ਕਿਸਾਨਾਂ ਨੂੰ ਬਾਗ ਲਗਾਉਣ ਤੇ ਘਰੇਲੂ ਬਗੀਚੀ ਤਿਆਰ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ ਬਾਗਬਾਨੀ ਵਿਭਾਗ

The Horticulture Department is urging the farmers to plant orchards and prepare home gardens
ਸ੍ਰੀ ਅਨੰਦਪੁਰ ਸਾਹਿਬ 07 ਅਗਸਤ ( ਹਰਪ੍ਰੀਤ ਤਲਵਾੜ) ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਬਾਗ ਲਗਾਉਣ ਅਤੇ ਆਪਣੇ ਘਰਾਂ ਵਿੱਚ ਵੱਖ ਵੱਖ ਫਲਾਂ ਦੀ ਘਰੇਲੂ ਬਗੀਚੀ ਤਿਆਰ ਕਰਨ ਦੇ ਮੰਤਵ ਨਾਲ ਰਿਆਇਤੀ ਦਰਾਂ ਤੇ ਵਿਭਾਗ ਦੀਆਂ ਸਰਕਾਰੀ ਨਰਸਰੀਆਂ ਵਿੱਚੋਂ ਮਿਆਰੀ ਕਿਸਮ ਦੇ ਫਲਦਾਰ ਪਿਆਉਂਦੀ ਬੂਟੇ ਮੁਹੱਇਆ ਕਰਵਾਏ ਗਏ।
ਇਹ ਜਾਣਕਾਰੀ ਡਾਕਟਰ ਭਾਰਤ ਭੂਸ਼ਣ ਬਾਗਬਾਨੀ ਵਿਕਾਸ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੇ ਦਿੰਦੇ ਹੋਏ ਦੱਸਿਆ ਕਿ ਇਹ ਪਹਿਲਕਦਮੀ ਸੂਬੇ ਭਰ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਬਾਗ ਲਗਾਉਣ ਨਾਲ ਜਿੱਥੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਹੋਵੇਗਾ, ਉਸਦੇ ਨਾਲ ਨਾਲ ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ ਤੋਂ ਵੀ ਨਿਜਾਤ ਮਿਲੇਗੀ ਅਤੇ ਜਮੀਨੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ।
      ਉਹਨਾਂ ਦੱਸਿਆ ਕੀ ਇਲਾਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਵੱਲੋਂ ਚੰਗਰ ਦੇ ਕੁਝ ਇਲਾਕੇ ਵਿੱਚ ਸਿੰਚਾਈ ਲਈ ਪਾਣੀ ਮੁਹੱਇਆਂ ਕਰਵਾਉਣ ਲਈ ਜੋ ਯਤਨ ਕੀਤੇ ਗਏ ਹਨ, ਉਹਨਾਂ ਸਦਕਾ ਇਸ ਸਾਲ ਚੰਗਰ ਇਲਾਕੇ ਦੇ ਪਿੰਡਾਂ ਨਾਰੜ ,ਮੱਸੇਵਾਲ, ਦਬੂੜ, ਚੀਕਣਾ ਆਦਿ ਵਿੱਚ ਨਿੰਬੂ, ਅੰਬ, ਲੀਚੀ, ਨਾਸ਼ਪਾਤੀ ਅਤੇ ਡਰੈਗਨ ਫਰੂਟ ਫਲਾਂ ਦੇ ਬਾਗ ਲੱਗ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਚੰਗ਼ਰ ਦਾ ਇਲਾਕਾ ਵੀ ਬਾਗਬਾਨੀ ਕਾਰਨ ਮਸ਼ਹੂਰ ਹੋਵੇਗਾ।
    ਡਾਕਟਰ ਭੂਸ਼ਣ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਪੰਜਾਬ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਫਲਦਾਰ ਪਿਉਦੀ ਬੂਟੇ ਦੇਣ ਲਈ ਵਚਨਬੱਧ ਹੈ। ਫਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ ਬਾਗ ਲਗਾਉਣ ਤੇ ਬਾਗਬਾਨੀ ਵਿਭਾਗ ਵਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਕਿੰਨੂ, ਨਿੰਬੂ, ਡੇਜੀ, ਮਿੱਠਾ,ਗੱਲ ਗੱਲ , ਮੁਸੰਮੀ, ਅੰਬ, ਲੀਚੀ, ਅਮਰੂਦ, ਅੰਜੀਰ, ਜਾਮਨ, ਫਾਲਸਾ ਆਦਿ ਫਲਦਾਰ ਬੂਟੇ ਮੁਹੱਇਆ ਕਰਵਾਏ ਗਏ। ਉਹਨਾਂ ਅਪੀਲ ਕੀਤੀ ਕਿ ਬਾਗ ਲਗਾਉਣ ਦਾ ਚਾਹਵਾਨ ਕਿਸਾਨ ਬਾਗਬਾਨੀ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਨਾਲ ਜਰੂਰ ਰਾਬਤਾ ਕਾਇਮ ਕਰਨ।

Leave a Comment

Your email address will not be published. Required fields are marked *

Scroll to Top