Rotary Club Rupnagar Launches ‘Rotary Vidya Sarthi’ Free Telephone Helpline for Students

ਰੂਪਨਗਰ, 6 ਜੁਲਾਈ: ਵਿਦਿਆਰਥੀਆਂ ਨੂੰ ਕਰੀਅਰ ਦੀ ਸਹੀ ਦਿਸ਼ਾ, ਕੋਰਸਾਂ ਦੀ ਚੋਣ, ਸਕਿੱਲ ਡਿਵੈਲਪਮੈਂਟ ਅਤੇ ਮਾਨਸਿਕ ਸਿਹਤ ਸੰਬੰਧੀ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਰੂਪਨਗਰ ਵੱਲੋਂ “ਰੋਟਰੀ ਵਿਦਿਆ ਸਾਰਥੀ” ਮੁਫ਼ਤ ਟੈਲੀਫੋਨ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹੈਲਪਲਾਈਨ ਦੇ ਪੋਸਟਰ ਦਾ ਰਸਮੀ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕੀਤਾ।
ਇਸ ਮੌਕੇ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਦੌਰ ਵਿੱਚ ਵਿਦਿਆਰਥੀਆਂ ਲਈ ਸਮੇਂ ਸਿਰ ਸਹੀ ਕਰੀਅਰ ਮਾਰਗਦਰਸ਼ਨ ਅਤੇ ਮਨੋਵਿਗਿਆਨਕ ਸਹਾਇਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਹੈਲਪਲਾਈਨ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਨਾਲ ਜੁੜੇ ਮਹੱਤਵਪੂਰਨ ਫ਼ੈਸਲੇ ਲੈਣ ਵਿੱਚ ਸਹਾਇਕ ਸਾਬਤ ਹੋਵੇਗੀ।
ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਨੇ ਦੱਸਿਆ ਕਿ “ਰੋਟਰੀ ਵਿਦਿਆ ਸਾਰਥੀ” ਤਹਿਤ ਵਿਦਿਆਰਥੀਆਂ ਨੂੰ ਦੋ ਵੱਖ-ਵੱਖ ਸ਼੍ਰੇਣੀਆਂ ਵਿੱਚ ਮੁਫ਼ਤ ਟੈਲੀਫੋਨ ਸਲਾਹ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਕਰੀਅਰ, ਕੋਰਸ ਦੀ ਚੋਣ ਅਤੇ ਸਕਿੱਲ ਡਿਵੈਲਪਮੈਂਟ ਸੰਬੰਧੀ ਮਾਰਗਦਰਸ਼ਨ ਲਈ ਹਰ ਰੋਜ਼ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਹੇਠ ਲਿਖੇ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ:– ਪ੍ਰੋ. ਪ੍ਰਭਜੀਤ ਸਿੰਘ – 94170-24654 – ਡਾ. ਜੇ. ਕੇ. ਸ਼ਰਮਾ – 94174-31313
ਜਦਕਿ ਪੜ੍ਹਾਈ ਦਾ ਤਣਾਅ, ਚਿੰਤਾ, ਭਾਵਨਾਤਮਕ ਵਿਵਹਾਰ ਅਤੇ ਘਰੇਲੂ ਸਮੱਸਿਆਵਾਂ ਸੰਬੰਧੀ ਸਲਾਹ ਲਈ ਹਰ ਰੋਜ਼ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ:– ਮੈਡਮ ਜਸਜੀਤ ਕੌਰ – 94652-04525 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਕਲੱਬ ਦੇ ਸਕੱਤਰ ਰੋਟੇਰੀਅਨ ਅਸ਼ੋਕ ਚੱਢਾ ਨੇ ਦੱਸਿਆ ਕਿ ਇਸ ਹੈਲਪਲਾਈਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਹੀ ਸਮੇਂ ਸਹੀ ਸਲਾਹ ਅਤੇ ਭਾਵਨਾਤਮਕ ਸਹਿਯੋਗ ਪ੍ਰਦਾਨ ਕਰਕੇ ਉਨ੍ਹਾਂ ਨੂੰ ਆਤਮਵਿਸ਼ਵਾਸ ਨਾਲ ਆਪਣੇ ਟੀਚਿਆਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਡਿਪਟੀ ਡੀ.ਈ.ਓ. ਇੰਦਰਜੀਤ ਸਿੰਘ ਰਣੌਤ, ਰੋਟੇਰੀਅਨ ਗਗਨ ਸੈਣੀ, ਰੋਟੇਰੀਅਨ ਅਸ਼ੋਕ ਚੱਢਾ, ਰੋਟੇਰੀਅਨ ਅਮਰ ਰਾਜ ਸੈਣੀ, ਪ੍ਰੋ. ਪ੍ਰਭਜੀਤ ਸਿੰਘ, ਡਾ. ਜੇ. ਕੇ. ਸ਼ਰਮਾ, ਰੋਟੇਰੀਅਨ ਸਤੀਸ਼ ਵਾਹੀ, ਰੋਟੇਰੀਅਨ ਉਦੇ ਵਰਮਾ ਅਤੇ ਰੋਟੇਰੀਅਨ ਜਤਿੰਦਰ ਪਾਲ ਸਿੰਘ ਰੀਹਲ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਰੋਟਰੀ ਕਲੱਬ ਰੂਪਨਗਰ ਨੇ ਆਸ ਪ੍ਰਗਟਾਈ ਕਿ “ਰੋਟਰੀ ਵਿਦਿਆ ਸਾਰਥੀ” ਹੈਲਪਲਾਈਨ ਵਿਦਿਆਰਥੀਆਂ ਲਈ ਇੱਕ ਭਰੋਸੇਮੰਦ ਮਾਰਗਦਰਸ਼ਕ ਸਾਬਤ ਹੋਵੇਗੀ ਅਤੇ ਉਨ੍ਹਾਂ ਨੂੰ ਆਪਣੇ ਕਰੀਅਰ, ਸਿੱਖਿਆ ਅਤੇ ਜੀਵਨ ਨਾਲ ਜੁੜੀਆਂ ਚੁਣੌਤੀਆਂ ਦਾ ਆਤਮਵਿਸ਼ਵਾਸ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕਰੇਗੀ।

















