
ਸਿੱਖਿਆ ਕਿਸੇ ਵੀ ਸਮਾਜ ਦੀ ਨੀਂਹ ਹੁੰਦੀ ਹੈ, ਅਤੇ ਇਸ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਰਹਿੰਦੀ ਹੈ। ਵਿਦਿਆਰਥੀ ਇੱਕ ਖਾਲੀ ਪਿਆਲਾ ਹੁੰਦੇ ਹਨ, ਜਿਸ ਨੂੰ ਗਿਆਨ ਦੀ ਰੋਸ਼ਨੀ ਨਾਲ ਭਰਨ ਲਈ ਘਰ ਅਤੇ ਸਕੂਲ ਦੋਵੇਂ ਥਾਵਾਂ ਤੋਂ ਸਮਰਥਨ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ “ਮਾਪੇ-ਅਧਿਆਪਕ ਮਿਲਣੀ” ਦੇ ਪ੍ਰੋਗਰਾਮ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਮੌਜੂਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੀ ਦੂਰਅੰਦੇਸ਼ੀ ਸੋਚ ਤਹਿਤ, ਇਹ ਪ੍ਰੋਗਰਾਮ ਨਿਰੰਤਰ ਲੜੀ ਦੇ ਰੂਪ ਵਿੱਚ ਸਕੂਲਾਂ ਵਿੱਚ ਚਲਾਇਆ ਜਾ ਰਿਹਾ ਹੈ, ਜੋ ਵਿਦਿਆਰਥੀਆਂ ਦੇ ਵਿਕਾਸ ਲਈ ਇਕ ਬਹੁਤ ਵੱਡਾ ਵਰਦਾਨ ਸਾਬਤ ਹੋ ਰਿਹਾ ਹੈ।

ਮਾਪੇ-ਅਧਿਆਪਕ ਮਿਲਣੀ ਦੀ ਲੋੜ ਅਤੇ ਮਹੱਤਤਾ ਬਹੁਤ ਜਿਆਦਾ ਹੈ। ਇੱਕ ਵਿਦਿਆਰਥੀ ਦੇ ਸੰਪੂਰਨ ਵਿਕਾਸ ਵਿੱਚ ਤਿੰਨ ਮੁੱਖ ਹਿੱਸੇਦਾਰ ਹੁੰਦੇ ਹਨ – ਮਾਪੇ, ਅਧਿਆਪਕ, ਅਤੇ ਵਿਦਿਆਰਥੀ ਆਪ । ਅਧਿਆਪਕ ਵਿਦਿਆਰਥੀ ਨੂੰ ਸਕੂਲ ਵਿੱਚ ਸਿੱਖਣ ਦੀ ਪ੍ਰੇਰਣਾ ਦਿੰਦੇ ਹਨ, ਪਰ ਘਰ ਵਿੱਚ ਮਾਪਿਆਂ ਦੀ ਭੂਮਿਕਾ ਵੀ ਉਨੀ ਹੀ ਮਹੱਤਵਪੂਰਨ ਰਹਿੰਦੀ ਹੈ। ਜਦ ਤੱਕ ਮਾਪੇ ਅਤੇ ਅਧਿਆਪਕ ਮਿਲ ਕੇ ਵਿਦਿਆਰਥੀ ਦੀ ਤਰੱਕੀ ਲਈ ਕੰਮ ਨਹੀਂ ਕਰਦੇ, ਉਦੋਂ ਤੱਕ ਬੱਚਾ ਆਪਣੀ ਮੰਜਿਲ ਦੀ ਪ੍ਰਾਪਤੀ ਤੱਕ ਨਹੀਂ ਪਹੁੰਚ ਸਕਦਾ। ਇਸ ਲਈ, ਮਾਪੇ-ਅਧਿਆਪਕ ਮਿਲਣੀ ਇੱਕ ਐਸੀ ਪ੍ਰਕਿਰਿਆ ਬਣ ਗਈ ਹੈ, ਜਿਸ ਵਿੱਚ ਦੋਵੇਂ ਧਿਰਾਂ (ਮਾਪੇ ਅਤੇ ਅਧਿਆਪਕ) ਵਿਦਿਆਰਥੀ ਦੀ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕਰਦੇ ਹਨ।
