ਵੱਖ-ਵੱਖ ਖੇਡਾਂ ‘ਚ 3500 ਦੇ ਕਰੀਬ ਖਿਡਾਰੀ ਲੈਣਗੇ ਭਾਗ
ਰੂਪਨਗਰ,16 ਨਵੰਬਰ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ” ਖੇਡਾਂ ਦਾ ਮਕਸਦ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣਾ ਅਤੇ ਨੌਜਵਾਨਾ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਤੋਂ ਬਚਾਉਣਾ ਹੈ। ਖਿਡਾਰੀ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਇੱਕ ਨਿਰੋਗ ਜੀਵਨ ਜਿਉਣ ਅਤੇ ਖੇਡਾਂ ਵਿੱਚ ਮੱਲਾਂ ਮਾਰ ਕੇ ਆਪਣਾ, ਆਪਣੇ ਕੋਚ ਅਤੇ ਪਰਿਵਾਰ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਰੌਸ਼ਨ ਕਰਨ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ “ਖੇਡਾਂ ਵਤਨ ਪੰਜਾਬ ਦੀਆਂ 2024” ਸੀਜ਼ਨ-3 ਤਹਿਤ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੈਂਡਬਾਲ, ਕੈਕਿੰਗ ਐਂਡ ਕੈਨੋਇੰਗ ਤੇ ਰੋਇੰਗ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਉਦਘਾਟਨ ਕਰਨ ਸਮੇਂ ਕੀਤਾ।
ਵਿਧਾਇਕ ਚੱਢਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਜ਼ਰੂਰੀ ਅੰਗ ਹਨ। ਵਿਦਿਆਰਥੀ ਜੀਵਨ ’ਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਅਤਿ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ, ਉੱਥੇ ਹੀ ਖੇਡਾਂ ਵਿੱਚ ਵਧੀਆ ਮਿਹਨਤ ਕਰਨ ਵਾਲੇ ਖ਼ਿਡਾਰੀ ਵਿਸ਼ਵ ਪੱਧਰ ਤੇ ਆਪਣੀ ਪਹਿਚਾਣ ਬਣਾ ਸਕਦੇ ਹਨ, ਇਸ ਲਈ ਸਾਰਿਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜ਼ਵਾਨਾਂ ਵਿੱਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹਨ।
ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਦੱਸਿਆ ਕਿ “ਖੇਡਾਂ ਵਤਨ ਪੰਜਾਬ ਦੀਆਂ 2024” ਵਿੱਚ ਬਲਾਕ ਪੱਧਰ ਤੇ 10,000 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ, ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 4,000 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ, ਜੋ ਕਿ ਨੌਜ਼ਵਾਨਾਂ ਦੀ ਖੇਡਾਂ ਪ੍ਰਤੀ ਵਧੀ ਹੋਈ ਰੁਚੀ ਨੂੰ ਦਰਸਾਉਂਦਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਨੇ ਦੱਸਿਆ ਕਿ 16 ਤੋਂ 21 ਨਵੰਬਰ ਤੱਕ ਚੱਲਣ ਵਾਲੇ ਇਸ ਰਾਜ ਪੱਧਰੀ ਟੂਰਨਾਮੈਂਟ ਵਿੱਚ ਹੈਂਡਬਾਲ ਵਿੱਚ 16 ਤੋਂ 18 ਨਵੰਬਰ ਤੱਕ ਲੜਕੀਆਂ ਦੇ ਖੇਡ ਮੁਕਾਬਲੇ ਤੇ 19 ਨਵੰਬਰ ਤੋਂ 21 ਨਵੰਬਰ ਤੱਕ ਲੜਕਿਆਂ ਦੇ ਖੇਡ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ 16,17 ਤੇ 18 ਨਵੰਬਰ ਨੂੰ ਕੈਕਿੰਗ ਐਂਡ ਕੈਨੋਇੰਗ ਤੇ 19, 20 ਤੇ 21 ਨਵੰਬਰ ਨੂੰ ਰੋਇੰਗ ਦੇ ਖੇਡ ਮੁਕਾਬਲੇ ਕੋਚਿੰਗ ਸੈਂਟਰ ਕਟਲੀ ਵਿਖੇ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਲਗਭਗ 3500 ਦੇ ਕਰੀਬ ਖਿਡਾਰੀ ਭਾਗ ਲੈਣਗੇ।
ਇਸ ਮੌਕੇ ਮੁੱਖ ਮੰਤਰੀ ਫੀਲਡ ਅਫ਼ਸਰ ਕਮ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਕਰਨ ਮਹਿਤਾ, ਜ਼ਿਲ੍ਹਾ ਵਣ ਅਫ਼ਸਰ ਹਰਜਿੰਦਰ ਸਿੰਘ, ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਸਕੱਤਰ ਰੈਡ ਕਰਾਸ ਗੁਰਸੋਹਣ ਸਿੰਘ, ਭਾਗ ਸਿੰਘ ਮਦਾਨ, ਅਮਨਦੀਪ ਸਿੰਘ, ਸ਼ਿਵ ਕੁਮਾਰ ਲਾਲਪੁਰਾ, ਪ੍ਰਿੰ. ਸੁਰਜਨ ਸਿੰਘ, ਮਲਕੀਤ ਸਿੰਘ, ਹਾਕੀ ਕੋਚ ਇੰਦਰਜੀਤ ਸਿੰਘ, ਬੇਡਮਿੰਟਨ ਕੋਚ ਸ਼ੀਲ ਭਗਤ, ਬਾਸਕਟਬਾਲ ਕੋਚ ਵੰਦਨਾ ਬਾਹਰੀ, ਹਾਕੀ ਕੋਚ ਲਵਜੀਤ ਸਿੰਘ ਕੰਗ, ਕਬੱਡੀ ਕੋਚ ਪ੍ਰਿਯੰਕਾ ਦੇਵੀ, ਕੁਸ਼ਤੀ ਕੋਚ ਹਰਿੰਦਰ ਸਿੰਘ, ਤੈਰਾਕੀ ਕੋਚ ਯਸ਼ਪਾਲ ਰਾਜੋਰੀਆਂ, ਕੈਕਿੰਗ ਕੋਇੰਨਿੰਗ ਕੋਚ ਉਂਕਰਦੀਪ ਕੌਰ, ਹੈਂਡਬਾਲ ਕੋਚ ਸਮ੍ਰਿਤੀ ਸ਼ਰਮਾ, ਐਥਲੇਟਿਕਸ ਕੋਚ ਤਨਵੀਰ ਕੌਰ ਤੇ ਰੋਇੰਗ ਕੋਚ ਗੁਰਿੰਦਰ ਸਿੰਘ ਚੀਮਾ ਵੀ ਹਾਜ਼ਰ ਸਨ।
MLA Chadha inaugurated the state level handball, kayaking and canoeing and rowing competitions