ਵਿਦਿਆਰਥੀ ਸਮਾਂ ਵਿਅਰਥ ਗਵਾਉਣਾ ਛੱਡ ਕੇ ਸਖ਼ਤ ਮਿਹਨਤ ਕਰਨ।
ਵਿਦਿਆਰਥੀਆਂ ਦਾ ਹੁਣ ਸਮਾਂ ਸਖ਼ਤ ਮਿਹਨਤ ਕਰਨ ਦਾ ਹੈ, ਕਿਉਂਕਿ ਸਾਲ ਭਰ ਦੀ ਪੜ੍ਹਾਈ ਦੀ ਕਾਰਗੁਜ਼ਾਰੀ ਸਲਾਨਾ ਇਮਤਿਹਾਨਾਂ ਵਿੱਚ ਅੰਕੀ ਜਾਣੀ ਹੈ, ਚਾਹੇ ਉਹ ਸਕੂਲ ਪੱਧਰ ਦੀਆਂ ਕਲਾਸਾਂ ਹੋਣ ਜਾਂ ਬੋਰਡ ਦੀਆਂ, ਪ੍ਰੀਖਿਆਵਾਂ ਦਾ ਨਤੀਜਾ ਦੋਨਾਂ ਦਾ ਹੀ ਮਹੱਤਵਪੂਰਨ ਹੈ। ਹੁਣ ਪੇਪਰਾਂ ਦੇ ਨੇੜੇ ਸਮਾਂ ਅਜਾਈਂ ਗਵਾਉਣ ਦਾ ਨਹੀਂ ਬਲਕਿ ਸਖ਼ਤ ਮਿਹਨਤ ਕਰਨ ਦਾ ਹੈ । ਪੜ੍ਹਨ ਲਈ ਰਾਤ ਨੂੰ ਸਮੇਂ ਸਿਰ ਸੌਣਾ ਤੇ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ।ਸਵੇਰ ਸਮੇਂ ਦੀ ਕੀਤੀ ਪੜ੍ਹਾਈ ਜਲਦੀ ਯਾਦ ਹੋ ਜਾਂਦੀ ਹੈ ਕਿਉਕੀਂ ਇੱਕ ਤਾਂ ਸਵੇਰ ਸਮੇਂ ਸਰੀਰਕ ਥਕਾਨ ਨਹੀਂ ਹੁੰਦੀ ਤੇ ਦੂਜਾ ਮਨ ਤੇ ਦਿਮਾਗ ਸ਼ਾਂਤ ਹੁੰਦੇ ਹਨ।
ਪੜ੍ਹਾਈ ਕਰਨ ਸਮੇਂ ਹਰ ਵਿਸ਼ੇ ਨੂੰ ਸਮਾਂ ਦੇਣਾ ਚਾਹੀਦਾ ਹੈ, ਮੁਸ਼ਕਿਲ ਪ੍ਰਸ਼ਨਾਂ ਨੂੰ ਹੱਲ ਕਰਨ ਲਈ ਵਾਰ-ਵਾਰ ਦੁਹਰਾਈ ਕਰਨੀ ਚਾਹੀਦੀ ਹੈ।ਸਭ ਤੋਂ ਜਰੂਰੀ ਹੈ ਪ੍ਰੀਖਿਆ ਵਿੱਚ ਆਉਣ ਵਾਲੇ ਪੇਪਰ ਦੇ ਪ੍ਰਸ਼ਨਾਂ ਦੇ ਪੈਟਰਨ ਦਾ ਪਤਾ ਹੋਣਾ।ਅਕਸਰ ਵਿਦਿਆਰਥੀਆਂ ਨੂੰ ਕਈ ਵਾਰ ਇਹ ਵੀ ਪਤਾ ਨਹੀਂ ਹੁੰਦਾ ਕਿ ਕਿਸ ਅਧਿਆਇ ਵਿੱਚੋਂ ਕਿੰਨੇ ਅੰਕ ਦੇ ਪ੍ਰਸ਼ਨ ਆਉਣੇ ਹਨ, ਕਿਹੜੇ ਅਧਿਆਇ ਵਿੱਚੋਂ ਉਹ ਅਸਾਨੀ ਨਾਲ ਵੱਧ ਅੰਕ ਪ੍ਰਾਪਤ ਸਕਦੇ ਹਨ।ਜੇਕਰ ਪਾਠਕ੍ਰਮ ਦੀ ਵੰਡ ਅਨੁਸਾਰ ਪੇਪਰਾਂ ਦੀ ਤਿਆਰੀ ਜਾਵੇ ਤਾਂ ਇਹ ਪੇਪਰਾਂ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਿੱਚ ਬਹੁਤ ਲਾਹੇਵੰਦ ਸਾਬਿਤ ਹੁੰਦੀ ਹੈ।ਕਿਸੇ ਵੀ ਵਿਸ਼ੇ ਦਾ ਕੋਈ ਵੀ ਪ੍ਰਸ਼ਨ ਸਮਝ ਨਾ ਆਉਣ ਤੇ ਸਬੰਧਿਤ ਵਿਸ਼ਾ ਅਧਿਆਪਕ ਤੋਂ ਉਸ ਦੀ ਮਦਦ ਲੈਣੀ ਚਾਹੀਦੀ ਹੈ। ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਹਰੇਕ ਪ੍ਰਸ਼ਨ ਨੂੰ ਮਹੱਤਵ ਪੂਰਨ ਸਮਝਣਾ ਚਾਹੀਦਾ ਹੈ।ਆਪਣਾ ਨਿਸ਼ਾਨਾ ਪੱਕਾ ਕਰਕੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਦੀ ਨਿਰੰਤਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਘਰ ਵਿੱਚ ਵਿਦਿਆਰਥੀ ਆਪਣੇ ਸੰਕਲਪਾਂ ਨੂੰ ਇੰਟਰਨੈੱਟ ਦੀ ਸਹਾਇਤਾ ਨਾਲ ਸਮਝ ਸਕਦੇ ਹਨ। ਹਰੇਕ ਵਿਸ਼ੇ ਦੇ ਪ੍ਰਸ਼ਨਾਂ ਦੀ ਦੁਹਰਾਹੀ ਲਿਖਣ ਦੇ ਅਭਿਆਸ ਨਾਲ ਕਰਨੀ ਚਾਹੀਦੀ ਹੈ। ਲਿਖਣ ਨਾਲ ਦੁਹਰਾਈ ਪੱਕੀ ਹੋ ਜਾਂਦੀ ਹੈ ਤੇ ਦਿਮਾਗ ਵਿੱਚ ਘਰ ਕਰ ਜਾਂਦੀ ਹੈ।
ਮਾਪਿਆਂ ਨੂੰ ਵੀ ਇਨ੍ਹਾਂ ਦਿਨਾਂ ਵਿੱਚ ਆਪਣੇ ਬੱਚਿਆਂ ਪ੍ਰਤੀ ਕਾਫ਼ੀ ਸੁਚੇਤ ਹੋਣ ਦੀ ਜਰੂਰਤ ਹੈ। ਬੱਚਿਆਂ ਤੋਂ ਘਰ ਦਾ ਕੰਮ ਘੱਟ ਕਰਵਾਉਣਾ ਚਾਹੀਦਾ ਹੈ। ਬੱਚਿਆਂ ਨੂੰ ਤਣਾਵ ਮੁਕਤ ਰੱਖਣਾ ਚਾਹੀਦਾ ਹੈ। ਉਨ੍ਹਾਂ ਤੇ ਵਾਧੂ ਦਵਾਬ ਨਹੀਂ ਪਾਉਣਾ ਚਾਹੀਦਾ ਕਿਉਂਕਿ ਦਵਾਬ ਵਿੱਚ ਬੱਚੇ ਵੱਧਿਆ ਪੜ੍ਹਾਈ ਨਹੀਂ ਕਰ ਸਕਣਗੇ। ਬੱਚਿਆਂ ਨੂੰ ਰਾਤ ਵੇਲੇ ਹੱਲਕਾ ਭੋਜਨ ਦੇਣ ਤਾਂ ਜੋ ਸਵੇਰ ਸਮੇਂ ਜਲਦੀ ਆਪਣੀ ਨੀਂਦ ਪੂਰੀ ਕਰ ਕੇ ਜਾਗ ਸਕਣ। ਸਵੇਰੇ ਸਮੇਂ ਸਿਰ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਉਠਾਉਣ ‘ਤੇ ਪੜ੍ਹਨ ਵਿੱਚ ਬੱਚਿਆਂ ਦੀ ਹੌਸਲਾ ਅਫ਼ਸਾਈ ਕਰਨ ਤਾਂ ਜੋ ਉਹ ਹੱਲਾ ਸ਼ੇਰੀ ਵਿੱਚ ਹੋਰ ਮਿਹਨਤ ਕਰ ਕੇ ਵੱਧ ਅੰਕ ਪ੍ਰਾਪਤ ਕਰ ਸਕਣ। ਵਿਦਿਆਰਥੀ ਨੂੰ ਪੜ੍ਹਨ ਵਿੱਚ ਆਪਣੇ ਸਹਿ-ਪਾਠੀਆਂ ਦੀ ਮਦਦ ਵੀ ਲੈਣੀ ਚਾਹੀਦੀ ਹੈ। ਘਰ ਵਿੱਚ ਆਪਣੇ ਵੱਡੇ ਭੈਣ ਭਰਾਵਾਂ ਤੋਂ ਵੀ ਪੜ੍ਹਨ ਵਿੱਚ ਮਦਦ ਲਈ ਜਾ ਸਕਦੀ ਹੈ।
ਹੁਣ ਇਹ ਸਮਾਂ ਵਿਅਰਥ ਗਵਾਉਣਾ ਛੱਡ ਕੇ ਵਿਦਿਆਰਥੀ ਇਸ ਦਾ ਸਹੀ ਇਸਤਮਾਲ ਕਰਨ। ਵਿਦਿਆਰਥੀ ਆਪਣੇ ਪੜ੍ਹਨ ਦੀ ਸਮਾ-ਸਾਰਨੀ ਬਣਾ ਕੇ ਅਧਿਆਪਕਾਂ,ਮਾਪਿਆਂ,ਵੱਡੇ ਭੈਣ ਭਰਾਵਾਂ ਅਤੇ ਸਹਿਪਾਠੀਆਂ ਦੀ ਪੜ੍ਹਨ ਵਿੱਚ ਮਦਦ ਲੈਣ ਤਾਂ ਜੋ ਸਾਲ ਭਰ ਦੀ ਮਿਹਨਤ ਦਾ ਵੱਧੀਆਂ ਨਤੀਜਾ ਆ ਸਕੇ ’ਤੇ ਵਿਦਿਆਰਥੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਸਮਾਜ ਵਿੱਚ ਰੌਸ਼ਨ ਕਰ ਸਕਣ।