District-Level ‘Trash to Treasure’ Environmental Exhibition Successfully Held in Rupnagar Under Punjab State Council for Science & Technology Guidelines
ਰੂਪਨਗਰ, 13 ਫਰਵਰੀ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਅਤੇ ਭਾਰਤ ਸਰਕਾਰ ਦੇ ਵਾਤਾਵਰਣ ਸੰਭਾਲ ਮੰਤਰਾਲੇ ਦੇ ਸਹਿਯੋਗ ਨਾਲ ਵਾਤਾਵਰਣ ਸਿੱਖਿਆ ਪ੍ਰੋਗਰਾਮ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਇੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਵਾਤਾਵਰਣ ਕੋਆਰਡੀਨੇਟਰ ਸ੍ਰੀ ਸੁਖਜੀਤ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਜ਼ਿਲ੍ਹਾ ਪੱਧਰੀ ‘Trash to Treasure’ ਵਿਸ਼ੇ ’ਤੇ ਵਾਤਾਵਰਣ ਜਾਗਰੂਕਤਾ ਪ੍ਰਦਰਸ਼ਨੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਦਲੇ ਵਿਖੇ ਸਫਲਤਾਪੂਰਵਕ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਪ੍ਰੋਗਰਾਮ ਦੇ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਣ ਸੰਰੱਖਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਬੇਕਾਰ ਸਮੱਗਰੀ ਨੂੰ ਰਚਨਾਤਮਕ ਢੰਗ ਨਾਲ ਦੁਬਾਰਾ ਵਰਤਣ ਲਈ ਪ੍ਰੇਰਿਤ ਕਰਨਾ ਸੀ।
ਜ਼ਿਲ੍ਹੇ ਦੇ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਕਬਾੜ ਸਮੱਗਰੀ ਤੋਂ ਤਿਆਰ ਕੀਤੇ ਰਚਨਾਤਮਕ ਅਤੇ ਪ੍ਰੇਰਣਾਦਾਇਕ ਮਾਡਲ ਪੇਸ਼ ਕੀਤੇ। ਹਰ ਟੀਮ ਨੂੰ ਆਪਣੇ ਮਾਡਲ ਦੀ ਵਿਆਖਿਆ ਲਈ ਦੋ ਮਿੰਟ ਦਾ ਸਮਾਂ ਦਿੱਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਵਾਤਾਵਰਣ ਬਚਾਅ ਸਬੰਧੀ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਤੁਤ ਕੀਤਾ। ਇਸ ਦੌਰਾਨ ਜ਼ਿਲ੍ਹੇ ਦੇ ਪਹਿਲੇ 10 ਬਿਹਿਤਰੀਨ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਸ: ਕਮਿੱਕਰ ਸਿੰਘ ਡਾਢੀ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਵਾਤਾਵਰਨ ਟੀਮ ਰੂਪਨਗਰ ਵੱਲੋਂ ਸਰਟੀਫਿਕੇਟ ਅਤੇ ਸ਼ਾਨਦਾਰ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਮੁਕਾਬਲੇ ਦੀ ਜੱਜਮੈਂਟ ਸ਼ਰਨਦੀਪ ਕੌਰ (ਲੈਕਚਰਾਰ ਬਾਇਓ, ਸਕੂਲ ਆਫ ਐਮੀਨੈਂਸ ਮੋਰਿੰਡਾ), ਅਮਰਦੀਪ ਸਿੰਘ (ਲੈਕਚਰਾਰ, ਸਕੂਲ ਆਫ ਐਮੀਨੈਂਸ ਨੰਗਲ), ਜਵਤਿੰਦਰ ਕੌਰ (ਲੈਕਚਰਾਰ ਬਾਇਓ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੂਪਨਗਰ), ਚੰਦਰਕਾਂਤ ਸ਼ਰਮਾ (ਸਾਇੰਸ ਮਾਸਟਰ) ਅਤੇ ਅਵਤਾਰ ਸਿੰਘ (ਪੀ.ਐਮ. ਸ਼੍ਰੀ ਮੱਸੇਵਾਲ) ਵੱਲੋਂ ਨਿਰਪੱਖ ਢੰਗ ਨਾਲ ਕੀਤੀ ਗਈ।
ਇਸ ਮੌਕੇ ਰਿਫਰੈਸ਼ਮੈਂਟ, ਰਜਿਸਟ੍ਰੇਸ਼ਨ, ਸਟੇਜ ਪ੍ਰਬੰਧ, ਸਰਟੀਫਿਕੇਟ ਤਿਆਰੀ ਅਤੇ ਮੀਡੀਆ ਕਵਰੇਜ ਦੀਆਂ ਡਿਊਟੀਆਂ ਸੁਖਵਿੰਦਰ ਸਿੰਘ, ਓਮ ਪ੍ਰਕਾਸ਼, ਕੁਲਵੰਤ ਸਿੰਘ, ਸੁਖਜੀਤ ਸਿੰਘ, ਭੁਪਿੰਦਰ ਸਿੰਘ, ਵਿਵੇਕ ਸ਼ਰਮਾ, ਅਤੁੱਲ ਦੁਵੇਦੀ, ਅਤੇ ਗੁਰਪ੍ਰੀਤ ਸਿੰਘ ਵੱਲੋਂ ਬੜੀ ਜ਼ਿੰਮੇਵਾਰੀ ਨਾਲ ਨਿਭਾਈਆਂ ਗਈਆਂ।
ਇਸ ਮੌਕੇ ਤੇ ਜ਼ਿਲ੍ਹਾ ਵਾਤਾਵਰਣ ਕੋਆਰਡੀਨੇਟਰ ਸ੍ਰੀ ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਾਤਾਵਰਣ ਸੰਰੱਖਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਰਚਨਾਤਮਕ ਸੋਚ ਨੂੰ ਵੀ ਨਿਖਾਰਦੇ ਹਨ। ਉਨ੍ਹਾਂ ਕਿਹਾ ਕਿ ਕਬਾੜ ਤੋਂ ਖ਼ਜ਼ਾਨਾ ਬਣਾਉਣ ਦੀ ਇਹ ਪਹਿਲ ਭਵਿੱਖ ਵਿੱਚ ਵਾਤਾਵਰਣ ਬਚਾਅ ਲਈ ਮਹੱਤਵਪੂਰਣ ਸਾਬਤ ਹੋਵੇਗੀ।
ਸਮਾਰੋਹ ਦੇ ਅੰਤ ਵਿੱਚ ਜੇਤੂ ਟੀਮਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਹ ਜ਼ਿਲ੍ਹਾ ਪੱਧਰੀ ਉਪਰਾਲਾ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਜਾਗਰੂਕਤਾ ਵਧਾਉਣ ਵੱਲ ਇੱਕ ਸਰਾਹਣਯੋਗ ਕਦਮ ਸਾਬਤ ਹੋਇਆ।



















































