ਰੂਪਨਗਰ, 26 ਅਕਤੂਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਸੀਐਮ ਦੀ ਯੋਗਸ਼ਾਲਾ” ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਨਾਲ ਰੂਪਨਗਰ ਦੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ। ਆਮ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਲਈ ਚਲਾਏ ਜਾ ਰਹੇ ਪ੍ਰੋਜੈਕਟ ਦਾ ਬਹੁਤ ਸਾਰੇ ਲੋਕ ਲਾਭ ਉਠਾ ਰਹੇ ਹਨ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ “ਸੀਐਮ ਦੀ ਯੋਗਸ਼ਾਲਾ” ਤਹਿਤ ਸੂਬਾ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿੱਚ 105 ਥਾਵਾਂ ’ਤੇ ਇਹ ਯੋਗਸ਼ਾਲਾ ਚਲਾਈ ਰਹੀ ਹੈ, ਜਿਸ ਵਿੱਚ ਲੋਕਾਂ ਨੂੰ ਯੋਗਾ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਜ਼ਿਲ੍ਹੇ ਦੇ ਰੂਪਨਗਰ ਸ਼ਹਿਰ ਤੋਂ ਇਲਾਵਾ ਸਬ-ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ, ਮੋਰਿੰਡਾ, ਸ੍ਰੀ ਚਮਕੌਰ ਸਾਹਿਬ, ਨੂਰਪੁਰ ਬੇਦੀ ਦੇ ਵਿੱਚ ਮੁੱਖ ਮੰਤਰੀ ਯੋਗਸ਼ਾਲਾ ਦੀਆਂ ਇਹ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਪਣੇ ਸਰੀਰ ਨੂੰ ਜੀਵਨ ਭਰ ਤੰਦਰੁਸਤ ਰੱਖਣ ਲਈ ਖੂਨ ਦਾ ਸੰਚਾਰ ਸਹੀ ਹੋਣਾ ਜ਼ਰੂਰੀ ਹੈ, ਜੇਕਰ ਬਲੱਡ ਸਰਕੁਲੇਸ਼ਨ ‘ਚ ਕੋਈ ਸਮੱਸਿਆ ਜਾਂ ਰੁਕਾਵਟ ਹੈ ਤਾਂ ਇਹ ਚੰਗਾ ਸੰਕੇਤ ਨਹੀਂ ਹੈ। ਨਿਯਮਿਤ ਤੌਰ ‘ਤੇ ਯੋਗਾ ਕਰਨ ਨਾਲ ਸਰੀਰ ‘ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਸੂਖਮ ਅਭਿਆਸਾਂ, ਆਸਣਾਂ, ਪ੍ਰਾਣਾਯਾਮ ਅਤੇ ਧਿਆਨ ਦੀ ਵਰਤੋਂ ਕਰਨ ਨਾਲ, ਖੂਨ ਪੂਰੇ ਸਰੀਰ ਵਿੱਚ ਫੈਲੀਆਂ ਤੰਤੂਆਂ ਦੇ ਜਾਲ ਵਿੱਚ ਵਧੀਆ ਸੰਚਾਰ ਕਰਦਾ ਹੈ ਅਤੇ ਹਰ ਸੈੱਲ ਤੱਕ ਪਹੁੰਚਦਾ ਹੈ ਅਤੇ ਇਸਨੂੰ ਰੋਗ ਮੁਕਤ ਰੱਖਦਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਥਾਂਵਾਂ ਤੇ 20 ਟ੍ਰੇਨਰ ਸਵੇਰ ਅਤੇ ਸ਼ਾਮ ਦੀਆਂ ਸ਼ਿਫਟਾਂ ਵਿੱਚ ਸਿਖਲਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟ੍ਰੇਨਰਾਂ ਨੂੰ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵੱਲੋਂ ਯੋਗਾ ਦੀ ਸਿਖਲਾਈ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਯੋਗਸ਼ਾਲਾ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਦੁਆਰਾ ਇੱਕ ਹੈਲਪਲਾਈਨ ਨੰਬਰ 7669400500 ਜਾਰੀ ਕੀਤਾ ਗਿਆ ਹੈ, ਇਸ ਨੰਬਰ ‘ਤੇ ਤੁਸੀਂ ਇੱਕ ਮੁਫਤ ਯੋਗਾ ਇੰਸਟ੍ਰਕਟਰ ਲਈ ਇੱਕ ਮਿਸ ਕਾਲ ਕਰ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਵੈਬਸਾਈਟ ‘ਤੇ ਜਾ ਕੇ ਵੀ ਰਜਿਸਟਰ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡੇ ਇਲਾਕੇ ਦੇ ਯੋਗਾ ਟ੍ਰੇਨਰ ਉਨ੍ਹਾਂ ਨੂੰ ਯੋਗਾ ਦੀ ਸਿਖਲਾਈ ਦੇਣਗੇ।
Yogshala is running in 105 places in district Rupnagar