ਲੁਧਿਆਣਾ: ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ ‘ਤੇ ਨਾਰੰਗਵਾਲ ਕਾਲਜ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਅਤੇ ਸਮਾਜਿਕ ਵਿਕਾਸ ਵਿੱਚ ਇਸ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ।
ਇਸ ਮੌਕੇ ਪ੍ਰਸਿੱਧ ਸਾਹਿਤਕਾਰ ਤੇਜਿੰਦਰ ਸਿੰਘ ਬਾਜ਼ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾਕਟਰ ਸੰਦੀਪ ਸਾਹਨੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਗਿਆਨ ਸਿਰਫ਼ ਇਕ ਵਿਸ਼ਾ ਨਹੀਂ, ਸਗੋਂ ਜੀਵਨ ਦੀ ਦਿਸ਼ਾ ਹੈ, ਜੋ ਵਿਦਿਆਰਥੀਆਂ ਨੂੰ ਖੋਜ ਅਤੇ ਨਵੀਨਤਾ ਵੱਲ ਪ੍ਰੇਰਿਤ ਕਰਦਾ ਹੈ।
ਤੇਜਿੰਦਰ ਸਿੰਘ ਬਾਜ਼ ਦੀ ਟੀਮ ਵੱਲੋਂ ਵਿਗਿਆਨਕ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਧਰਤੀ ਮਾਤਾ ਦੀ ਰੱਖਿਆ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਨਾਟਕ ਰਾਹੀਂ ਮਨੁੱਖੀ ਗਤੀਵਿਧੀਆਂ ਦੇ ਵਾਤਾਵਰਣ ‘ਤੇ ਪੈ ਰਹੇ ਪ੍ਰਭਾਵ ਨੂੰ ਦਰਸਾਉਂਦਿਆਂ ਪ੍ਰਕ੍ਰਿਤੀ ਨਾਲ ਸੰਤੁਲਨ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ।

ਬੀ.ਐਸ.ਸੀ. ਭਾਗ ਤੀਜਾ ਦੇ ਵਿਦਿਆਰਥੀਆਂ ਨੇ ਮਨਦੀਪ ਕੌਰ ਦੀ ਰਹਿਨੁਮਾਈ ਹੇਠ “ਵਿਗਿਆਨ ਵਿੱਚ ਔਰਤਾਂ ਦਾ ਵਿਕਾਸ — ਵਿਕਸਿਤ ਭਾਰਤ ਲਈ ਉਤਪ੍ਰੇਰਕ ਸ਼ਕਤੀ” ਵਿਸ਼ੇ ‘ਤੇ ਪਾਵਰਪੁਆਇੰਟ ਪ੍ਰਸਤੁਤੀ ਪੇਸ਼ ਕੀਤੀ। ਇਸ ਪ੍ਰਸਤੁਤੀ ਵਿੱਚ ਮਹਿਲਾ ਵਿਗਿਆਨੀਆਂ ਦੀਆਂ ਉਪਲਬਧੀਆਂ ਅਤੇ ਸਮਾਜ ‘ਤੇ ਉਨ੍ਹਾਂ ਦੇ ਪ੍ਰਭਾਵ ਨੂੰ ਵਿਸਥਾਰ ਨਾਲ ਦਰਸਾਇਆ ਗਿਆ।
ਇਸ ਮੌਕੇ ਸ. ਤੇਜਿੰਦਰ ਸਿੰਘ ਬਾਜ ਵੱਲੋਂ ਪ੍ਰਸਿੱਧ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਦੇ ਜੀਵਨ ਅਤੇ ਯੋਗਦਾਨ ‘ਤੇ ਆਧਾਰਿਤ ਸੋਲੋ ਨਾਟਕ ‘ਸਿਧੱਰਾ’ ਦੀ ਪੇਸ਼ਕਸ਼ ਵੀ ਕੀਤੀ ਗਈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ।
ਯੂਥ ਕਲੱਬ ਦੇ ਕੋਆਰਡੀਨੇਟਰ ਡਾ. ਸੁਰਿੰਦਰ ਮੋਹਨ ਦੀਪ ਨੇ ਸਾਰਿਆਂ ਨੂੰ ਰਾਸ਼ਟਰੀ ਵਿਗਿਆਨ ਦਿਵਸ ਦੀ ਵਧਾਈ ਦਿੰਦਿਆਂ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਾ. ਕਮਲਜੀਤ ਸਿੰਘ ਸੋਹੀ, ਡਾ. ਰਮਨਦੀਪ ਕੌਰ, ਡਾ. ਪਰਮਜੀਤ ਕੌਰ ਅਤੇ ਦਿਲਜੀਤ ਕੌਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।

















