Agricultural Experts Inspect Paddy Nurseries, Offer Scientific Guidance to Farmers
ਰੂਪਨਗਰ, 17 ਜੂਨ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਰੋਪੜ ਵੱਲੋਂ ਪਿੰਡ ਓਇੰਦ ਅਤੇ ਲੁਠੇੜੀ ਵਿਖੇ ਝੋਨੇ ਦੀ ਫ਼ਸਲ ਵਿੱਚ ਵਾਇਰਸ ਰੋਗ ਦੇ ਸੰਭਾਵਿਤ ਹਮਲੇ ਨੂੰ ਧਿਆਨ ਵਿੱਚ ਰੱਖਦਿਆਂ ਪਨੀਰੀਆਂ ਦਾ ਵਿਸ਼ੇਸ਼ ਸਰਵੇਖਣ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੂੰ ਫ਼ਸਲਾਂ ਦੀ ਸੁਰੱਖਿਆ ਅਤੇ ਵਿਗਿਆਨਕ ਖੇਤੀ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਅਭਿਆਨ ਦੌਰਾਨ ਐਸ.ਈ.ਐਸ. (ਫ਼ਸਲ ਵਿਗਿਆਨ) ਡਾ. ਰਾਮਿੰਦਰ ਸਿੰਘ ਘੁੰਮਣ ਨੇ ਕਿਸਾਨਾਂ ਨੂੰ ਝੋਨੇ ਵਿੱਚ ਵਾਇਰਸ ਫੈਲਾਉਣ ਵਾਲੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਪਨੀਰੀਆਂ ਦਾ ਲਗਾਤਾਰ ਸਰਵੇਖਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਟਿੱਡੇ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਿਫ਼ਾਰਸ਼ੀ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਗਰਮੀ ਰੁੱਤ ਦੀਆਂ ਫ਼ਸਲਾਂ, ਜਿਵੇਂ ਕਿ ਮੱਕੀ ਅਤੇ ਮੂੰਗਫਲੀ, ਵਿੱਚ ਨਦੀਨਾਂ ਦੀ ਰੋਕਥਾਮ ਅਤੇ ਪਾਣੀ ਦੀ ਬਚਤ ਲਈ ਮਲਚਿੰਗ ਤਕਨੀਕ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮਲਚਿੰਗ ਨਾਲ ਮਿੱਟੀ ਦੀ ਨਮੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਨਦੀਨਾਂ ਦੀ ਵਾਧਾ ਘਟਦੀ ਹੈ ਅਤੇ ਫ਼ਸਲਾਂ ਦਾ ਵਿਕਾਸ ਬਿਹਤਰ ਹੁੰਦਾ ਹੈ।
ਇਸ ਮੌਕੇ ਡੀ.ਈ.ਐਸ. (ਫ਼ਲ ਵਿਗਿਆਨ) ਡਾ. ਅਵਨੀਤ ਕੌਰ ਨੇ ਕਿਸਾਨਾਂ ਨੂੰ ਫਲਦਾਰ ਬੂਟਿਆਂ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਫ਼ਲ ਦੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਫਰੂਟ ਫਲਾਈ ਟ੍ਰੈਪ ਦੀ ਮਹੱਤਤਾ ਅਤੇ ਇਸ ਦੀ ਸਹੀ ਵਰਤੋਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਫਰੂਟ ਫਲਾਈ ਟ੍ਰੈਪ ਦੀ ਵਰਤੋਂ ਨਾਲ ਕੀਟਾਂ ਦੀ ਨਿਗਰਾਨੀ ਅਤੇ ਰੋਕਥਾਮ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕਦੀ ਹੈ, ਜਿਸ ਨਾਲ ਫ਼ਸਲਾਂ ਦੀ ਗੁਣਵੱਤਾ ਅਤੇ ਉਤਪਾਦਨ ਵਿੱਚ ਸੁਧਾਰ ਹੁੰਦਾ ਹੈ।
ਕਿਸਾਨਾਂ ਨੂੰ ਪ੍ਰਦਰਸ਼ਨ ਲਈ ਫਲਾਂ ਅਤੇ ਸਬਜ਼ੀਆਂ ਲਈ ਵਰਤੇ ਜਾਣ ਵਾਲੇ ਫਰੂਟ ਫਲਾਈ ਟ੍ਰੈਪ ਵੀ ਮੁਹੱਈਆ ਕਰਵਾਏ ਗਏ। ਕੈਂਪ ਵਿੱਚ ਕਿਸਾਨਾਂ ਨੇ ਆਪਣੀਆਂ ਖੇਤੀ ਸਬੰਧੀ ਸਮੱਸਿਆਵਾਂ ਬਾਰੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਮਾਹਿਰਾਂ ਵੱਲੋਂ ਉਨ੍ਹਾਂ ਨੂੰ ਲੋੜੀਂਦੀ ਤਕਨੀਕੀ ਸਲਾਹ ਦਿੱਤੀ ਗਈ।

















