ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਹਰ ਸਾਲ 2 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੋਪਾਲ ਗੈਸ ਤ੍ਰਾਸਦੀ ਨੂੰ ਯਾਦ ਕੀਤਾ ਜਾਂਦਾ ਹੈ, ਜੋ ਕਿ 2-3 ਦਸੰਬਰ, 1984 ਨੂੰ ਵਾਪਰੀ ਸੀ। ਇਸ ਤਬਾਹੀ ਨੇ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਲੱਗੀ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਦੀ ਕੀਟਨਾਸ਼ਕ ਫੈਕਟਰੀ ਤੋਂ ਲੀਕ ਹੋਈ ਜ਼ਹਿਰੀਲੀ ਮਿਥਾਈਲ ਆਈਸੋਸਾਈਨੇਟ ਗੈਸ ਦੇ ਰਿਸਾਵ ਦਾ ਸਾਹਮਣਾ ਉੱਥੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਕਰਨਾ ਪਿਆ ਸੀ, ਜਿਸ ਦੇ ਨਤੀਜੇ ਵਜੋਂ 15,000 ਤੋਂ ਵੱਧ ਮੌਤਾਂ ਹੋਈਆਂ ਅਤੇ ਅਣਗਿਣਤ ਲੋਕ ਗੰਭੀਰ ਸਿਹਤ ਸਮੱਸਿਆਵਾਂ ਨਾਲ ਪੀੜਿਤ ਹੋਏ। ਇਸ ਲਈ ਅੱਜ ਦੇ ਦਿਨ ਅਸੀਂ ਭੋਪਾਲ ਗੈਸ ਤ੍ਰਾਸਦੀ ਦੇ ਪੀੜਤਾਂ ਨੂੰ ਯਾਦ ਕਰੀਏ ਅਤੇ ਆਪਣੇ ਵਾਤਾਵਰਣ ਦੀ ਸੁਰੱਖਿਆ ਦੇ ਮਹੱਤਵ ਨੂੰ ਸਵੀਕਾਰ ਕਰੀਏ। ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ 2024 ਥੀਮ “ਸਵੱਛ ਹਵਾ, ਹਰੀ ਧਰਤੀ: ਟਿਕਾਊ ਜੀਵਨ ਵੱਲ ਇੱਕ ਕਦਮ” ਹੈ। ਇਹ ਸਾਡੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਦੂਸ਼ਕਾਂ ਨੂੰ ਘਟਾਉਣ ਲਈ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਅਪਣਾਉਣ ਦੀ ਤੁਰੰਤ ਲੋੜ ‘ਤੇ ਜ਼ੋਰ ਦਿੰਦਾ ਹੈ।
ਅੱਜ ਪ੍ਰਦੂਸ਼ਣ ਇੱਕ ਵਿਸ਼ਵਵਿਆਪੀ ਸੰਕਟ ਬਣ ਗਿਆ ਹੈ । ਅੱਜ ਹਵਾ ,ਪਾਣੀ,ਭੂਮੀ, ਸ਼ੋਰ , ਰੋਸ਼ਨੀ ,ਥਰਮਲ , ਪਲਾਸਟਿਕ ਅਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰਦੂਸ਼ਣ ਹਨ ਜੋਂ ਜੀਵ ਜੰਤੂਆਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ। ਭਾਰਤ ਦੁਨੀਆ ਦੇ ਦੂਜੇ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਵਿੱਚੋਂ ਇੱਕ ਹੈ ਜੋ ਕਿ ਅੱਜ ਗੰਭੀਰ ਪ੍ਰਦੂਸ਼ਣ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪ੍ਰਦੂਸ਼ਣ ਕਾਰਨ ਹਵਾ ਵਿੱਚ ਸੂਖਮ ਕਣ ਪਦਾਰਥ ਜਨਤਕ ਸਿਹਤ ‘ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਰਿਹਾ ਹੈ, ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇਹ ਪ੍ਰਦੂਸ਼ਣ ਭਾਰਤੀ ਲੋਕਾਂ ਦੀ ਜੀਵਨ ਸੰਭਾਵਨਾ ਨੂੰ 5.3 ਸਾਲ ਘਟਾ ਰਹੇ ਹਨ । ਇਸ ਲਈ ਪ੍ਰਦੂਸ਼ਣ ਨੂੰ ਕੁਸ਼ਲਤਾ ਨਾਲ ਕੰਟਰੋਲ ਕਰਨ ਲਈ ਸਰਕਾਰੀ ਨੀਤੀਆਂ, ਤਕਨੀਕੀ ਨਵੀਨਤਾਵਾਂ ਅਤੇ ਵਿਅਕਤੀਗਤ ਪਹਿਲਕਦਮੀਆਂ ਨੂੰ ਸ਼ਾਮਲ ਕਰਨ ਵਾਲੀ ਰਣਨੀਤਕ ਯੋਜਨਾ ਦੀ ਲੋੜ ਹੈ।ਭਾਰਤ ਸਰਕਾਰ ਨੇ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਕਈ ਨੀਤੀਆਂ ਅਤੇ ਕਾਨੂੰਨ ਪੇਸ਼ ਕੀਤੇ ਹਨ। ਇਹਨਾਂ ਨੀਤੀਆਂ ਦਾ ਉਦੇਸ਼ ਉਦਯੋਗਾਂ ਨੂੰ ਨਿਯੰਤ੍ਰਿਤ ਕਰਨਾ, ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਹੈ।
ਪਾਣੀ (ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ, 1974:ਇਸ ਐਕਟ ਦਾ ਮੁੱਖ ਉਦੇਸ਼ ਨਦੀਆਂ, ਝੀਲਾਂ ਅਤੇ ਹੋਰ ਜਲ ਸਰੋਤਾਂ ਵਿੱਚ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣਾ ਅਤੇ ਕੰਟਰੋਲ ਕਰਨਾ ਹੈ।
ਹਵਾ (ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1981: ਇਸਦਾ ਉਦੇਸ਼ ਹਵਾ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨਾ ਅਤੇ ਘਟਾਉਣਾ ਹੈ। ਇਹ ਉਦਯੋਗਿਕ ਨਿਕਾਸ ਨੂੰ ਘਟਾਉਣ ਅਤੇ ਸਾਫ਼ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦ੍ਰਤ ਕਰਦਾ ਹੈ।
ਵਾਤਾਵਰਨ ਸੁਰੱਖਿਆ ਐਕਟ, 1986: ਇਹ ਸਾਰੀਆਂ ਕਿਸਮਾਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ। ਇਹ ਕੇਂਦਰ ਸਰਕਾਰ ਨੂੰ ਹਵਾ, ਪਾਣੀ ਅਤੇ ਮਿੱਟੀ ਦੀ ਗੁਣਵੱਤਾ ਲਈ ਮਾਪਦੰਡ ਨਿਰਧਾਰਤ ਕਰਨ ਦਾ ਅਧਿਕਾਰ ਦਿੰਦਾ ਹੈ।
ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (NCAP), 2019: ਇਹ ਪ੍ਰੋਗਰਾਮ ਭਾਰਤੀ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ। ਐਕਟ ਇਲੈਕਟ੍ਰਿਕ ਵਾਹਨਾਂ, ਨਵਿਆਉਣਯੋਗ ਊਰਜਾ ਅਤੇ ਕੁਸ਼ਲ ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ।
ਪ੍ਰਦੂਸ਼ਣ ਰੋਕਥਾਮ ਲਈ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਬਹੁਤ ਹੀ ਮਹੱਤਵਪੂਰਨ ਹੈ, ਤਾਂ ਜੋ ਵਾਤਾਵਰਣ ਵਿੱਚ ਦਾਖਲ ਹੋਣ ਵਾਲੇ ਪ੍ਰਦੂਸ਼ਕਾਂ ਨੂੰ ਘਟਾਇਆ ਜਾ ਖਤਮ ਕੀਤਾ ਜਾ ਸਕੇ। ਜਿਸ ਨਾਲ ਕੁਦਰਤੀ ਸਰੋਤਾਂ ਦੀ ਰੱਖਿਆ ਕਰਨ, ਸਿਹਤ ਵਿੱਚ ਸੁਧਾਰ ਕਰਨ ਅਤੇ ਟਿਕਾਊ ਵਿਕਾਸ ਵਿੱਚ ਸਹਾਇਤਾ ਕਰਨ ਵਿੱਚ ਮਦਦ ਮਿਲੇਗੀ। ਇਸ ਵਿੱਚ ਸਭ ਤੋਂ ਵੱਧ ਰੋਲ 3Rs ਭਾਵ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ ਵਿਧੀ ਨੂੰ ਸ਼ਾਮਿਲ ਕਰਕੇ ਕੀਤਾ ਜਾ ਸਕਦਾ ਹੈ ਇਹ ਵਿਧੀ ਸਰੋਤਾਂ ਦੀ ਕੁਸ਼ਲਤਾ ਨਾਲ ਵਰਤੋਂ ਕਰਕੇ ਰਹਿੰਦ-ਖੂੰਹਦ ਨੂੰ ਘਟਾਉਂਦੀ ਹੈ। ਜੈਵਿਕ ਇੰਧਨ ਤੋਂ ਨਿਰਭਰਤਾ ਨੂੰ ਘਟਾਉਣ ਲਈ ਨਵਿਆਉਣ ਯੋਗ ਊਰਜਾ ਜਿਵੇਂ ਸੂਰਜੀ, ਹਵਾ ਅਤੇ ਪਣ-ਬਿਜਲੀ ਦੀ ਵਰਤੋਂ ਕਰੋ। ਜਨਤਕ ਆਵਾਜਾਈ ਤੋਂ ਨਿਕਾਸ ਨੂੰ ਘਟਾਉਣ ਲਈ ਵਾਤਾਵਰਣ ਅਨੁਕੂਲ ਆਵਾਜਾਈ ਦੀ ਵਰਤੋਂ। ਅਜਿਹਾ ਕਰਨਾ ਲੰਬੇ ਸਮੇਂ ਵਿੱਚ ਪ੍ਰਦੂਸ਼ਣ ਨੂੰ ਰੋਕਣ ਵਿੱਚ ਵੀ ਸਹਾਈ ਹੋ ਸਕਦਾ ਹੈ। ਅੱਜ ਜਿੱਥੇ ਵਿਕਾਸ ਦੇ ਰਾਹ ਵੀ ਖੁੱਲਣੇ ਚਾਹੀਦੇ ਨੇ ਉੱਥੇ ਜ਼ਿੰਦਗੀ ਜਿਉਣ ਲਈ ਸ਼ੁੱਧ ਤੇ ਸਾਫ ਵਾਤਾਵਰਨ ਵੀ ਬਹੁਤ ਜਰੂਰੀ ਹੈ। ਪ੍ਰਦੂਸ਼ਣ ਰੋਕਣ ਦੇ ਲਈ ਕੀਤੇ ਛੋਟੇ ਛੋਟੇ ਉਪਰਾਲੇ ਸ਼ੁੱਧ ਤੇ ਸਾਫ ਵਾਤਾਵਰਣ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਤੇ ਅਸੀਂ ਪ੍ਰਦੂਸ਼ਣ ਨੂੰ ਘਟਾਉਣ, ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਰੱਖਿਆ ਕਰਨ ਦੀ ਬਚਨ ਵੱਧਤਾ ਵਜੋਂ ਮਨਾਈਏ, ਇਹ ਜਾਣਦੇ ਹੋਏ ਕਿ ਸਾਡੇ ਦੁਆਰਾ ਪੁੱਟੇ ਗਏ ਛੋਟੇ- ਛੋਟੇ ਕਦਮ ਵੀ ਪ੍ਰਦੂਸ਼ਣ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ।
ਸੋਹਨ ਸਿੰਘ ਚਾਹਲ, ਲੈਕ. ਕਮਿਸਟਰੀ,
ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ , ਲੋਧੀਪੁਰ,
ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ।
ਮੋ. 9463950475