ਗਣਿਤ ਦਾ ਬਾਦਸ਼ਾਹ – ਸ਼੍ਰੀ ਨੀਵਾਸਾ ਰਾਮਾਨੁਜਨ

Sri Nivasa Ramanujan: The King of Mathematics

The King of Mathematics - Sri Nivasa Ramanujan
The King of Mathematics – Sri Nivasa Ramanujan

ਸ੍ਰੀਨੀਵਾਸਾ ਰਾਮਾਨੁਜਨ ਦਾ ਜਨਮ 22 ਦਸੰਬਰ 1887 ਨੂੰ ਭਾਰਤ ਦੇ ਤਾਮਿਲਨਾਡੂ ਰਾਜ ਦੇ ਏਕ ਛੋਟੇ ਸ਼ਹਿਰ ਇਰੋਡ ਵਿੱਚ ਹੋਇਆ। ਉਹ ਇੱਕ ਬ੍ਰਾਹਮਣ ਪਰਿਵਾਰ ਵਿੱਚ ਜਨਮੇ, ਜਿੱਥੇ ਉਸ ਦੇ ਪਿਤਾ ਕੰਬਲਾਂ ਦੀ ਦੁਕਾਨ ਵਿੱਚ ਮੁਨਸ਼ੀ ਸਨ ਅਤੇ ਮਾਤਾ ਇੱਕ ਗ੍ਰਹਿਣੀ ਸੀ। ਛੋਟੀ ਉਮਰ ਵਿੱਚ ਹੀ ਰਾਮਾਨੁਜਨ ਨੇ ਅਪਨੇ ਅਸਾਧਾਰਣ ਗੁਣਾਂ ਨਾਲ ਆਪਣੇ ਆਲੇ ਦੁਆਲੇ ਲੋਕਾਂ ਦਾ ਧਿਆਨ ਖਿੱਚਣਾ ਸ਼ੁਰੂ ਕਰ ਦਿੱਤਾ ਸੀ। ਉਹ ਬਚਪਨ ਵਿੱਚ ਹੀ ਗਣਿਤ ਦੇ ਮੁੱਦਿਆਂ ਵਿੱਚ ਜਿਆਦਾ ਰੁਚੀ ਦਿਖਾਉਂਦੇ ਸਨ। ਰਾਮਾਨੁਜਨ ਦੀ ਮੰਨਤਾ ਸੀ ਕਿ ਗਣਿਤ ਸਿਰਫ ਇੱਕ ਵਿਗਿਆਨ ਨਹੀਂ ਹੈ, ਬਲਕਿ ਇਹ ਸਿਰਜਣਾਤਮਕ ਚਮਤਕਾਰ ਹੈ। ਜਦ ਉਹ ਸਿਰਫ 13 ਸਾਲ ਦੇ ਸਨ, ਉਹ ਏਡਵਿਨ ਹਾਲ ਦੀ ਪੁਰਾਣੀ ਗਣਿਤ ਦੀ ਕਿਤਾਬ ‘ਸਿੰਨਪਸਿਸ’ ਪੜ੍ਹ ਚੁਕੇ ਸਨ। ਇਸ ਕਿਤਾਬ ਨੇ ਰਾਮਾਨੁਜਨ ਨੂੰ ਆਗੇ ਵਧਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਗਣਿਤ ਦੀਆਂ ਮੁੱਖ ਧਾਰਾਵਾਂ, ਜਿਵੇਂ ਕਿ ਐਲਜਬਰਾ, ਜਿਉਮੈਟਰੀ, ਅਤੇ ਅੰਕਗਣਿਤ ਵਿੱਚ ਅਸਾਧਾਰਣ ਸਮਝ ਵਿਕਸਿਤ ਕੀਤੀ।  

ਹਾਲਾਂਕਿ ਰਾਮਾਨੁਜਨ ਦਾ ਗਣਿਤ ਪ੍ਰਤੀ ਪਿਆਰ ਵਧਦਾ ਗਿਆ, ਪਰ ਸਕੂਲੀ ਸਿੱਖਿਆ ਵਿੱਚ ਉਹ ਹੋਰ ਵਿਸ਼ਿਆਂ ਵਿੱਚ ਪਿੱਛੇ ਰਹਿ ਜਾਂਦੇ ਸਨ। ਉਹ ਕਾਲਜ ਦੀ ਪੜਾਈ ਅਧੂਰੀ ਛੱਡਣ ਲਈ ਮਜਬੂਰ ਹੋਏ ਕਿਉਂਕਿ ਉਹ ਗੈਰ-ਗਣਿਤ ਵਿਸ਼ਿਆਂ ਵਿੱਚ ਪ੍ਰਵੇਸ਼ ਪ੍ਰੀਖਿਆ ਪਾਸ ਨਹੀਂ ਕਰ ਸਕੇ। ਇਸ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਚੁਨੌਤੀਆਂ ਪੈਦਾ ਕੀਤੀਆਂ, ਪਰ ਰਾਮਾਨੁਜਨ ਨੇ ਗਣਿਤ ਨੂੰ ਕਦੇ ਛੱਡਿਆ ਨਹੀਂ। ਉਹ ਆਪਣੇ ਗਣਿਤ ਦੇ ਖੋਜ ਕਾਰਜ ਵਿੱਚ ਜੁਟੇ ਰਹੇ ਅਤੇ ਆਪਣੇ ਹਿਸਾਬੀ ਸੁਤਰਾਂ ਨੂੰ ਕਾਪੀਆਂ ਵਿੱਚ ਲਿਖਦੇ ਰਹੇ। ਇਹ ਗਣਿਤ ਪ੍ਰਤੀ ਲਗਨ ਦਾ ਹੀ ਨਤੀਜਾ ਸੀ ਕਿ ਰਾਮਾਨੁਜਨ ਦੀ ਖੋਜ ਦੀ ਪ੍ਰਕਿਰਿਆ ਜਾਰੀ ਰਹੀ, ਪਰ ਉਨ੍ਹਾਂ ਦੇ ਸੁਤਰ ਅਤੇ ਸਿਧਾਂਤ ਸਿਰਫ ਸਥਾਨਕ ਪੱਧਰ ਤੇ ਜਾਣੇ ਜਾਂਦੇ ਸਨ। ਸਾਲ 1913 ਵਿੱਚ, ਉਨ੍ਹਾਂ ਨੇ ਆਪਣੇ ਖੋਜ ਕਾਰਜ ਬ੍ਰਿਟਿਸ਼ ਗਣਿਤਜ ਜੀ.ਐਚ. ਹਾਰਡੀ ਨੂੰ ਭੇਜੇ। ਹਾਰਡੀ, ਜੋ ਉਸ ਸਮੇਂ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਸਨ, ਰਾਮਾਨੁਜਨ ਦੇ ਗਣਿਤ ਦੀ ਖੋਜ ਤੋਂ ਬਹੁਤ ਪ੍ਰਭਾਵਿਤ ਹੋਏ। ਹਾਰਡੀ ਨੇ ਰਾਮਾਨੁਜਨ ਨੂੰ ਕੈਂਬ੍ਰਿਜ ਆਉਣ ਦਾ ਸੱਦਾ ਦਿੱਤਾ। ਸਾਲ 1914 ਵਿੱਚ, ਰਾਮਾਨੁਜਨ ਬ੍ਰਿਟੇਨ ਪਹੁੰਚੇ ਅਤੇ ਉਨ੍ਹਾਂ ਨੇ ਹਾਰਡੀ ਨਾਲ ਮਿਲਕੇ ਗਣਿਤ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਖੋਜਾਂ ਕੀਤੀਆਂ। ਉਨ੍ਹਾਂ ਦੇ ਕੰਮ ਵਿੱਚ ਪਾਰਟਿਸ਼ਨ ਫੰਕਸ਼ਨ, ਡਾਇਫਰੈਂਸ਼ਲ ਸੀਰੀਜ਼ ਅਤੇ ਇਲਿਪਟੀਕ ਫੰਕਸ਼ਨ ਸ਼ਾਮਲ ਸਨ। ਰਾਮਾਨੁਜਨ ਦੀਆਂ ਖੋਜਾਂ ਨੇ ਗਣਿਤ ਦੇ ਮੂਲ ਸਿਧਾਂਤਾਂ ਨੂੰ ਆਕਰਸ਼ਕ ਅਤੇ ਖਾਸ ਢੰਗ ਨਾਲ ਵਿਸਥਾਰ ਦਿੱਤਾ। 

ਸ੍ਰੀਨੀਵਾਸਾ ਰਾਮਾਨੁਜਨ ਨੂੰ ਵਿਦੇਸ਼ ਵਿੱਚ ਕਈ ਮਹੱਤਵਪੂਰਨ ਸਨਮਾਨ ਅਤੇ ਉਪਾਧੀਆਂ ਪ੍ਰਾਪਤ ਹੋਈਆਂ, ਜੋ ਉਨ੍ਹਾਂ ਦੇ ਅਸਾਧਾਰਣ ਗਣਿਤਕ ਯੋਗਦਾਨ ਨੂੰ ਸਵੀਕਾਰ ਕਰਦੀਆਂ ਹਨ। ਸਾਲ 1918 ਵਿੱਚ, ਰਾਮਾਨੁਜਨ ਨੂੰ ਰਾਇਲ ਸੋਸਾਇਟੀ ਦਾ ਮੈਂਬਰ ਬਣਾਇਆ ਗਿਆ। ਇਹ ਗੌਰਵਮਈ ਉਪਾਧੀ ਪ੍ਰਾਪਤ ਕਰਨ ਵਾਲੇ ਉਹ ਕੇਵਲ ਦੂਜੇ ਭਾਰਤੀ ਸਨ। ਰਾਇਲ ਸੋਸਾਇਟੀ ਦਾ ਮੈਂਬਰ ਬਣਨਾ ਵਿਗਿਆਨ ਅਤੇ ਗਣਿਤ ਦੇ ਖੇਤਰ ਵਿੱਚ ਸਭ ਤੋਂ ਉੱਚਾ ਸਨਮਾਨ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ, ਉਸੇ ਸਾਲ, ਰਾਮਾਨੁਜਨ ਨੂੰ ਕੈਂਬ੍ਰਿਜ ਯੂਨੀਵਰਸਿਟੀ ਦੇ ਪ੍ਰਸਿੱਧ ਟ੍ਰਿਨਿਟੀ ਕਾਲਜ ਦਾ ਫੈਲੋ ਚੁਣਿਆ ਗਿਆ। ਇਹ ਸਨਮਾਨ ਇੱਕ ਬਹੁਤ ਵੱਡੀ ਪ੍ਰਾਪਤੀ ਸੀ, ਕਿਉਂਕਿ ਉਹ ਇਹ ਖਿੱਤਾਬ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਸਨ। ਇਸਦੇ ਨਾਲ, ਉਨ੍ਹਾਂ ਦੇ ਗਣਿਤਕ ਸੁਤਰਾਂ ਅਤੇ ਸਿਧਾਂਤਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਮਾਨਤਾ ਮਿਲੀ। ਇਨ੍ਹਾਂ ਸਨਮਾਨਾਂ ਨੇ ਨਾਂ ਸਿਰਫ਼ ਰਾਮਾਨੁਜਨ ਦੀ ਪਛਾਣ ਨੂੰ ਮਜ਼ਬੂਤ ਕੀਤਾ, ਬਲਕਿ ਉਹਨਾਂ ਨੂੰ ਸੰਸਾਰ ਪੱਧਰ ‘ਤੇ ਗਣਿਤ ਦੇ ਖੇਤਰ ਵਿੱਚ ਅਮਰ ਕਰ ਦਿੱਤਾ। ਇਹ ਉਪਾਧੀਆਂ ਉਨ੍ਹਾਂ ਦੀ ਬੇਮਿਸਾਲ ਸਮਰੱਥਾ ਅਤੇ ਦ੍ਰਿੜਤਾ ਦੀ ਸਚੀ ਗਵਾਹ ਹਨ।

ਰਾਮਾਨੁਜਨ ਦੀ ਸਭ ਤੋਂ ਵੱਡੀ ਖੂਬੀ, ਉਨ੍ਹਾਂ ਦੀ ਕਲਪਨਾ ਦੀ ਤਾਕਤ ਸੀ । ਉਹ ਬਿਨਾਂ ਕਿਸੇ ਵਿਗਿਆਨਕ ਪ੍ਰਮਾਣ ਦੇ ਗਣਿਤ ਦੇ ਸੁਤਰ ਲਿਖ ਦਿੰਦੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਵਿਗਿਆਨਿਕ ਪ੍ਰਮਾਣਮਿਲੇ। ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੂੰ ਇਹ ਗਿਆਨ ਦਿਵਿਆ ਸਰੋਤ ਤੋਂ ਪ੍ਰਾਪਤ ਹੁੰਦਾ ਹੈ। ਇਹ ਮਾਨਤਾ ਰਾਮਾਨੁਜਨ ਨੂੰ ਸਾਧਾਰਣ ਵਿਗਿਆਨਕ ਤੋਂ ਵੱਖਰੀ ਪਹਿਚਾਣ ਦਿੰਦੀ ਹੈ। ਜੀਵਨ ਦੇ ਅਖੀਰ ਦੇ ਸਾਲਾਂ ਵਿੱਚ ਬ੍ਰਿਟੇਨ ਦੀ ਠੰਡੀ ਜ਼ਮੀਨ ਅਤੇ ਅਣਅਨੁਕੂਲ ਪਰਿਸਥਿਤੀਆਂ ਕਾਰਨ ਰਾਮਾਨੁਜਨ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ। ਉਨ੍ਹਾਂ ਨੂੰ ਟੀ.ਬੀ. ਦੀ ਬੀਮਾਰੀ ਹੋ ਗਈ। ਸਾਲ 1919 ਵਿੱਚ, ਉਹ ਭਾਰਤ ਵਾਪਸ ਆ ਗਏ, ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆਇਆ। 26 ਅਪ੍ਰੈਲ 1920 ਨੂੰ, ਸ੍ਰੀਨੀਵਾਸਾ ਰਾਮਾਨੁਜਨ ਨੇ ਸਿਰਫ 32 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ।  

ਰਾਮਾਨੁਜਨ ਦੇ ਸੰਪੂਰਨ ਜੀਵਨ ਦਾ ਮਿਸਾਲ ਹੈ ਕਿ ਇੱਕ ਵਿਅਕਤੀ ਕਿਵੇਂ ਆਪਣੇ ਜਜ਼ਬੇ ਅਤੇ ਦ੍ਰਿੜਤਾ ਨਾਲ ਸੰਸਾਰ ਨੂੰ ਬਦਲ ਸਕਦਾ ਹੈ। ਉਹ ਸਿਰਫ ਇੱਕ ਗਣਿਤਜਕ ਨਹੀਂ ਸਨ, ਬਲਕਿ ਇੱਕ ਪ੍ਰੇਰਣਾ ਸਨ। ਉਨ੍ਹਾਂ ਦੇ ਕੰਮ ਦੀ ਅੱਜ ਵੀ ਵਿਸ਼ਵ ਪੱਧਰ ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ। ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ 22 ਦਸੰਬਰ ਨੂੰ ‘ਰਾਸ਼ਟਰੀ ਗਣਿਤ ਦਿਵਸ’ ਦੇ ਰੂਪ ਵਿੱਚ ਘੋਸ਼ਿਤ ਕੀਤਾ। ਸ੍ਰੀਨੀਵਾਸਾ ਰਾਮਾਨੁਜਨ ਨੇ ਇਹ ਸਿੱਖਾਇਆ ਕਿ ਸਮਰੱਥਾ ਕਿਸੇ ਸੰਸਕਾਰ ਜਾਂ ਜਗ੍ਹਾ ਨਾਲ ਸੀਮਿਤ ਨਹੀਂ ਹੁੰਦੀ। ਉਨ੍ਹਾਂ ਦੀ ਕਹਾਣੀ ਸਾਡੇ ਲਈ ਇੱਕ ਸਬਕ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ, ਤਾਂ ਕੋਈ ਵੀ ਰੁਕਾਵਟ ਮਾਨਵਤਾ ਦੇ ਸੱਚੇ ਕਾਰਜ ਨੂੰ ਅਗੇ ਵਧਣ ਤੋਂ ਰੋਕ ਨਹੀਂ ਸਕਦੀ। ਸ੍ਰੀਨੀਵਾਸਾ ਰਾਮਾਨੁਜਨ ਦੇ ਸੰਪੂਰਨ ਜੀਵਨ ਦੀ ਮਿਹਨਤ ,ਸੰਘਰਸ਼ ਅਤੇ ਸਫਲਤਾ ਨੂੰ ਦੇਖਦੇ ਹੋਏ ਬਾਬਾ ਨਾਜ਼ਮੀ ਦਾ ਉਹ ਸ਼ੇਅਰ ਯਾਦ ਆ ਗਿਆ ਜੋ ਉਸਦੀ ਜਿੰਦਗੀ ਨੂੰ ਪੂਰੀ ਤਰ੍ਹਾਂ ਰੂਪਮਾਨ ਕਰਦਾ ਹੈ।

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ।

ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।

ਮੰਜਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ…..

ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। 

Sandeep Kumar, GSSS Gardala, District Rupnagar

liberalthinker1621@gmail.com, ਸੰਦੀਪ ਕੁਮਾਰ-7009807121,ਐਮ.ਏ ਜਰਨਲਿਜ਼ਮ, ਐਮ.ਏ ਮਨੋਵਿਗਿਆਨ, ਕੰਪਿਊਟਰ ਅਧਿਆਪਕ, ਸ.ਸ.ਸ.ਸ ਗਰਦਲੇ, ਰੂਪਨਗਰ

For continuous updates on educational activities and official news from District Ropar, visit: deorpr.com and follow our Facebook page for real-time English/Punjabi news: District Ropar News – Facebook

Leave a Comment

Your email address will not be published. Required fields are marked *

Scroll to Top