C.V. Raman – The Magician of Light and the Pride of Indian Science
ਸੰਸਾਰ ਵਿੱਚ ਕੁਝ ਵਿਗਿਆਨੀ ਉਹ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਗਿਆਨ ਨਾਲ ਮਨੁੱਖਤਾ ਨੂੰ ਨਵੀਂ ਦਿਸ਼ਾ ਦਿੱਤੀ।ਉਹਨਾਂ ਵਿੱਚੋਂ ਇੱਕ ਮਹਾਨ ਨਾਮ ਹੈ ਭਾਰਤ ਰਤਨ ਡਾ. ਚੰਦਰਸ਼ੇਖਰ ਵੇਂਕਟ ਰਮਨ, ਜਿਨ੍ਹਾਂ ਨੂੰ ਪਿਆਰ ਨਾਲ ਸੀ. ਵੀ. ਰਮਨ ਕਿਹਾ ਜਾਂਦਾ ਹੈ।ਉਹ ਭਾਰਤ ਦੇ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੇ ਭੌਤਿਕ ਵਿਗਿਆਨ ਵਿੱਚ ਆਪਣੀ ਖੋਜ ਲਈ ਨੋਬਲ ਪੁਰਸਕਾਰ ਇਨਾਮ (1930) ਜਿੱਤਿਆ ਅਤੇ ਵਿਸ਼ਵ ਵਿਚ ਭਾਰਤ ਦਾ ਮੱਥਾ ਮਾਣ ਨਾਲ ਉੱਚਾ ਕੀਤਾ।
ਸੀ. ਵੀ. ਰਮਨ ਦਾ ਜਨਮ 7 ਨਵੰਬਰ 1888 ਨੂੰ ਤਿਰੁਚਿਰਾਪੱਲੀ (ਤਮਿਲਨਾਡੁ) ਵਿੱਚ ਹੋਇਆ।ਉਹਨਾਂ ਦੇ ਪਿਤਾ ਗਣਿਤ ਤੇ ਭੌਤਿਕ ਵਿਗਿਆਨ ਦੇ ਅਧਿਆਪਕ ਸਨ ਜਿਸ ਕਾਰਨ ਬਚਪਨ ਤੋਂ ਹੀ ਰਮਨ ਨੂੰ ਵਿਗਿਆਨ ਨਾਲ ਦਿਲਚਸਪੀ ਸੀ।ਉਹਨਾਂ ਨੇ ਆਪਣੀ ਪੜ੍ਹਾਈ ਪ੍ਰੇਸਿਡੈਂਸੀ ਕਾਲਜ, ਮਦਰਾਸ (ਹੁਣ ਚੇਨਈ) ਤੋਂ ਕੀਤੀ ਤੇ ਬਹੁਤ ਛੋਟੀ ਉਮਰ ਵਿੱਚ ਹੀ ਆਪਣੀ ਸਮਝ ਨਾਲ ਅਧਿਆਪਕਾਂ ਨੂੰ ਹੈਰਾਨ ਕਰ ਦਿੱਤਾ। ਸੀ ਵੀ ਰਮਨ ਦੀ ਸਭ ਤੋਂ ਵੱਡੀ ਖੋਜ ਸੀ “ਰਮਨ ਪ੍ਰਭਾਵ”।ਉਨ੍ਹਾਂ ਦੀ ਖੋਜ “ਰਮਨ ਪ੍ਰਭਾਵ” ਨੇ ਵਿਗਿਆਨ ਦੀ ਦੁਨੀਆ ਵਿੱਚ ਇੱਕ ਨਵਾਂ ਅਧਿਆਇ ਖੋਲ੍ਹਿਆ। ਸੌਖੇ ਸ਼ਬਦਾਂ ਵਿੱਚ: ਜਦੋਂ ਰੌਸ਼ਨੀ ਕਿਸੇ ਪਦਾਰਥ ‘ਤੇ ਪੈਂਦੀ ਹੈ, ਤਾਂ ਕੁਝ ਰੌਸ਼ਨੀ ਆਪਣੇ ਰੰਗ ਜਾਂ ਦਿਸ਼ਾ ਨੂੰ ਬਦਲ ਲੈਂਦੀ ਹੈ। ਇਹ ਹੀ ਘਟਨਾ “ਰਮਨ ਪ੍ਰਭਾਵ” ਕਹਾਉਂਦੀ ਹੈ।ਇਸ ਖੋਜ ਨੇ ਇਹ ਸਾਬਤ ਕੀਤਾ ਕਿ-ਰੌਸ਼ਨੀ ਸਿਰਫ਼ ਇਕ ਸਿੱਧੀ ਲਹਿਰ ਨਹੀਂ ਹੈ, ਸਗੋਂ ਉਹ ਵਸਤੂਆਂ ਨਾਲ ਟਕਰਾ ਕੇ ਆਪਣਾ ਸੁਭਾਉ ਬਦਲ ਸਕਦੀ ਹੈ।ਇਹ ਖੋਜ 28 ਫ਼ਰਵਰੀ 1928 ਨੂੰ ਕੀਤੀ ਗਈ, ਜਿਸ ਦਿਨ ਨੂੰ ਅੱਜ ਭਾਰਤ ਵਿੱਚ ਰਾਸ਼ਟਰੀ ਵਿਗਿਆਨ ਦਿਵਸ (National Science Day) ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਨੂੰ ਇਸ ਖੋਜ ਦੇ ਲਈ 1930 ਵਿਚ ਵਿਸ਼ਵ ਦਾ ਸਭ ਤੋਂ ਵੱਡਾ ਨੋਬਲ ਪੁਰਸਕਾਰ ਭੋਤਿਕ ਵਿਗਿਆਨ ਦੇ ਖੇਤਰ ਵਿਚ ਮਿਲਿਆ। ਇਸ ਤੋਂ ਬਾਅਦ ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ 1954 ਵਿਚ ਮਿਲਿਆ।
ਇਸ ਤੋਂ ਬਾਅਦ 1957 ਵਿਚ ਲੇਨੀਨ ਪੁਰਸਕਾਰ ਇਹ ਸੋਵੀਅਤ ਯੂਨੀਅਨ ਦੇ ਸਭ ਤੋਂ ਉੱਚ ਇਨਾਮਾਂ ਵਿੱਚੋਂ ਇੱਕ ਸੀ।ਇਸਨੂੰ ਪ੍ਰਾਪਤ ਕਰਨਾ ਕਿਸੇ ਵਿਗਿਆਨੀ ਲਈ ਰਾਸ਼ਟਰੀ ਮਾਣ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਉਹ ਸਿਰਫ਼ ਵਿਗਿਆਨੀ ਹੀ ਨਹੀਂ ਸਨ, ਸਗੋਂ ਇੱਕ ਸ਼ਾਨਦਾਰ ਅਧਿਆਪਕ, ਪ੍ਰੇਰਕ ਤੇ ਦੇਸ਼ਭਕਤ ਵੀ ਸਨ। ਸੀ. ਵੀ ਰਮਨ ਦੀ ਜ਼ਿੰਦਗੀ ਸਿਰਫ ਵਿਗਿਆਨ ਤੱਕ ਹੀ ਸੀਮਿਤ ਨਹੀਂ ਉਹ ਸਾਨੂੰ ਜੀਵਨ, ਮਿਹਨਤ ਅਤੇ ਸਮਰਪਣ ਦੀਆਂ ਅਸਲੀ ਸਿੱਖਿਆਵਾਂ ਵੀ ਦਿੰਦੀ ਹੈ। ਰਮਨ ਕਹਿੰਦੇ ਸਨ ਵਿਗਿਆਨ ਕਿਸੇ ਲੈਬੋਰਟਰੀ ਤੱਕ ਸੀਮਿਤ ਨਹੀਂ,ਇਹ ਹਰ ਇੱਕ ਦੇ ਮਨ ਵਿੱਚ ਜੀਵੰਤ ਜਿਗਿਆਸਾ ਦਾ ਨਾਮ ਹੈ। ਉਹ ਵਿਦਿਆਰਥੀਆਂ ਨੂੰ ਹਮੇਸ਼ਾਂ ਸੋਚਣ, ਪੁੱਛਣ ਅਤੇ ਤਜਰਬਾ ਕਰਨ ਲਈ ਪ੍ਰੇਰਿਤ ਕਰਦੇ ਸਨ।ਉਹਨਾਂ ਦਾ ਵਿਸ਼ਵਾਸ ਸੀ ਕਿ ਭਾਰਤੀ ਬੱਚਿਆਂ ਵਿੱਚ ਅਸੀਮ ਪ੍ਰਤਿਭਾ ਹੈ, ਸਿਰਫ਼ ਸਹੀ ਮਾਰਗਦਰਸ਼ਨ ਦੀ ਲੋੜ ਹੈ।
ਸੀ. ਵੀ. ਰਮਨ ਦੇ ਜੀਵਨ ਤੋਂ ਸਿੱਖਣ ਵਾਲੀਆਂ ਗੱਲਾਂ
ਜਿਗਿਆਸੂ ਬਣੋ-ਹਰ ਚੀਜ਼ ਬਾਰੇ ਜਾਣਨ ਦੀ ਇੱਛਾ ਰੱਖੋ।
ਮਿਹਨਤ ਤੇ ਧੀਰਜ ਰੱਖੋ-ਵੱਡੀ ਖੋਜ ਇੱਕ ਦਿਨ ‘ਚ ਨਹੀਂ ਹੁੰਦੀ।
ਹਰ ਗੱਲ ਦੇ ਪਿੱਛੇ ਦਾ “ਕਿਉਂ” ਜਾਣਨ ਦੀ ਆਦਤ ਪੈਦਾ ਕਰੋ। ਸੰਸਾਧਨਾਂ ਦੀ ਕਮੀ ਕਦੇ ਰੁਕਾਵਟ ਨਹੀਂ, ਜੇ ਜਜ਼ਬਾ ਮਜ਼ਬੂਤ ਹੋਵੇ। ਆਪਣੇ ਦੇਸ਼ ਅਤੇ ਆਪਣੀ ਮਿੱਟੀ ਤੇ ਗਰਵ ਕਰਨਾ ਚਾਹੀਦਾ ਹੈ। ਵੱਡੇ ਵਿਚਾਰ ਛੋਟੀਆਂ ਚੀਜ਼ਾਂ ਦੇ ਅਧਿਐਨ ਤੋਂ ਜਨਮ ਲੈਂਦੇ ਹਨ। ਸਿੱਖਣਾ ਕਦੇ ਰੋਕੋ ਨਾ ਕਿਉਂਕਿ ਗਿਆਨ ਹੀ ਜੀਵਨ ਦਾ ਸੱਚਾ ਪ੍ਰਕਾਸ਼ ਹੈ। ਆਪਣੇ ਦੇਸ਼ ‘ਤੇ ਮਾਣ ਕਰੋ-ਰਮਨ ਨੇ ਭਾਰਤ ਵਿੱਚ ਰਹਿ ਕੇ ਖੋਜ ਕੀਤੀ ਇਹ ਸਬਕ ਹੈ ਕਿ ਵਿਦੇਸ਼ ਜਾਣਾ ਜ਼ਰੂਰੀ ਨਹੀਂ, ਜਨੂਨ ਜ਼ਰੂਰੀ ਹੈ।ਸੀ. ਵੀ. ਰਮਨ ਨੇ ਰੌਸ਼ਨੀ ਦੇ ਰਾਜ਼ ਖੋਲ੍ਹੇ,ਪਰ ਅਸਲ ਰੌਸ਼ਨੀ ਉਹਨਾਂ ਨੇ ਹਰ ਭਾਰਤੀ ਵਿਦਿਆਰਥੀ ਦੇ ਮਨ ਵਿੱਚ ਜਗਾਈ ਵਿਗਿਆਨ ਦੀ ਰੌਸ਼ਨੀ, ਗਿਆਨ ਦੀ ਰੌਸ਼ਨੀ। ਸੀ ਵੀ. ਰਮਨ ਇੱਕ ਮਹਾਨ ਵਿਗਿਆਨੀ ਸਨ ਜਿਨ੍ਹਾਂ ਨੇ ਭਾਰਤ ਦਾ ਨਾਮ ਦੁਨੀਆ ਵਿੱਚ ਰੌਸ਼ਨ ਕੀਤਾ। ਉਹ ਬਚਪਨ ਤੋਂ ਹੀ ਬਹੁਤ ਜਿਗਿਆਸੂ ਸਨ ਹਰ ਚੀਜ਼ ਬਾਰੇ ਜਾਣਨਾ ਚਾਹੁੰਦੇ ਸਨ ਕਿ ਇਹ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਜੇ ਅਸੀਂ ਸੱਚੀ ਲਗਨ ਨਾਲ ਪੜ੍ਹਾਈ ਕਰੀਏ, ਆਪਣੇ ਸੁਪਨਿਆਂ ‘ਤੇ ਭਰੋਸਾ ਰੱਖੀਏ ਅਤੇ ਕਦੇ ਹਿੰਮਤ ਨਾ ਹਾਰੀਏ, ਤਾਂ ਅਸੀਂ ਵੀ ਵੱਡੀਆਂ ਸਫਲਤਾਵਾਂ ਹਾਸਲ ਕਰ ਸਕਦੇ ਹਾਂ।ਸੀ. ਵੀ. ਰਮਨ ਵਰਗੇ ਮਹਾਨ ਵਿਗਿਆਨੀ ਸਾਨੂੰ ਦੱਸਦੇ ਹਨ ਕਿ ਸੱਚੀ ਮਿਹਨਤ ਅਤੇ ਗਿਆਨ ਦੀ ਲਗਨ ਨਾਲ ਹੀ ਜੀਵਨ ਚਮਕਦਾ ਹੈ।
ਵਿਵੇਕ ਸ਼ਰਮਾ
ਸਾਇੰਸ ਮਾਸਟਰ
ਸ. ਮਿ. ਸ ਗੱਗੋਂ (ਰੂਪਨਗਰ)
English News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।

















