ਰੂਪਨਗਰ, 14 ਸਤੰਬਰ – ਐਜੂਕੇਸ਼ਨਲ ਸਪੋਰਟ ਗਰੁੱਪ ਅਧੀਨ ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗਾਂ (ਰੂਪਨਗਰ, ਐੱਸ.ਏ.ਐੱਸ. ਨਗਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ) ਵਿੱਚ ਕੰਮ ਕਰਨ ਵਾਲੇ ਬਲਾਕ ਕੋਆਰਡੀਨੇਟਰਾਂ ਦੀ ਤਿੰਨ ਦਿਨਾਂ ਇੰਡਕਸ਼ਨ ਟ੍ਰੇਨਿੰਗ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ), ਰੂਪਨਗਰ ਵਿਖੇ ਪ੍ਰਿੰਸੀਪਲ ਮੋਨਿਕਾ ਭੂਟਾਨੀ ਜੀ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਪੂਰੀ ਹੋਈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਬਲਾਕ ਕੋਆਰਡੀਨੇਟਰਾਂ ਨੂੰ ਮੇਂਟਰਸ਼ਿਪ, ਰੋਲਜ਼ ਐਂਡ ਰਿਸਪੌਂਸਬਿਲਿਟੀਜ਼ ਅਤੇ ਨਵੀਨਤਮ ਸਿੱਖਿਆ ਨੀਤੀਆਂ ਬਾਰੇ ਜਾਣੂ ਕਰਵਾਉਣਾ ਸੀ।
ਪ੍ਰਿੰਸੀਪਲ ਮੋਨਿਕਾ ਭੂਟਾਨੀ ਜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬਲਾਕ ਕੋਆਰਡੀਨੇਟਰ ਸਿੱਖਿਆ ਪ੍ਰਣਾਲੀ ਦੇ ਮਜ਼ਬੂਤ ਖੰਭ ਹਨ। ਜੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ, ਨਵੀਨਤਾ ਅਤੇ ਜਜ਼ਬੇ ਨਾਲ ਨਿਭਾਉਗੇ, ਤਾਂ ਤੁਸੀਂ ਸਿਰਫ਼ ਆਪਣੇ ਬਲਾਕ ਲਈ ਨਹੀਂ, ਸਗੋਂ ਪੂਰੇ ਰਾਜ ਲਈ ਰੋਲ ਮਾਡਲ ਬਣ ਸਕਦੇ ਹੋ। ਸਿੱਖਿਆ ਵਿਚ ਨਵੀਂ ਸੋਚ, ਮੇਂਟਰਸ਼ਿਪ ਅਤੇ ਸਹਿਕਾਰ ਹੀ ਭਵਿੱਖ ਨੂੰ ਮਜ਼ਬੂਤ ਕਰ ਸਕਦੇ ਹਨ।
ਡੀ.ਆਰ.ਸੀ. ਵਿਪਿਨ ਕਟਾਰੀਆ, ਹਰਿੰਦਰਜੀਤ ਸਿੰਘ ਬੈਂਸ ਅਤੇ ਨੀਲਮ, ਨਾਲ ਹੀ ਬੀ.ਆਰ.ਸੀ. ਅਜੇ ਅਰੋੜਾ, ਜਸਪ੍ਰੀਤ ਸਿੰਘ ਅਤੇ ਅਜੀਤ ਸਿੰਘ ਨੇ ਅੱਪਰ ਪ੍ਰਾਇਮਰੀ ਦੀ ਟ੍ਰੇਨਿੰਗ ਦਿੱਤੀ, ਜਦਕਿ ਪ੍ਰਾਇਮਰੀ ਵਰਗ ਦੀ ਟ੍ਰੇਨਿੰਗ ਤਿੰਨੋਂ ਜ਼ਿਲ੍ਹਿਆਂ ਦੇ ਡੀ.ਆਰ.ਸੀ. ਲਖਵਿੰਦਰ ਸਿੰਘ, ਪ੍ਰਦੀਪ ਸਿੰਘ ਅਤੇ ਰਾਕੇਸ਼ ਕੁਮਾਰ, ਅਤੇ ਬੀ.ਆਰ.ਸੀ. ਰਾਕੇਸ਼ ਭੰਡਾਰੀ, ਸ਼ਸ਼ੀ ਭੂਸ਼ਣ ਅਤੇ ਅਨੁਰਾਧਾ ਸੈਣੀ ਵੱਲੋਂ ਦਿੱਤੀ ਗਈ। ਕੋਆਰਡੀਨੇਟਰਾਂ ਨੂੰ ਮੇਂਟਰਸ਼ਿਪ ਦੇ ਅਰਥ, ਫੀਡਬੈਕ ਪ੍ਰਕਿਰਿਆ, ਡਿਊਟੀਆਂ ਅਤੇ ਤਕਨੀਕੀ ਜਾਣਕਾਰੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਡੀ.ਆਰ.ਸੀ. ਵਿਪਿਨ ਕਟਾਰੀਆ ਨੇ ਕਿਹਾ ਕਿ ਬਲਾਕ ਕੋਆਰਡੀਨੇਟਰ ਸਿੱਖਿਆ ਪ੍ਰਣਾਲੀ ਦਾ ਉਹ ਕੜੀ ਹਨ ਜੋ ਜ਼ਿਲ੍ਹੇ ਦੇ ਹਰ ਕੋਨੇ ਵਿੱਚ ਨਵੀਨਤਾ ਅਤੇ ਗੁਣਵੱਤਾ ਪਹੁੰਚਾਉਂਦੇ ਹਨ। ਜਦੋਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋ, ਤਾਂ ਤੁਹਾਡੀ ਸੋਚ ਅਤੇ ਕਾਰਜ-ਪ੍ਰਣਾਲੀ ਸਿੱਧਾ ਵਿਦਿਆਰਥੀਆਂ ਦੇ ਭਵਿੱਖ ‘ਤੇ ਅਸਰ ਪਾਉਂਦੀ ਹੈ।
ਦੂਜੇ ਦਿਨ, ਟ੍ਰੇਨਿੰਗ ਵਿੱਚ ਵਾਰਮ-ਅੱਪ ਗਤੀਵਿਧੀਆਂ, ਕਲਾਸ ਪ੍ਰਦਰਸ਼ਨ ਅਤੇ ਫੀਡਬੈਕ ਦੀ ਜ਼ਰੂਰਤ, ਸਹੂਲਤ ਹੁਨਰ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ। ਇਸ ਦੌਰਾਨ ਬਲਾਕ ਕੋਆਰਡੀਨੇਟਰਾਂ ਨੂੰ ਜਾਗਰੂਕਤਾ ਪੈਦਾ ਕਰਨ ਅਤੇ ਸਿੱਖਿਆ ਪ੍ਰਦਰਸ਼ਨ ਵਿੱਚ ਪ੍ਰਭਾਵਸ਼ਾਲੀ ਪਹੁੰਚ ਬਣਾਉਣ ਬਾਰੇ ਸਿੱਖਾਇਆ ਗਿਆ।
ਆਖਰੀ ਦਿਨ ਨਸ਼ਿਆਂ ਵਿਰੁੱਧ ਜੰਗ, ਯੋਗਤਾ ਵਧਾਉਣ ਵਾਲੇ ਪ੍ਰੋਗਰਾਮ, ਨਵੀਂ ਸਿੱਖਿਆ ਨੀਤੀ, ਸੋਸ਼ਲ ਮੀਡੀਆ ਦੀ ਮਹੱਤਤਾ ਅਤੇ ਪੰਜਾਬੀ ਓਲੰਪੀਆਡ ਸਬੰਧੀ ਜਾਣਕਾਰੀ ਵੱਖ-ਵੱਖ ਰਿਸੋਰਸ ਪਰਸਨਾਂ ਵੱਲੋਂ ਦਿੱਤੀ ਗਈ। ਪ੍ਰਿੰਸੀਪਲ ਮੋਨਿਕਾ ਭੂਟਾਨੀ ਨੇ ਸਾਰੇ ਭਾਗੀਦਾਰਾਂ ਨੂੰ ਇਸ ਖੇਤਰ ਵਿੱਚ ਰੋਲ ਮਾਡਲ ਬਣਨ ਅਤੇ ਸਮਾਜਿਕ ਸਿੱਖਿਆ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।
ਟ੍ਰੇਨਿੰਗ ਦੇ ਆਖਰੀ ਦਿਨ, ਮਾਣਯੋਗ ਡਾਇਰੈਕਟਰ SCERT ਕਿਰਨ ਸ਼ਰਮਾ ਜੀ ਅਤੇ ਸਟੇਟ ਰਿਸੋਰਸ ਪਰਸਨ ਸ਼੍ਰੀ ਗੁਰਤੇਜ ਸਿੰਘ ਖਟੜਾ ਜੀ ਨੇ ਡਾਇਟ ਰੂਪਨਗਰ ਦਾ ਦੌਰਾ ਕਰਦੇ ਹੋਏ ਸਮੂਹ ਬੀ.ਆਰ.ਸੀ. (ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ) ਨਾਲ ਮੇਂਟਰਸ਼ਿਪ, ਰੋਲਜ਼ ਐਂਡ ਰਿਸਪੌਂਸਬਿਲਿਟੀਜ਼ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਤਿੰਨ ਦਿਨਾਂ ਟ੍ਰੇਨਿੰਗ ਨੇ ਸਿੱਖਿਆ ਖੇਤਰ ਵਿੱਚ ਨਵੀਨਤਮ ਦਿਸ਼ਾ-ਨਿਰਦੇਸ਼ਾਂ ਨੂੰ ਅਮਲ ਵਿੱਚ ਲਿਆਉਣ ਅਤੇ ਬਲਾਕ ਕੋਆਰਡੀਨੇਟਰਾਂ ਦੀ ਪੇਸ਼ੇਵਰ ਯੋਗਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।
Ropar News
Follow up on Facebook Page
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।
ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।