
ਸਕੂਲ ਦੀ ਜ਼ਿੰਦਗੀ ਵਿੱਚ ਇਮਤਿਹਾਨ ਉਹ ਦੌਰ ਹੁੰਦਾ ਹੈ, ਜਿੱਥੇ ਬੱਚੇ ਦੀ ਕਾਬਲੀਅਤ ਨਾਲੋਂ ਵੱਧ ਉਸਦਾ ਹੌਸਲਾ ਪਰਖਿਆ ਜਾਂਦਾ ਹੈ। ਪੇਪਰਾਂ ਦਾ ਨਾਂ ਸੁਣਦੇ ਹੀ ਕਈ ਬੱਚਿਆਂ ਦੇ ਚਿਹਰਿਆਂ ‘ਤੇ ਚਿੰਤਾ, ਡਰ ਅਤੇ ਦੁਵਿਧਾ ਦੀ ਛਾਂ ਪੈ ਜਾਂਦੀ ਹੈ। ਪਰ ਸੱਚ ਇਹ ਹੈ ਕਿ ਪੇਪਰ ਡਰਾਉਣ ਲਈ ਨਹੀਂ, ਸਿੱਖਿਆ ਦੀ ਯਾਤਰਾ ਵਿੱਚ ਬੱਚੇ ਦੀ ਸਮਝ ਅਤੇ ਮਿਹਨਤ ਨੂੰ ਦਿਖਾਉਣ ਲਈ ਹੁੰਦੇ ਹਨ। ਇਮਤਿਹਾਨ ਬੱਚਿਆਂ ਦੀ ਜ਼ਿੰਦਗੀ ਦਾ ਉਹ ਮੋੜ ਹੁੰਦਾ ਹੈ, ਜਿੱਥੇ ਕਾਪੀ ਤੋਂ ਵੱਧ ਮਨ ਦੀ ਅਵਸਥਾ ਅਹਿਮ ਹੁੰਦੀ ਹੈ। ਅਕਸਰ ਅਸੀਂ ਬੱਚਿਆਂ ਨੂੰ ਕਹਿ ਦਿੰਦੇ ਹਾਂ “ਪੇਪਰ ਨੇੜੇ ਹਨ, ਹੁਣ ਸਿਰਫ਼ ਪੜ੍ਹਾਈ ਕਰ।” ਪਰ ਅਸਲ ਸਵਾਲ ਇਹ ਹੈ ਕੀ ਅਸੀਂ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪੜ੍ਹਨਾ ਵੀ ਸਿਖਾਉਂਦੇ ਹਾਂ?
1. ਤਿਆਰੀ ਦੀ ਸ਼ੁਰੂਆਤ ਮਨ ਤੋਂ ਹੁੰਦੀ ਹੈ
ਪੇਪਰਾਂ ਦੀ ਤਿਆਰੀ ਦਾ ਅਰਥ ਸਿਰਫ਼ ਲੰਮੇ ਸਮੇਂ ਤੱਕ ਕਿਤਾਬਾਂ ਖੋਲ੍ਹ ਕੇ ਬੈਠੇ ਰਹਿਣਾ ਨਹੀਂ। ਅਸਲ ਤਿਆਰੀ ਤਾਂ ਉਸ ਸਮੇਂ ਸ਼ੁਰੂ ਹੁੰਦੀ ਹੈ, ਜਦੋਂ ਬੱਚਾ ਆਪਣੇ ਮਨ ਨੂੰ ਡਰ ਤੋਂ ਮੁਕਤ ਕਰਦਾ ਹੈ। ਜੇ ਮਨ ਭਰੋਸੇ ਨਾਲ ਭਰਿਆ ਹੋਵੇ, ਤਾਂ ਪੜ੍ਹਿਆ ਹੋਇਆ ਗਿਆਨ ਆਪਣੇ ਆਪ ਕਾਗਜ਼ ‘ਤੇ ਉਤਰ ਆਉਂਦਾ ਹੈ।
2. ਪੇਪਰ ਤਿਆਰੀ ਦਾ ਅਰਥ ਸਿਰਫ਼ ਕਿਤਾਬਾਂ ਨਹੀਂ
ਪੇਪਰਾਂ ਦੀ ਤਿਆਰੀ ਸਿਰਫ਼ ਯਾਦ ਕਰਨ ਦਾ ਨਾਮ ਨਹੀਂ। ਇਹ ਬੱਚੇ ਦੇ ਮਨ ਨੂੰ ਸ਼ਾਂਤ, ਵਿਸ਼ਵਾਸ ਨਾਲ ਭਰਪੂਰ ਅਤੇ ਸੰਤੁਲਿਤ ਬਣਾਉਣ ਦੀ ਪ੍ਰਕਿਰਿਆ ਹੈ। ਜਦੋਂ ਮਨ ਡਰ ਨਾਲ ਭਰਿਆ ਹੋਵੇ, ਤਾਂ ਯਾਦ ਕੀਤਾ ਗਿਆ ਗਿਆਨ ਵੀ ਕਾਗਜ਼ ‘ਤੇ ਨਹੀਂ ਉਤਰਦਾ।
3. ਡਰ ਨਹੀਂ, ਵਿਸ਼ਵਾਸ ਪੈਦਾ ਕਰੋ
ਬੱਚੇ ਅਕਸਰ ਫੇਲ ਹੋਣ ਦੇ ਡਰ ਨਾਲ ਪੜ੍ਹਦੇ ਹਨ।ਉਹਨਾਂ ਨੂੰ ਇਹ ਅਹਿਸਾਸ ਕਰਵਾਉਣਾ ਬਹੁਤ ਜ਼ਰੂਰੀ ਹੈ ਕਿ ਪੇਪਰ ਨਤੀਜਾ ਨਹੀਂ, ਇੱਕ ਕੋਸ਼ਿਸ਼ ਹੁੰਦਾ ਹੈ। ਜਦੋਂ ਬੱਚਾ ਜਾਣਦਾ ਹੈ ਕਿ ਨੰਬਰਾਂ ਨਾਲ ਉਸਦੀ ਕਦਰ ਨਹੀਂ ਤੋਲੀ ਜਾਵੇਗੀ, ਤਦੋਂ ਉਹ ਨਿਡਰ ਹੋ ਕੇ ਪੜ੍ਹਦਾ ਹੈ।
4. ਸਮੇਂ ਦੀ ਯੋਜਨਾ – ਤਣਾਅ ਤੋਂ ਮੁਕਤੀ ਦਾ ਰਸਤਾ
ਵਧੀਆ ਤਿਆਰੀ ਲਈ ਸਮੇਂ ਦੀ ਸਹੀ ਯੋਜਨਾ ਬਹੁਤ ਜ਼ਰੂਰੀ ਹੈ। ਪੂਰਾ ਸਿਲੇਬਸ ਇਕੱਠਾ ਦੇਖਣ ਨਾਲ ਮਨ ਘਬਰਾ ਜਾਂਦਾ ਹੈ।ਉਸਨੂੰ ਸਿਖਾਓ-ਅੱਜ ਦਾ ਕੰਮ ਅੱਜ,ਇੱਕ ਟਾਪਿਕ, ਇੱਕ ਸਮਾਂ,ਹਰ ਛੋਟੀ ਸਫਲਤਾ ਦੀ ਖੁਸ਼ੀ,ਇਹ ਤਰੀਕਾ ਬੱਚੇ ਦੇ ਅੰਦਰ “ਮੈਂ ਕਰ ਸਕਦਾ ਹਾਂ” ਵਾਲਾ ਵਿਸ਼ਵਾਸ ਜਗਾਉਂਦਾ ਹੈ।
ਜੇ ਬੱਚਾ ਹਰ ਦਿਨ ਲਈ ਥੋੜ੍ਹਾ-ਥੋੜ੍ਹਾ ਟੀਚਾ ਰੱਖੇ, ਤਾਂ ਪੜ੍ਹਾਈ ਬੋਝ ਨਹੀਂ ਲੱਗਦੀ। ਇਹ ਤਰੀਕਾ ਬੱਚੇ ਨੂੰ ਅਨੁਸ਼ਾਸਨ ਦੇ ਨਾਲ–ਨਾਲ ਆਤਮ ਵਿਸ਼ਵਾਸ ਵੀ ਦਿੰਦਾ ਹੈ।
5.ਪੜ੍ਹਾਈ ਦਾ ਸਹੀ ਢੰਗ – ਰਟਣਾ ਨਹੀਂ, ਸਮਝ
ਅਕਸਰ ਬੱਚੇ ਸੋਚਦੇ ਹਨ ਕਿ ਸਾਰਾ ਸਿਲੇਬਸ ਯਾਦ ਕਰ ਲੈਣਾ ਹੀ ਕਾਮਯਾਬੀ ਦੀ ਕੁੰਜੀ ਹੈ। ਪਰ ਰਟਿਆ ਹੋਇਆ ਗਿਆਨ ਪਲ ਭਰ ਵਿੱਚ ਭੁੱਲ ਜਾਂਦਾ ਹੈ। ਜਦਕਿ ਸਮਝ ਕੇ ਪੜ੍ਹਿਆ ਪਾਠ ਜੀਵਨ ਭਰ ਨਾਲ ਰਹਿੰਦਾ ਹੈ। ਨੋਟਸ ਬਣਾਉਣਾ, ਆਪਣੇ ਸ਼ਬਦਾਂ ਵਿੱਚ ਉੱਤਰ ਲਿਖਣ ਦੀ ਪ੍ਰੈਕਟਿਸ ਕਰਨੀ ਅਤੇ ਡਾਇਗ੍ਰਾਮ ਜਾਂ ਉਦਾਹਰਣਾਂ ਨਾਲ ਸਮਝਣਾ ਇਹ ਸਭ ਪੜ੍ਹਾਈ ਨੂੰ ਆਸਾਨ ਅਤੇ ਦਿਲਚਸਪ ਬਣਾਉਂਦੇ ਹਨ।
6. ਸਮਾਂ ਵੀ ਪੜ੍ਹਾਈ ਦਾ ਹਿੱਸਾ ਹੈ
ਪੜ੍ਹਾਈ ਦੇ ਨਾਲ,ਪੂਰੀ ਨੀਂਦ,ਥੋੜ੍ਹਾ ਖੇਡਣਾ,ਮੋਬਾਈਲ ਤੋਂ ਦੂਰੀ,ਸਿਹਤਮੰਦ ਖਾਣਾ ਇਹ ਸਭ ਬੱਚੇ ਦੇ ਦਿਮਾਗ ਨੂੰ ਤਾਜ਼ਾ ਰੱਖਦੇ ਹਨ। ਥੱਕਿਆ ਦਿਮਾਗ ਕਦੇ ਚਮਕਦਾ ਨਹੀਂ।
7. ਅਧਿਆਪਕ ਅਤੇ ਮਾਪੇ – ਮਾਰਗਦਰਸ਼ਕ, ਜੱਜ ਨਹੀਂ
ਬੱਚੇ ਨੂੰ ਸਭ ਤੋਂ ਵੱਧ ਲੋੜ ਸਮਰਥਨ ਦੀ ਹੁੰਦੀ ਹੈ, ਨਾ ਕਿ ਤੁਲਨਾ ਦੀ। ਜਦੋਂ ਅਧਿਆਪਕ ਅਤੇ ਮਾਪੇ ਬੱਚੇ ਦੀ ਮਿਹਨਤ ਨੂੰ ਸਰਾਉਂਦੇ ਹਨ, ਤਾਂ ਉਸਦਾ ਆਤਮ ਵਿਸ਼ਵਾਸ ਕਈ ਗੁਣਾ ਵੱਧ ਜਾਂਦਾ ਹੈ। ਇੱਕ ਹੌਂਸਲਾ ਭਰੀ ਗੱਲ ਕਈ ਵਾਰ ਬੱਚੇ ਦੀ ਸੋਚ ਬਦਲ ਦਿੰਦੀ ਹੈ।
8. ਪੇਪਰ ਦੇ ਦਿਨ – ਸ਼ਾਂਤੀ ਸਭ ਤੋਂ ਵੱਡੀ ਤਿਆਰੀ
ਪੇਪਰ ਵਾਲੇ ਦਿਨ,ਨਵੇਂ ਟਾਪਿਕ ਨਾ ਪੜ੍ਹੋ,ਬੱਚੇ ਨੂੰ ਸ਼ਾਂਤ ਰਹਿਣ ਦਿਓ,ਮੁਸਕਾਨ ਨਾਲ ਵਿਦਾ ਕਰੋ,ਕਿਉਂਕਿ ਸ਼ਾਂਤ ਮਨ ਹੀ ਸਭ ਤੋਂ ਵਧੀਆ ਜਵਾਬ ਲਿਖਦਾ ਹੈ।
ਪੇਪਰ ਜ਼ਿੰਦਗੀ ਨਹੀਂ, ਪਰ ਜ਼ਿੰਦਗੀ ਲਈ ਤਜਰਬਾ ਹੁੰਦੇ ਹਨ।ਜੇ ਬੱਚਾ ਇਮਾਨਦਾਰੀ ਨਾਲ ਮਿਹਨਤ ਕਰ ਰਿਹਾ ਹੈ, ਤਾਂ ਉਹ ਕਦੇ ਅਸਫਲ ਨਹੀਂ ਚਾਹੇ ਨੰਬਰ ਜੋ ਮਰਜ਼ੀ ਹੋਣ। ਬੱਚਿਆਂ ਨੂੰ ਸਿਰਫ਼ ਪੜ੍ਹਨਾ ਨਹੀਂ, ਆਪਣੇ ਆਪ ‘ਤੇ ਭਰੋਸਾ ਕਰਨਾ ਸਿਖਾਓ ਇਹੀ ਸਭ ਤੋਂ ਵੱਡੀ ਤਿਆਰੀ ਹੈ।ਪੇਪਰ ਸਿਰਫ਼ ਨੰਬਰ ਨਹੀਂ, ਬੱਚੇ ਦੀ ਸੋਚ, ਸਬਰ ਅਤੇ ਸਵੈ-ਵਿਸ਼ਵਾਸ ਦੀ ਪਰਖ ਹੁੰਦੇ ਹਨ। ਜੇ ਅਸੀਂ ਬੱਚਿਆਂ ਨੂੰ ਸਿਰਫ਼ ਅੰਕਾਂ ਦੀ ਦੌੜ ਤੋਂ ਬਾਹਰ ਕੱਢ ਕੇ ਸੋਚਣ, ਸਮਝਣ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਦੀ ਸਿੱਖਿਆ ਦੇਈਏ, ਤਾਂ ਹਰ ਪੇਪਰ ਇੱਕ ਨਵੀਂ ਸਿੱਖ ਬਣ ਸਕਦਾ ਹੈ।ਬੱਚਿਆਂ ਨੂੰ ਪੇਪਰਾਂ ਦੀ ਤਿਆਰੀ ਨਾਲੋਂ ਵੱਧ, ਜੀਵਨ ਦੀ ਤਿਆਰੀ ਕਰਵਾਉਣਾ ਇਹੀ ਸੱਚੀ ਸਿੱਖਿਆ ਹੈ।

For continuous updates on educational activities and official news from District Ropar, visit: deorpr.com and follow our Facebook page for real-time English/Punjabi news: District Ropar News – Facebook
















