![ਸਮਾਜ ਵਿੱਚ ਲਾਈਬ੍ਰੇਰੀਆਂ ਦਾ ਮਹੱਤਵ 1 Importance of libraries in society](https://deorpr.com/wp-content/uploads/2025/02/IMG-20250201-WA0053-1024x770.jpg)
ਡਿਜੀਟਲ ਯੁੱਗ ਦੇ ਇਸ ਸਮੇਂ ਵਿਚ, ਜਦੋਂ ਹਰ ਕਿਸਮ ਦੀ ਜਾਣਕਾਰੀ ਸਿਰਫ ਇਕ ਕਲਿੱਕ ਦੀ ਦੂਰੀ ‘ਤੇ ਹੈ, ਲੋਕਾਂ ਨੇ ਅਕਸਰ ਲਾਇਬ੍ਰੇਰੀ ਦੀ ਮਹੱਤਤਾ ਨੂੰ ਘਟਾਏ ਜਾਣ ਦਾ ਖਦਸਾ ਜਤਾਇਆ ਹੈ। ਪਰ ਸੱਚ ਇਹ ਹੈ ਕਿ ਇਨਸਾਨੀ ਜ਼ਿੰਦਗੀ ਵਿਚ ਲਾਇਬ੍ਰੇਰੀਆਂ ਦੀ ਮਹੱਤਤਾ ਨਾ ਸਿਰਫ਼ ਭੂਤਕਾਲ ਵਿੱਚ ਸੀ, ਪਰ ਇਸ ਵਰਤਮਾਨ ਡਿਜੀਟਲ ਯੁੱਗ ਵਿੱਚ ਵੀ ਇਹ ਬਹੁਤ ਮਹੱਤਵਪੂਰਨ ਹਨ, ਅਤੇ ਭਵਿੱਖ ਵਿੱਚ ਵੀ ਇਨ੍ਹਾਂ ਦੀ ਮਹੱਤਤਾ ਕਾਇਮ ਰਹੇਗੀ। ਇਸ ਲਈ ਲਾਈਬ੍ਰੇਰੀ ਦੀ ਮਹਤਤਾ ਨੂੰ ਦਰਸਾਉਂਦੇ ਹੋਏ, 12 ਅਗਸਤ ਨੂੰ ਹਰ ਸਾਲ ਪਦਮਸ਼੍ਰੀ ਡਾ: ਐਸ.ਆਰ ਰੰਗਾਨਾਥਨ ਨੂੰ ਸਮਰਪਿਤ ਨੈਸ਼ਨਲ ਲਾਈਬ੍ਰੇਰੀ ਡੇਅ ਵਜੋਂ ਮਨਾਇਆ ਜਾਂਦਾ ਹੈ। ਇਹਨਾਂ ਨੂੰ ਲਾਈਬ੍ਰੇਰੀ ਸਾਇੰਸ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਆਓ, ਇਸ ਲਾਇਬ੍ਰੇਰੀ ਦੀ ਮਹਤਤਾ ਨੂੰ ਦਰਸਾਉਂਦੇ ਹੋਏ ਵੱਖ-ਵੱਖ ਪਹਲੂਆਂ ਤੋਂ ਸਮਝਣ ਦੀ ਕੋਸ਼ਿਸ਼ ਕਰੀਏ।
ਇਤਿਹਾਸ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਿਤਾਬਾਂ ਅਤੇ ਲਾਈਬ੍ਰੇਰੀਆਂ ਦੀ ਸਾਡੇ ਸਮਾਜ ਵਿੱਚ ਕਿੰਨੀ ਜਿਆਦਾ ਅਹਿਮੀਅਤ ਸੀ। ਆਦਿ ਯੁੱਗ ਵਿੱਚ ਵੀ, ਜਦੋਂ ਸਾਰੀਆਂ ਜਾਣਕਾਰੀਆਂ ਲਿਖਤੀ ਰੂਪ ਵਿੱਚ ਮੌਜੂਦ ਸਨ, ਲੋਕਾਂ ਨੇ ਇਸਨੂੰ ਸੰਭਾਲਣ ਅਤੇ ਸਾਂਭਣ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ। ਮਹਾਨ ਲਾਇਬ੍ਰੇਰੀਆਂ, ਜਿਵੇਂ ਕਿ ਨਾਲੰਦਾ ਵਿਸ਼ਵਵਿਦਿਆਲਯ ਦੀ ਲਾਇਬ੍ਰੇਰੀ, ਵਿਦਿਆ ਅਤੇ ਗਿਆਨ ਦੇ ਕੇਂਦਰ ਰਹੀਆਂ ਹਨ। ਇਹਨਾਂ ਲਾਇਬ੍ਰੇਰੀਆਂ ਵਿੱਚ ਵਿਦਵਾਨਾਂ ਨੇ ਆਪਣੀ ਗਿਆਨ ਦੀ ਬੁੱਧੀ ਨੂੰ ਸਾਂਝਾ ਕੀਤਾ ਅਤੇ ਇਸਨੂੰ ਅੱਗੇ ਪਾਸ ਕੀਤਾ। ਨਾਲੰਦਾ ਵਿਸ਼ਵਵਿਦਿਆਲਯ ਦੀ ਲਾਇਬ੍ਰੇਰੀ, ਜੋ ਪੁਰਾਣੇ ਭਾਰਤ ਦੇ ਬਿਹਾਰ ਰਾਜ ਵਿੱਚ ਸਥਿਤ ਸੀ, ਵਿਸ਼ਵ ਦੀ ਸਭ ਤੋਂ ਮਹਾਨ ਅਤੇ ਪ੍ਰਾਚੀਨ ਲਾਇਬ੍ਰੇਰੀਆਂ ਵਿੱਚੋਂ ਇੱਕ ਸੀ। ਇਸਦੀ ਸਥਾਪਨਾ ਚੌਥੀ ਸਦੀ ਵਿੱਚ ਗੁਪਤ ਸ਼ਾਸਕ ਸਮੁੰਦ੍ਰਗੁਪਤ ਨੇ ਕੀਤੀ ਸੀ। ਨਾਲੰਦਾ ਵਿਸ਼ਵਵਿਦਿਆਲਯ ਵਿੱਚ 9 ਮੰਜ਼ਿਲਾਂ ਤੱਕ ਲਾਇਬ੍ਰੇਰੀਆਂ ਸਥਿਤ ਸਨ, ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਪਾਂਡੁਲਿਪੀਆਂ, ਕਿਤਾਬਾਂ, ਅਤੇ ਗਿਆਨ ਨਾਲ ਭਰਪੂਰ ਸਾਡੇ ਪ੍ਰਾਚੀਨ ਗ੍ਰੰਥ ਸਨ। ਇਹ ਲਾਇਬ੍ਰੇਰੀ ਬੌਧ ਧਰਮ, ਤਰਕਸ਼ਾਸ਼ਤਰ, ਦਾਰਸ਼ਨਿਕਤਾ, ਮੈਡੀਸਿਨ ਅਤੇ ਗਣਿਤ ਵਰਗੇ ਵਿਸ਼ਿਆਂ ਦੇ ਵਿਸ਼ਾਲ ਗਿਆਨ ਨੂੰ ਸੰਭਾਲੀ ਹੋਈ ਸੀ। ਇਸਦਾ ਵਿਸ਼ਾਲ ਗਿਆਨ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਦੇ ਕੋਨੇ-ਕੋਨੇ ਤੋਂ ਆਕਰਸ਼ਿਤ ਕਰਦਾ ਸੀ। ਨਾਲੰਦਾ ਦੀ ਲਾਇਬ੍ਰੇਰੀ ਨਾ ਸਿਰਫ਼ ਇੱਕ ਗਿਆਨ ਦਾ ਕੇਂਦਰ ਸੀ, ਸਗੋਂ ਇਹ ਸਾਂਸਕ੍ਰਿਤਕ ਅਤੇ ਧਾਰਮਿਕ ਮੁੱਲਾਂ ਦੇ ਸੰਚਾਰ ਵਿੱਚ ਵੀ ਇੱਕ ਮਹੱਤਵਪੂਰਨ ਸਥਾਨ ਸੀ। ਦੁਖਦਾਈ ਤੱਥ ਇਹ ਹੈ ਕਿ 12ਵੀਂ ਸਦੀ ਵਿੱਚ ਬਖ਼ਤਿਆਰ ਖਿਲਜੀ ਦੇ ਆਕਰਮਣ ਦੌਰਾਨ ਇਸ ਲਾਇਬ੍ਰੇਰੀ ਨੂੰ ਨਸ਼ਟ ਕਰ ਦਿੱਤਾ ਗਿਆ, ਜਿਸ ਨਾਲ ਸਾਡਾ ਗਿਆਨ ਦਾ ਅਨਮੋਲ ਖਜਾਨਾ ਸਦਾ ਲਈ ਗੁਆਚ ਗਿਆ। ਨਾਲੰਦਾ ਦੀ ਲਾਇਬ੍ਰੇਰੀ ਦੀ ਵਿਰਾਸਤ ਅੱਜ ਵੀ ਵਿਦਿਆ ਦੇ ਪ੍ਰੇਮੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।