ਆਓ, ਇਸ ਵਾਰ ਮਿੱਟੀ ਦੇ ਦੀਵਿਆਂ ਨੂੰ ਤਰਜੀਹ ਦੇਈਏ। ਸਥਾਨਕ ਕਾਰੀਗਰਾਂ ਤੋਂ ਦੀਵੇ ਖਰੀਦੀਏ। ਘਰਾਂ ਨੂੰ ਕੁਦਰਤੀ ਸਜਾਵਟ ਨਾਲ ਸਜਾਈਏ। ਬਿਜਲੀ ਦੀ ਬੇਲੋੜੀ ਖਪਤ ਘਟਾਈਏ। ਪਲਾਸਟਿਕ ਦੀ ਥਾਂ ਦੁਬਾਰਾ ਵਰਤੋਂ ਯੋਗ ਸਮੱਗਰੀ ਅਪਣਾਈਏ। ਮਿਠਾਈ ਅਤੇ ਤੋਹਫ਼ੇ ਵੰਡਦੇ ਸਮੇਂ ਪੈਕੇਜਿੰਗ ਦੇ ਕੂੜੇ ਨੂੰ ਵੀ ਧਿਆਨ ਵਿੱਚ ਰੱਖੀਏ।
ਇਹ ਛੋਟੇ-ਛੋਟੇ ਕਦਮ ਹਨ, ਪਰ ਜਦੋਂ ਲੱਖਾਂ ਲੋਕ ਇਨ੍ਹਾਂ ਨੂੰ ਅਪਣਾਉਂਦੇ ਹਨ ਤਾਂ ਇਹੀ ਕਦਮ ਇੱਕ ਵੱਡੀ ਤਬਦੀਲੀ ਦਾ ਰੂਪ ਲੈ ਲੈਂਦੇ ਹਨ।
ਇੱਕ ਅਧਿਆਪਕ ਦੀ ਨਜ਼ਰ ਵਿੱਚ ਗ੍ਰੀਨ ਦੀਵਾਲੀ
ਇੱਕ ਅਧਿਆਪਕ ਵਜੋਂ ਮੇਰਾ ਵਿਸ਼ਵਾਸ ਹੈ ਕਿ ਸਿੱਖਿਆ ਦਾ ਮਕਸਦ ਸਿਰਫ਼ ਬੱਚਿਆਂ ਨੂੰ ਕਿਤਾਬਾਂ ਦੇ ਪਾਠ ਯਾਦ ਕਰਵਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਜੀਵਨ ਦੇ ਸਹੀ ਅਰਥ ਸਮਝਾਉਣਾ ਵੀ ਹੈ। ਜੇ ਅਸੀਂ ਕਲਾਸ ਵਿੱਚ ਬੱਚਿਆਂ ਨੂੰ ਵਾਤਾਵਰਣ ਪ੍ਰਦੂਸ਼ਣ ਦੇ ਨੁਕਸਾਨ ਪੜ੍ਹਾਈਏ, ਓਜ਼ੋਨ ਪਰਤ ਦੀ ਮਹੱਤਤਾ ਸਮਝਾਈਏ, ਗਲੋਬਲ ਵਾਰਮਿੰਗ ਬਾਰੇ ਦੱਸੀਏ ਅਤੇ ਫਿਰ ਤਿਉਹਾਰ ਵਾਲੇ ਦਿਨ ਖ਼ੁਦ ਹੀ ਵਾਤਾਵਰਣ ਨੂੰ ਨੁਕਸਾਨ ਪਹੁੰਚਾਈਏ, ਤਾਂ ਸਾਡੀ ਸਿੱਖਿਆ ਅਧੂਰੀ ਰਹਿ ਜਾਂਦੀ ਹੈ।
ਬੱਚੇ ਸਾਡੇ ਭਾਸ਼ਣਾਂ ਨਾਲੋਂ ਸਾਡੇ ਵਿਹਾਰ ਤੋਂ ਵੱਧ ਸਿੱਖਦੇ ਹਨ।
ਇਸ ਦੀਵਾਲੀ ਸਕੂਲਾਂ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ ਜਿਨ੍ਹਾਂ ਰਾਹੀਂ ਬੱਚੇ ਮਿੱਟੀ ਦੇ ਦੀਵੇ ਬਣਾਉਣ, ਪੌਦੇ ਲਗਾਉਣ, ਵਾਤਾਵਰਣ ਸੰਭਾਲ ਦੇ ਸੁਨੇਹੇ ਲਿਖਣ ਅਤੇ ਆਪਣੇ ਪਰਿਵਾਰਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ।
ਕਿਉਂਕਿ ਜਦੋਂ ਇੱਕ ਬੱਚਾ ਆਪਣੇ ਪਿਤਾ ਦਾ ਹੱਥ ਫੜ ਕੇ ਕਹਿੰਦਾ ਹੈ, “ਪਾਪਾ, ਇਸ ਵਾਰ ਪਟਾਕੇ ਨਹੀਂ, ਅਸੀਂ ਇੱਕ ਪੌਦਾ ਲਗਾਵਾਂਗੇ,” ਤਾਂ ਸਮਝੋ ਕਿ ਸਿੱਖਿਆ ਨੇ ਆਪਣਾ ਸਭ ਤੋਂ ਸੁੰਦਰ ਰੂਪ ਧਾਰਨ ਕਰ ਲਿਆ ਹੈ।
ਇਸ ਦੀਵਾਲੀ ਕੁਝ ਅਜਿਹਾ ਕਰੀਏ ਜੋ ਤਿਉਹਾਰ ਤੋਂ ਬਾਅਦ ਵੀ ਜਿਊਂਦਾ ਰਹੇ
ਇੱਕ ਪਟਾਕਾ ਕੁਝ ਸਕਿੰਟਾਂ ਵਿੱਚ ਖ਼ਤਮ ਹੋ ਜਾਂਦਾ ਹੈ, ਪਰ ਉਸ ਦਾ ਧੂੰਆਂ ਕਾਫ਼ੀ ਸਮੇਂ ਤੱਕ ਹਵਾ ਵਿੱਚ ਰਹਿ ਸਕਦਾ ਹੈ।
ਇੱਕ ਬਿਜਲੀ ਦੀ ਲੜੀ ਕੁਝ ਦਿਨਾਂ ਲਈ ਘਰ ਚਮਕਾਉਂਦੀ ਹੈ, ਪਰ ਇੱਕ ਰੁੱਖ ਕਈ ਸਾਲਾਂ ਤੱਕ ਛਾਂ, ਆਕਸੀਜਨ ਅਤੇ ਜੀਵਨ ਦਿੰਦਾ ਹੈ।
ਇੱਕ ਮਹਿੰਗਾ ਤੋਹਫ਼ਾ ਕੁਝ ਪਲਾਂ ਦੀ ਖ਼ੁਸ਼ੀ ਦਿੰਦਾ ਹੈ, ਪਰ ਕਿਸੇ ਲੋੜਵੰਦ ਦੀ ਮਦਦ ਉਸ ਦੇ ਜੀਵਨ ਵਿੱਚ ਲੰਮੇ ਸਮੇਂ ਤੱਕ ਉਮੀਦ ਜਗਾ ਸਕਦੀ ਹੈ।
ਇਸ ਲਈ ਇਸ ਵਾਰ ਇੱਕ ਨਵੀਂ ਪਰੰਪਰਾ ਸ਼ੁਰੂ ਕਰੀਏ:
ਹਰ ਪਰਿਵਾਰ ਘੱਟੋ-ਘੱਟ ਇੱਕ ਪੌਦਾ ਲਗਾਵੇ ਅਤੇ ਉਸ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਲਵੇ।
ਮਿੱਟੀ ਦੇ ਦੀਵਿਆਂ ਨਾਲ ਆਪਣੇ ਘਰ ਅਤੇ ਵਿਹੜੇ ਨੂੰ ਰੌਸ਼ਨ ਕਰੇ।
ਪਟਾਕਿਆਂ ਤੋਂ ਦੂਰ ਰਹਿ ਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਸੁਰੱਖਿਅਤ ਮਾਹੌਲ ਬਣਾਵੇ।
ਕਿਸੇ ਲੋੜਵੰਦ ਪਰਿਵਾਰ ਨਾਲ ਖ਼ੁਸ਼ੀਆਂ ਸਾਂਝੀਆਂ ਕਰੇ।
ਆਪਣੇ ਆਲੇ-ਦੁਆਲੇ ਸਫ਼ਾਈ
ਰੱਖੇ ਅਤੇ ਕੂੜੇ ਦਾ ਸਹੀ ਨਿਪਟਾਰਾ ਕਰੇ।
ਆਪਣੇ ਬੱਚਿਆਂ ਨੂੰ ਸਮਝਾਵੇ ਕਿ ਕੁਦਰਤ ਦੀ ਰੱਖਿਆ ਕਰਨਾ ਵੀ ਸਾਡਾ ਨੈਤਿਕ ਫ਼ਰਜ਼ ਹੈ।
“ਮਨੁੱਖਾ! ਤੂੰ ਮੇਰੀ ਗੋਦ ਵਿੱਚ ਜਨਮ ਲਿਆ, ਮੇਰੇ ਪਾਣੀ ਨਾਲ ਪਲਿਆ, ਮੇਰੀ ਹਵਾ ਨਾਲ ਸਾਹ ਲਿਆ ਅਤੇ ਮੇਰੀ ਮਿੱਟੀ ਤੋਂ ਅੰਨ ਪ੍ਰਾਪਤ ਕੀਤਾ। ਮੈਂ ਤੈਨੂੰ ਸਭ ਕੁਝ ਦਿੱਤਾ, ਬਦਲੇ ਵਿੱਚ ਮੈਨੂੰ ਸਿਰਫ਼ ਇੰਨਾ ਦੇ ਦੇ ਕਿ ਮੇਰੇ ਆਕਾਸ਼ ਵਿੱਚ ਪੰਛੀ ਬਿਨਾਂ ਡਰ ਉੱਡ ਸਕਣ, ਮੇਰੇ ਜੰਗਲਾਂ ਵਿੱਚ ਜੀਵ ਬਿਨਾਂ ਭੈਅ ਰਹਿ ਸਕਣ, ਮੇਰੀ ਹਵਾ ਵਿੱਚ ਤੇਰੇ ਬੱਚੇ ਖੁੱਲ੍ਹ ਕੇ ਸਾਹ ਲੈ ਸਕਣ ਅਤੇ ਮੇਰੀ ਮਿੱਟੀ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ।”
ਸ਼ਾਇਦ ਇਹੀ ਉਹ ਆਵਾਜ਼ ਹੈ ਜਿਸ ਨੂੰ ਅਸੀਂ ਵਿਕਾਸ ਅਤੇ ਦਿਖਾਵੇ ਦੇ ਸ਼ੋਰ ਵਿੱਚ ਸੁਣਨਾ ਭੁੱਲ ਗਏ ਹਾਂ।
ਆਓ, ਇਸ ਦੀਵਾਲੀ ਅਸੀਂ ਸਿਰਫ਼ ਆਪਣੇ ਘਰਾਂ ਦੇ ਹਨੇਰੇ ਦੂਰ ਨਾ ਕਰੀਏ, ਸਗੋਂ ਆਪਣੇ ਮਨਾਂ ਵਿੱਚੋਂ ਲਾਪਰਵਾਹੀ, ਦਿਖਾਵੇ ਅਤੇ ਸਵਾਰਥ ਦਾ ਹਨੇਰਾ ਵੀ ਦੂਰ ਕਰੀਏ।
ਕਿਉਂਕਿ ਦੀਵਾਲੀ ਦੀ ਅਸਲ ਜਿੱਤ ਉਸ ਰਾਤ ਨਹੀਂ ਹੋਵੇਗੀ ਜਦੋਂ ਅਸਮਾਨ ਸਭ ਤੋਂ ਵੱਧ ਚਮਕੇਗਾ, ਸਗੋਂ ਉਸ ਦਿਨ ਹੋਵੇਗੀ ਜਦੋਂ ਸਾਡੀ ਧਰਤੀ ਸਭ ਤੋਂ ਵੱਧ ਮੁਸਕਰਾਏਗੀ।
ਇਸ ਵਾਰ ਦੀਵਾ ਘਰ ਵਿੱਚ ਹੀ ਨਹੀਂ, ਕਿਸੇ ਦੇ ਦਿਲ ਵਿੱਚ ਵੀ ਜਗਾਈਏ। ਪਟਾਕਿਆਂ ਦਾ ਧੂੰਆਂ ਨਹੀਂ, ਪਿਆਰ ਦੀ ਖੁਸ਼ਬੂ ਫੈਲਾਈਏ। ਅਜਿਹੀ ਦੀਵਾਲੀ ਮਨਾਈਏ ਜਿਸ ਤੋਂ ਬਾਅਦ ਸਵੇਰ ਦਾ ਸੂਰਜ ਸਾਡੀ ਧਰਤੀ ਨੂੰ ਧੂੰਏਂ ਦੀ ਚਾਦਰ ਵਿੱਚ ਨਹੀਂ, ਸਾਫ਼ ਹਵਾ ਅਤੇ ਨਵੀਂ ਉਮੀਦ ਵਿੱਚੋਂ ਉੱਗਦਾ ਹੋਇਆ ਦੇਖੇ।
ਕਿਉਂਕਿ ਅਸੀਂ ਧਰਤੀ ਦੇ ਮਾਲਕ ਨਹੀਂ, ਸਿਰਫ਼ ਇਸ ਦੇ ਅਗਲੇ ਵਾਰਸਾਂ ਲਈ ਰੱਖਵਾਲੇ ਹਾਂ।
ਸ਼ੁਭ ਦੀਵਾਲੀ!
ਆਓ, ਇਸ ਵਾਰ ਰੌਸ਼ਨੀ ਵੀ ਵੰਡੀਏ ਅਤੇ ਜੀਵਨ ਵੀ ਬਚਾਈਏ। 🌱🪔
*ਦੀਵਾਲੀ ਉਹ ਨਹੀਂ ਜੋ ਸਿਰਫ਼ ਇੱਕ ਰਾਤ ਨੂੰ ਰੌਸ਼ਨ ਕਰੇ, ਦੀਵਾਲੀ ਉਹ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਰੌਸ਼ਨ ਕਰ ਦੇਵੇ।”*
ਵਿਵੇਕ ਸ਼ਰਮਾ,ਸਾਇੰਸ ਮਾਸਟਰ

















