ਸਮਾਂ – ਜੀਵਨ ਦਾ ਸਭ ਤੋਂ ਕੀਮਤੀ ਤੋਹਫ਼ਾ

Time - the most precious gift of life.

Time – the most precious gift of life.

ਸਮਾਂ…. ਇੱਕ ਐਸੀ ਚੀਜ਼ ਜਿਸਨੂੰ ਨਾ ਕੋਈ ਖਰੀਦ ਸਕਦਾ ਹੈ, ਨਾ ਕੋਈ ਵਾਪਸ ਲਿਆ ਸਕਦਾ ਹੈ।ਇਹ ਹੌਲੀ-ਹੌਲੀ ਬਹਿੰਦੀ ਨਦੀ ਵਾਂਗ ਹੈ ਜੋ ਇੱਕ ਵਾਰ ਬਹਿ ਗਈ, ਉਹ ਮੁੜ ਨਹੀਂ ਆਉਂਦੀ। ਇਸ ਲਈ ਕਹਿੰਦੇ ਹਨ,

“ਸਮਾਂ ਸੋਨੇ ਤੋਂ ਵੀ ਕੀਮਤੀ ਹੈ ਇਸਨੂੰ ਵਿਅਰਥ ਨਾ ਗਵਾਓ।” ਅਸੀਂ ਅਕਸਰ ਕਹਿੰਦੇ ਹਾਂ ਕਿ “ਕੱਲ੍ਹ ਤੋਂ ਕਰਾਂਗੇ,” ਪਰ ਉਹ “ਕੱਲ੍ਹ” ਕਦੇ ਨਹੀਂ ਆਉਂਦਾ।ਜੀਵਨ ਵਿੱਚ ਸਫਲ ਉਹ ਨਹੀਂ ਹੁੰਦਾ ਜਿਸਦੇ ਕੋਲ ਸਭ ਕੁਝ ਹੈ, ਸਗੋਂ ਉਹ ਹੁੰਦਾ ਹੈ ਜੋ ਆਪਣੇ ਸਮੇਂ ਦੀ ਕਦਰ ਕਰਦਾ ਹੈ।ਜੋ ਵਿਦਿਆਰਥੀ ਅੱਜ ਦਾ ਸਮਾਂ ਮਿਹਨਤ ਵਿੱਚ ਲਗਾਉਂਦਾ ਹੈ, ਉਹੀ ਕੱਲ੍ਹ ਚਮਕਦਾ ਤਾਰਾ ਬਣਦਾ ਹੈ।

ਪਰ ਜੋ ਸਮਾਂ ਵਿਅਰਥ ਗਵਾਂਦਾ ਹੈ, ਉਹ ਪਿੱਛੋਂ ਸਿਰਫ਼ ਪਛਤਾਉਂਦਾ ਹੈ।ਸਮਾਂ ਕਿਸੇ ਲਈ ਨਹੀਂ ਰੁਕਦਾ ਨਾ ਅਮੀਰ ਲਈ, ਨਾ ਗਰੀਬ ਲਈ। ਸੂਰਜ ਹਰ ਰੋਜ਼ ਸਵੇਰ ਉੱਗਦਾ ਹੈ, ਪਰ ਉਸ ਦੀ ਰੋਸ਼ਨੀ ਦਾ ਲਾਭ ਸਿਰਫ਼ ਉਹੀ ਲੈਂਦਾ ਹੈ ਜੋ ਜਾਗਦਾ ਹੈ। ਇਸੇ ਤਰ੍ਹਾਂ, ਮੌਕਾ ਹਰ ਕਿਸੇ ਦੇ ਜੀਵਨ ਵਿੱਚ ਆਉਂਦਾ ਹੈ, ਪਰ ਸਫਲਤਾ ਸਿਰਫ਼ ਉਸਦੇ ਹਿੱਸੇ ਵਿੱਚ ਆਉਂਦੀ ਹੈ ਜੋ ਸਮੇਂ ਦੀ ਕਦਰ ਕਰਦਾ ਹੈ।ਜੀਵਨ ਵਿੱਚ ਸਾਨੂੰ ਹਰ ਪਲ ਦਾ ਮਤਲਬ ਸਮਝਣਾ ਚਾਹੀਦਾ ਹੈ।

ਇੱਕ ਮਿੰਟ ਦੀ ਦੇਰੀ ਕਈ ਵਾਰ ਸਾਡੀ ਸਾਰੀ ਮੰਜ਼ਿਲ ਖੋ ਸਕਦੀ ਹੈ।ਇੱਕ ਵਿਦਿਆਰਥੀ ਲਈ ਸਮਾਂ ਉਸਦੀ ਪੜ੍ਹਾਈ ਹੈ, ਇੱਕ ਕਿਸਾਨ ਲਈ ਸਮਾਂ ਉਸਦੀ ਫ਼ਸਲ ਹੈ,ਅਤੇ ਇੱਕ ਇਨਸਾਨ ਲਈ ਸਮਾਂ ਉਸਦੀ ਜ਼ਿੰਦਗੀ ਦਾ ਅਸਲੀ ਮਾਪ ਹੈ। ਜਿਵੇਂ ਸੋਨਾ ਪਾਏ ਜਾਣ ਤੇ ਚਮਕਦਾ ਹੈ, ਉਵੇਂ ਹੀ ਸਮਾਂ ਸਹੀ ਤਰ੍ਹਾਂ ਵਰਤਿਆ ਜਾਵੇ ਤਾਂ ਹੀ ਸਾਡਾ ਜੀਵਨ ਚਮਕਦਾ ਹੈ।ਸਮਾਂ ਗਵਾਉਣਾ, ਅਸਲ ਵਿੱਚ ਆਪਣੇ ਸੁਪਨਿਆਂ ਨੂੰ ਗਵਾਉਣਾ ਹੈ।ਇਸ ਲਈ,ਸਮੇਂ ਦੀ ਕਦਰ ਕਰੋ, ਕਿਉਂਕਿ ਇਹੀ ਤੁਹਾਡਾ ਸਭ ਤੋਂ ਵੱਡਾ ਸਾਥੀ ਹੈ। ਹਰ ਪਲ ਨੂੰ ਜੀਓ, ਹਰ ਮੌਕੇ ਨੂੰ ਪਕੜੋ। ਅੱਜ ਜੋ ਕਰੋਗੇ, ਕੱਲ੍ਹ ਉਹੀ ਤੁਹਾਡੀ ਪਛਾਣ ਬਣੇਗਾ। ਸਮਾਂ ਬੋਲਦਾ ਨਹੀਂ, ਪਰ ਸਿਖਾਉਂਦਾ ਬਹੁਤ ਕੁਝ ਹੈ। ਉਹ ਕਹਿੰਦਾ ਹੈ, “ਜੋ ਮੈਨੂੰ ਗਵਾ ਲੈਂਦਾ ਹੈ, ਮੈਂ ਉਸਨੂੰ ਦੁਬਾਰਾ ਮੌਕਾ ਨਹੀਂ ਦਿੰਦਾ।” ਆਓ, ਅਸੀਂ ਸਭ ਮਿਲ ਕੇ ਇਹ ਵਚਨ ਕਰੀਏ ਕਿ ਅਸੀਂ ਆਪਣੇ ਹਰ ਪਲ ਨੂੰ ਕੀਮਤੀ ਬਣਾਵਾਂਗੇ। ਆਲਸ ਤੋਂ ਦੂਰ ਰਹਾਂਗੇ, ਤੇ ਮਿਹਨਤ ਨੂੰ ਆਪਣਾ ਮੰਤਰ ਬਣਾਵਾਂਗੇ।ਕਿਉਂਕਿ ਜਿਹੜਾ ਸਮੇਂ ਦੀ ਕਦਰ ਕਰਦਾ ਹੈ, ਉਹੀ ਜ਼ਿੰਦਗੀ ਦੇ ਵਿਚ ਜਿੱਤ ਹਾਸਲ ਕਰਦਾ ਹੈ। ਅੰਤ ਵਿਚ ਸਮੇਂ ਦੀ ਕਦਰ ਦਰਸ਼ਾਉਂਦੀ ਇੱਕ ਛੋਟੀ ਜਿਹੀ ਕਵਿਤਾ 

     ਸਮਾਂ ਵਗਦਾ ਪਾਣੀ ਹੈ, ਰੁਕਦਾ ਕਦੇ ਨਹੀਂ,

     ਜੋ ਗਵਾ ਲੈਂਦਾ ਇਸਨੂੰ, ਮੁੜ ਮਿਲਦਾ ਕਦੇ ਨਹੀਂ।

     ਸੋਨੇ ਤੋਂ ਕੀਮਤੀ, ਹਰ ਇਕ ਪਲ ਦਾ ਮੋਲ,

     ਇਸ ਨਾਲ ਬਣਦਾ, ਸਾਡਾ ਜੀਵਨ ਅਨਮੋਲ।

     ਅੱਜ ਦੀ ਮਿਹਨਤ ਕੱਲ੍ਹ ਦਾ ਮਾਣ ਬਣੇ,

     ਸਮੇਂ ਨਾਲ ਚੱਲੋ, ਜੀਵਨ ਮਹਾਨ ਬਣੇ।

ਵਿਵੇਕ ਸ਼ਰਮਾ, ਸਾਇੰਸ ਮਾਸਟਰ, ਸ. ਮਿ. ਸ ਗੱਗੋਂ (ਰੂਪਨਗਰ)

Leave a Comment

Your email address will not be published. Required fields are marked *

Scroll to Top