ਰੂਪਨਗਰ, 5 ਸਤੰਬਰ: ਡਿਪਟੀ ਕਮਿਸ਼ਰਨ ਡਾ. ਪ੍ਰੀਤੀ ਯਾਦਵ ਨੇ ਹੁਕਮਾਂ ਤਹਿਤ ਕੰਮਕਾਜੀ ਔਰਤਾਂ ਵੱਲੋਂ ਸੈਕਸੁਅਲ ਹਰਾਸਮੈਂਟ ਵਿਰੁੱਧ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸਮੂਹ ਸਰਕਾਰੀ ਵਿਭਾਗਾਂ ਨੂੰ ਮਹਿਲਾ ਅਧਿਕਾਰਾਂ ਸਬੰਧੀ ਜਾਗਰੂਕਤਾ ਦਾ ਪ੍ਰਚਾਰ ਕਰਨ ਦੀ ਹਦਾਇਤ ਜਾਰੀ ਕੀਤੀ ਗਈ।
ਇਸ ਸਬੰਧ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਮੀਟਿੰਗ ਦੀ ਅਗਵਾਈ ਕਰਦਿਆਂ ਕਿਹਾ ਕਿ ਵੱਖ-ਵੱਖ ਸਰਾਕਰੀ ਅਦਾਰਿਆਂ ਅਤੇ ਹੋਰ ਥਾਵਾਂ ਉਤੇ ਕੰਮ ਵਾਲੀ ਥਾਂ ‘ਤੇ ਔਰਤਾਂ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਵੱਲੋਂ ਇਸ ਸ਼ਿਕਾਇਤ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਅਧੀਨ ਅਗਲੇ ਪੜਾਅ ਵਿਚ ਬਲਾਕ ਅਤੇ ਸਰਕਾਰੀ ਵਿਭਾਗਾਂ ਦੇ ਪੱਧਰ ਉਤੇ ਇੰਟਰਨਲ ਕਮੇਟੀਆਂ ਗਠਿਤ ਕਰਨ ਦੀਆਂ ਹਦਾਇਤਾਂ ਸਮੂਹ ਸਬ ਡਵੀਜਨਲ ਮੈਜੀਸਟ੍ਰੇਟ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਆਦੇਸ਼ ਦਿੰਦਿਆਂ ਕਿਹਾ ਕਿ ਜਿੱਥੇ ਵੀ ਕੰਮ ਵਾਲੀ ਥਾਂ ਉੱਤੇ 10 ਤੋਂ ਵੱਧ ਕਰਮਚਾਰੀ ਹਨ ਉਨ੍ਹਾਂ ਦਾ ਰੋਜ਼ਗਾਰਦਾਤਾ ਇੱਕ ਅੰਦਰੂਨੀ ਸ਼ਿਕਾਇਤ ਕਮੇਟੀ ਦਾ ਗਠਨ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਅੰਦਰੂਨੀ ਸ਼ਿਕਾਇਤ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਕੋਈ ਵੀ ਪੀੜਤ ਔਰਤ ਪਿਛਲੀ ਘਟਨਾ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਆਈ.ਸੀ.ਸੀ ਨੂੰ ਸ਼ਿਕਾਇਤ ਕਰ ਸਕਦੀ ਹੈ ਅਤੇ ਨਾਲ ਹੀ ਕਮੇਟੀ ਵੱਲੋਂ ਜਾਂਚ 90 ਦਿਨਾਂ ਦੇ ਅੰਦਰ ਮੁਕੰਮਲ ਕੀਤੀ ਜਾਵੇ।
ਉਨ੍ਹਾਂ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਨਸੀ ਸ਼ੋਸ਼ਣ ਐਕਟ, 2013 ਸਬੰਧੀ ਵੱਖ ਵੱਖ ਆਯੋਜਿਤ ਕੀਤੇ ਜਾਂਦੇ ਸਰਕਾਰੀ ਪ੍ਰੋਗਰਾਮਾਂ ਵਿਖ਼ੇ ਨਿਯਮਤ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਅਤੇ ਐਕਟ ਸਬੰਧੀ ਜਾਣਕਾਰੀ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਜੇਕਰ ਕਮੇਟੀਆਂ ਦਾ ਗਠਨ ਨਹੀਂ ਕੀਤਾ ਜਾਂਦਾ ਤਾਂ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। ਜ਼ਿਲ੍ਹਾ ਪੱਧਰ ਉਤੇ ਕਮੇਟੀ ਦੀ ਕਾਰਗੁਜ਼ਾਰੀ ਨੂੰ ਸੁਚਾਰੂ ਕਰਨ ਲਈ ਡਿਸਟਿਕ ਪ੍ਰੋਗਰਾਮ ਅਫਸਰ ਨੂੰ ਨੋਡਲ ਅਫਸਰ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਵਲੋਂ ਨਿਰੰਤਰ ਸਾਰੇ ਵਿਭਾਗਾਂ ਅਤੇ ਬੈਂਕ ਆਦਿ ਵਰਗੇ ਹੋਰ ਨਿੱਜੀ ਅਦਾਰਿਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਕਿ ਪਿਛਲੇ ਸਮੇਂ ਦੌਰਾਨ ਔਰਤਾਂ ਅਤੇ ਬੱਚਿਆਂ ਉਤੇ ਸੋਸ਼ਣ ਦੇ ਮਾਮਲੇ ਕਾਫੀ ਵਧੇ ਹਨ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਦੇ ਸਮੇਂ ਦੀ ਲੋੜ ਹੈ ਕੀ ਅਸੀਂ ਇੱਕ ਸੁਰੱਖਿਅਤ ਸਮਾਜ ਦੀ ਸਿਰਜਣਾ ਦੇ ਲਈ ਅਤੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਦੇ ਅਧਿਕਾਰਾਂ ਨੂੰ ਜ਼ਮੀਨੀ ਪੱਧਰ ਉਤੇ ਮੁਹੱਈਆ ਕਰਵਾਈਏ ਅਤੇ ਇੱਕ ਸੱਭਿਅਕ ਸਮਾਜ ਦੀ ਮਿਸਾਲ ਦਿੰਦੇ ਹੋਏ ਪੂਰੇ ਵਿਸ਼ਵ ਦਾ ਮਾਰਗ ਦਰਸ਼ਨ ਕਰੀਏ ਜੋ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ। ਜਿਸ ਨੂੰ ਹਾਸਿਲ ਕਰਨ ਲਈ ਇਸ ਜ਼ਿਲ੍ਹਾ, ਵਿਭਾਗ ਅਤੇ ਬਲਾਕ ਪੱਧਰ ਉਤੇ ਕਮੇਟੀਆਂ ਦਾ ਗਠਨ ਕੀਤਾ ਗਿਆ।
ਇਸ ਮੀਟਿੰਗ ਵਿਚ ਮੰਤਰੀ ਫੀਲਡ ਅਫਸਰ ਸੁਖਪਾਲ ਸਿੰਘ, ਸਹਾਇਕ ਸਿਵਲ ਸਰਜਨ ਅੰਜੂ ਭਾਟੀਆ,ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼ਰੂਤੀ ਸ਼ਰਮਾ, ਜ਼ਿਲਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਉਪ ਜਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼ਰਨਜੀਤ ਕੌਰ, ਖੇਤੀਬਾੜੀ ਅਫਸਰ ਪੰਕਜ ਕੁਮਾਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਲਖਬੀਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।
Under Sexual Harassment of Women at Work Place X 2013, instructions to form committees at the block level also issued.
ਸੈਕਸੁਅਲ ਹਰਾਸਮੈਂਟ ਆਫ ਵੂਮੈਨ ਐਟ ਵਰਕ ਪਲੇਸ ਐਕਸ 2013 ਅਧੀਨ ਬਲਾਕ ਪੱਧਰ ‘ਤੇ ਵੀ ਕਮੇਟੀਆਂ ਦਾ ਗਠਨ ਕਰਨ ਦੀ ਹਦਾਇਤ ਜਾਰੀ