
ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ: ਵਿਪਰੋ ਵੱਲੋਂ ਕਰਵਾਏ ਜਾ ਰਹੇ ਵਿਪਰੋ ਅਰਥੀਅਨ ਐਵਾਰਡਸ ਪ੍ਰੋਗਰਾਮ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਦਾ ਵਾਤਾਵਰਣ ਸੰਬੰਧੀ ਬਾਇਓਡਾਇਵਰਸਿਟੀ ਪ੍ਰੋਜੈਕਟ ਰਾਜ ਪੱਧਰ ਲਈ ਚੁਣਿਆ ਗਿਆ ਹੈ। ਇਸ ਉਪਲਬਧੀ ਨਾਲ ਸਕੂਲ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਪ੍ਰੋਜੈਕਟ ਤਹਿਤ ਸਕੂਲ ਦੀ ਟੀਮ ਵੱਲੋਂ ਸਕੂਲ ਕੈਂਪਸ ਵਿੱਚ ਮੌਜੂਦ ਬਾਇਓਡਾਇਵਰਸਿਟੀ ਦਾ ਵਿਸਥਾਰ ਨਾਲ ਅਧਿਐਨ ਕੀਤਾ ਗਿਆ। ਵਿਦਿਆਰਥਣਾਂ ਨੇ ਸਕੂਲ ਵਿੱਚ ਪਾਏ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਪੌਦਿਆਂ ਅਤੇ ਕੀੜਿਆਂ ਦੀਆਂ ਪ੍ਰਜਾਤੀਆਂ ਦੀ ਪਛਾਣ ਕੀਤੀ ਅਤੇ ਇਹ ਵੀ ਜਾਣਿਆ ਕਿ ਬਦਲਦੇ ਵਾਤਾਵਰਣ, ਪ੍ਰਦੂਸ਼ਣ ਅਤੇ ਆਸ-ਪਾਸ ਦੀਆਂ ਗਤੀਵਿਧੀਆਂ ਦਾ ਇਨ੍ਹਾਂ ਜੀਵਾਂ ’ਤੇ ਕੀ ਪ੍ਰਭਾਵ ਪੈਂਦਾ ਹੈ।
ਇਸ ਪ੍ਰੋਜੈਕਟ ਦੀ ਗਾਈਡ ਅਧਿਆਪਿਕਾ ਅਨਾਮਿਕਾ ਸ਼ਰਮਾ ਰਹੀ। ਟੀਮ ਵਿੱਚ ਅੱਠਵੀਂ ਕਲਾਸ ਦੀਆਂ ਵਿਦਿਆਰਥਣਾਂ ਸਾਨਵੀ, ਰਿਧਿਮਾ, ਪਲਕ ਸ਼ਰਮਾ, ਪਾਇਲ ਸ਼ਰਮਾ, ਦਿਵਜੋਤ ਕੌਰ, ਦੀਆ, ਵੈਸ਼ਨਵੀ ਕਾਲੀਆ ਅਤੇ ਗੁਰਲੀਨ ਕੌਰ ਸ਼ਾਮਲ ਰਹੀਆਂ।

ਸਕੂਲ ਦੀ ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਅਤੇ ਸਮੂਹ ਸਟਾਫ ਵੱਲੋਂ ਗਾਈਡ ਅਧਿਆਪਿਕਾ ਅਤੇ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਦੀਆਂ ਹਨ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਅਜਿਹੇ ਪ੍ਰੋਜੈਕਟਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਸਮੂਹ ਸਟਾਫ ਨੇ ਵੀ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਹ ਉਪਲਬਧੀ ਸਕੂਲ ਲਈ ਮਾਣ ਦੀ ਗੱਲ ਹੈ ਅਤੇ ਇਸ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਵਾਤਾਵਰਣ ਸੰਰੱਖਣ ਲਈ ਪ੍ਰੇਰਣਾ ਮਿਲੇਗੀ।
















