ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਜਯੰਤੀ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸ਼ਰਧਾਂਜਲੀ ਅਤੇ ਸੁਨੇਹਾ

Tribute to Shaheed-e-Azam Bhagat Singh: Message from District Education Officer
Tribute to Shaheed-e-Azam Bhagat Singh: Message from District Education Officer, ਭਗਤ ਸਿੰਘ
ਭਗਤ ਸਿੰਘ: ਕ੍ਰਾਂਤੀ, ਸੱਚਾਈ ਅਤੇ ਹਿੰਮਤ ਦਾ ਜੀਵੰਤ ਪ੍ਰਤੀਕ – ਪ੍ਰੇਮ ਕੁਮਾਰ ਮਿੱਤਲ 
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੇ ਕਿਹਾ, ਅੱਜ ਦੇਸ਼ ਦੇ ਮਹਾਨ ਸੂਰਮੇ, ਨੌਜਵਾਨਾਂ ਦੇ ਪ੍ਰੇਰਣਾ ਸ੍ਰੋਤ ਅਤੇ ਅਜ਼ਾਦੀ ਦੀ ਲੜਾਈ ਦੇ ਪ੍ਰਤੀਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਜਯੰਤੀ ਹੈ। 
“ਸ਼ਹੀਦ-ਏ-ਆਜ਼ਮ ਭਗਤ ਸਿੰਘ ਸਿਰਫ਼ ਇੱਕ ਕ੍ਰਾਂਤੀਕਾਰੀ ਨਹੀਂ ਸਨ, ਸਗੋਂ ਉਹ ਨੌਜਵਾਨ ਪੀੜ੍ਹੀ ਲਈ ਹਿੰਮਤ, ਸੱਚਾਈ ਅਤੇ ਦੇਸ਼ਭਗਤੀ ਦਾ ਜੀਵੰਤ ਪ੍ਰਤੀਕ ਸਨ। ਉਨ੍ਹਾਂ ਦੇ ਸੁਪਨੇ ਇੱਕ ਨਿਆਂਪ੍ਰਸਤ, ਸਮਾਨਤਾ ਵਾਲੇ ਅਤੇ ਵਿਗਿਆਨਕ ਸੋਚ ਵਾਲੇ ਭਾਰਤ ਦੇ ਸੁਪਨੇ ਸਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਭਗਤ ਸਿੰਘ ਦੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਅਤੇ ਦੇਸ਼ ਦੀ ਤਰੱਕੀ ਲਈ ਸਿੱਖਿਆ, ਇਮਾਨਦਾਰੀ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮਾਰਗ ‘ਤੇ ਤੁਰੇ।”
28 ਸਤੰਬਰ 1907 ਨੂੰ ਪੰਜਾਬ ਦੇ ਬੰਗਾ ਪਿੰਡ (ਜ਼ਿਲ੍ਹਾ ਲਾਇਲਪੁਰ, ਹੁਣ ਪਾਕਿਸਤਾਨ) ਵਿੱਚ ਜਨਮੇ ਭਗਤ ਸਿੰਘ ਦਾ ਪਰਿਵਾਰ ਖੁਦ ਕ੍ਰਾਂਤੀਕਾਰੀ ਵਿਚਾਰਧਾਰਾ ਵਾਲਾ ਸੀ। ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ, ਤਾਇਆ ਸ. ਅਜੀਤ ਸਿੰਘ ਅਤੇ ਚਾਚਾ ਸ. ਸਵਰਨ ਸਿੰਘ ਬ੍ਰਿਟਿਸ਼ ਹਕੂਮਤ ਦੇ ਖ਼ਿਲਾਫ਼ ਸਰਗਰਮ ਸਨ।
ਬਚਪਨ ਤੋਂ ਹੀ ਭਗਤ ਸਿੰਘ ਨੇ ਅੰਗਰੇਜ਼ੀ ਹਕੂਮਤ ਦੇ ਜ਼ੁਲਮ ਅਤੇ ਜਲ੍ਹਿਆਂਵਾਲਾ ਬਾਗ ਵਰਗੀਆਂ ਘਟਨਾਵਾਂ ਦੇਖ ਕੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ। ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਪੜ੍ਹਾਈ ਕਰਦੇ ਹੋਏ ਉਹ ਕਈ ਇਨਕਲਾਬੀ ਗਤੀਵਿਧੀਆਂ ਨਾਲ ਜੁੜ ਗਏ।
ਭਗਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਵਿੱਚ ਸਰਗਰਮ ਭੂਮਿਕਾ ਨਿਭਾਈ। 1928 ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦੇ ਬਦਲੇ ਵਿੱਚ ਬ੍ਰਿਟਿਸ਼ ਅਧਿਕਾਰੀ ‘ਤੇ ਹਮਲਾ ਕੀਤਾ ਗਿਆ। 1929 ਵਿੱਚ ਦਿੱਲੀ ਸੈਂਟਰਲ ਅਸੈਂਬਲੀ ਵਿੱਚ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਬੰਬ ਸੁੱਟ ਕੇ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਨੂੰ ਹਿਲਾ ਦਿੱਤਾ।
ਜੇਲ੍ਹ ਵਿੱਚ ਰਹਿੰਦੇ ਹੋਏ ਭਗਤ ਸਿੰਘ ਨੇ ਕਈ ਲੇਖ ਲਿਖੇ, ਜਿਨ੍ਹਾਂ ਵਿੱਚ “ਮੈਂ ਨਾਸਤਿਕ ਕਿਉਂ ਹਾਂ” ਸਭ ਤੋਂ ਪ੍ਰਸਿੱਧ ਹੈ। ਉਹ ਸਿਰਫ਼ ਹਥਿਆਰਬੰਦ ਸੰਘਰਸ਼ ਹੀ ਨਹੀਂ ਸਗੋਂ ਸਿੱਖਿਆ, ਸਮਾਜਿਕ ਨਿਆਂ, ਧਰਮ ਨਿਰਪੇਖਤਾ ਅਤੇ ਵਿਗਿਆਨਕ ਸੋਚ ਦੇ ਵੀ ਪੱਖਦਾਰ ਸਨ।
23 ਮਾਰਚ 1931 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ। ਸਿਰਫ਼ 23 ਸਾਲ ਦੀ ਉਮਰ ਵਿੱਚ ਉਹ ਸ਼ਹੀਦ ਹੋ ਗਏ, ਪਰ ਆਪਣੀ ਵੀਰਤਾ, ਨਿਸ਼ਕਪਟਤਾ ਅਤੇ ਦੇਸ਼ਭਗਤੀ ਨਾਲ ਉਹ ਸਦਾ ਲਈ ਲੋਕਾਂ ਦੇ ਦਿਲਾਂ ਵਿੱਚ ਜੀਵਤ ਰਹੇ।
ਭਗਤ ਸਿੰਘ ਦੀ ਜਨਮ ਜਯੰਤੀ ਦੇ ਮੌਕੇ ‘ਤੇ ਦੇਸ਼ ਭਰ ਵਿੱਚ ਸਮਾਰੋਹ, ਸੈਮੀਨਾਰ, ਭਾਸ਼ਣ ਮੁਕਾਬਲੇ ਅਤੇ ਸ਼ਰਧਾਂਜਲੀ ਪ੍ਰੋਗਰਾਮਾਂ ਤੋਂ ਇਲਾਵਾ ਖੂਨਦਾਨ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ। ਨੌਜ਼ਵਾਨ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੱਚਾਈ, ਹਿੰਮਤ, ਅਡਿੱਗਤਾ ਅਤੇ ਦੇਸ਼ ਪ੍ਰੇਮ ਦੇ ਮਾਰਗ ‘ਤੇ ਤੁਰਨ ਦਾ ਸੰਕਲਪ ਕਰਦੇ ਹਨ।
ਭਗਤ ਸਿੰਘ ਦੀ ਸੋਚ ਅੱਜ ਵੀ ਉਨ੍ਹੀਂ ਹੀ ਮਹੱਤਵਪੂਰਨ ਹੈ ਜਿੰਨੀ ਅਜ਼ਾਦੀ ਤੋਂ ਪਹਿਲਾਂ ਸੀ। ਸਮਾਜਕ ਨਿਆਂ, ਸਮਾਨਤਾ, ਵਿਗਿਆਨਕ ਰੁਝਾਨ ਅਤੇ ਰਾਸ਼ਟਰ-ਨਿਰਮਾਣ ਉਨ੍ਹਾਂ ਦੇ ਸੁਪਨੇ ਸਨ। ਉਨ੍ਹਾਂ ਦੀ ਜਨਮ ਜਯੰਤੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲ ਦੇਸ਼ ਭਗਤੀ ਸਿਰਫ਼ ਨਾਰਿਆਂ ਵਿੱਚ ਨਹੀਂ, ਸਗੋਂ ਇਨਸਾਨੀਅਤ, ਸੱਚਾਈ ਅਤੇ ਨਿਆਂ ਦੇ ਮੁੱਲਾਂ ਨੂੰ ਜੀਵਨ ਵਿੱਚ ਅਪਣਾਉਣ ਵਿੱਚ ਹੈ। ਸਾਨੂੰ ਉਹਨਾਂ ਦੇ ਦਰਸਾਏ ਰਾਹ ਤੇ ਤੁਰ ਕੇ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣਾ ਚਾਹੀਦਾ ਹੈ। ਇਹੋ ਉਹਨਾਂ ਦੀ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਓ ਅੱਜ ਅਸੀਂ ਉਸੇ ਰਾਹ ਤੇ ਚੱਲਣ ਦਾ ਅਹਿਦ ਕਰੀਏ।

 

 

Prem Kumar Mittal, District Education Officer SE Rupnagar
Prem Kumar Mittal, District Education Officer SE, Rupnagar

Follow us on Facebook

District Ropar News 

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

Leave a Comment

Your email address will not be published. Required fields are marked *

Scroll to Top