
ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਹੋਵੇਗੀ ਪੇਸ਼ਕਾਰੀ
ਰੂਪਨਗਰ, 19 ਫਰਵਰੀ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ 23 ਫਰਵਰੀ 2025 ਦਿਨ ਐਤਵਾਰ ਨੂੰ ਕਰਵਾਈ ਜਾਣ ਵਾਲੀ ਸਲਾਨਾ ਮਿੰਨੀ ਮੈਰਾਥਨ ਨੂੰ ਜੋਰਾ-ਸ਼ੋਰਾ ਨਾਲ ਆਯੋਜਿਤ ਕਰਨ ਲਈ ਐਸ.ਡੀ.ਐਮ ਰੂਪਨਗਰ ਸ਼੍ਰੀ ਸਚਿਨ ਪਾਠਕ ਨੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।

ਹਦਾਇਤ ਕਰਦਿਆ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਮਿੰਨੀ ਮੈਰਾਥਨ ਮੰਤਵ ਇਲਾਕਾ ਵਾਸੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਹੈ ਅਤੇ ਇਸ ਦੇ ਨਾਲ ਜ਼ਿਲ੍ਹੇ ਦੇ ਨੌਜਵਾਨ ਵਰਗ ਨੂੰ ਤੰਦਰੁਸਤੀ ਅਤੇ ਖੇਡਾਂ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਖ਼ੁਸ਼ਹਾਲ ਜ਼ਿੰਦਗੀ ਜਿਉਣ ਲਈ ਮਾਰਗ ਦਰਸ਼ਨ ਕਰੇਗਾ, ਇਸ ਲਈ ਇਸ ਮੈਰਾਥਨ ਨੂੰ ਸਫਲ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਪ੍ਰਬੰਧ ਵਿਚ ਕੋਈ ਕਮੀਂ ਨਹੀਂ ਆਉਣੀ ਚਾਹੀਦੀ।
ਉਨ੍ਹਾਂ ਸਮੂਹ ਭਾਗੀਦਾਰਾਂ ਨੂੰ ਦੱਸਿਆ ਕਿ ਇਸ ਮੈਰਾਥਨ ਵਿਚ ਪਹਿਲਾ ਆਉ ਪਹਿਲਾ ਪਾਓ ਦੇ ਤਹਿਤ ਟੀ-ਸ਼ਰਟ ਵੀ ਵੰਡੀਆਂ ਜਾਣਗੀਆਂ। ਇਸ ਉਪਰੰਤ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਦਿਵਿਆਂਗਜਨ ਐਥਲੀਟ ਨੂੰ ਵੀ ਖੇਡਾਂ ਪ੍ਰਤੀ ਉਤਸਾਹਿਤ ਕੀਤਾ ਜਾਵੇਗਾ।
ਸ਼੍ਰੀ ਸਚਿਨ ਪਾਠਕ ਨੇ ਦੱਸਿਆ ਕਿ ਇਸ ਦਾ ਰੂਟ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋ ਕੇ ਨਵੇਂ ਬਣੇ ਪੁੱਲ ਤੋਂ ਹੁੰਦੇ ਹੋਏ ਸਫ਼ਰ ਏ ਸ਼ਹਾਦਤ ਮਾਰਗ ਤੇ ਬਰਡ ਵਾਚ ਸੈਂਟਰ ਤੋਂ ਕਟਲੀ ਤੋਂ ਹੁੰਦੇ ਹੋਏ ਵਾਪਿਸ ਸਟੇਡੀਅਮ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਮੈਰਾਥਨ ਤਿੰਨ ਵਰਗਾਂ ਵਿੱਚ ਹੋਵੇਗੀ ਜਿਸ ਵਿੱਚ ਓਪਨ ਵਿਚ 10 ਕਿਲੋਮੀਟਰ ਲੜਕੇ ਤੇ 5 ਕਿਲੋਮੀਟਰ ਲੜਕੀਆਂ, ਅੰਡਰ 16 ਵਿਚ 10 ਕਿਲੋਮੀਟਰ ਲੜਕੇ ਤੇ 5 ਕਿਲੋਮੀਟਰ ਲੜਕੀਆਂ ਅਤੇ ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਵਿੱਚ ਵੀ ਮਰਦ ਅਤੇ ਔਰਤਾਂ ਲਈ 10 ਤੇ 5 ਕਿਲੋਮੀਟਰ ਰਖੀ ਗਈ ਹੈ।
ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਸਲਾਨਾ ਰੂਪਨਗਰ ਮਿੰਨੀ ਮੈਰਾਥਨ ਵਿਚ ਭਾਗ ਲੈਣ ਲਈ
https://bit.ly/3X3BukP
ਉਤੇ ਰਜਿਸਟਰੇਸ਼ਨ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਖੇਡ ਵਿਭਾਗ ਰੂਪਨਗਰ ਦੇ ਦਫ਼ਤਰ ਅਤੇ 01881221158 ਉਤੇ ਸੰਪਰਕ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ, ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ, ਨਾਇਬ ਤਹਿਸਲਦਾਰ ਕੁਲਦੀਪ ਸਿੰਘ, ਈਟੀਓ ਪਰਮਿੰਦਰ ਸਿੰਘ, ਜ਼ਿਲ੍ਹਾ ਸਪੋਰਟਸ ਕੁਆਡੀਨੇਟਰ ਸ਼ਰਨਜੀਤ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Click here for Mini Marathon Registration