ਰੂਪਨਗਰ, 28 ਜੁਲਾਈ: ਜ਼ਿਲ੍ਹਾ ਪ੍ਰਸ਼ਾਸਨ, ਰੂਪਨਗਰ ਵੱਲੋਂ ਫੌਜ ਦੀ ਭਰਤੀ ਲਈ 29 ਜੂਨ ਨੂੰ ਹੋਈ ਪ੍ਰੀਖਿਆ ਲਈ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਨਾਂ ਕਿਸੇ ਖਰਚੇ ਦੇ ਨੌਜਵਾਨਾਂ ਦੀ ਸਰੀਰਕ, ਲਿਖਤੀ ਅਤੇ ਮਨੋਵਿਗਿਆਨਕ ਤਿਆਰੀ 19 ਮਈ 2025 ਤੋਂ ਲੈਕੇ 28 ਜੂਨ 2025 ਤੱਕ ਕਰਵਾਈ ਗਈ ਸੀ।
ਇਸ ਸਬੰਧੀ ਸ੍ਰੀ ਵਰਜੀਤ ਵਾਲੀਆ, ਆਈ.ਏ.ਐਸ ਡਿਪਟੀ ਕਮਿਸ਼ਨਰ, ਰੂਪਨਗਰ ਨੇ ਦੱਸਿਆ ਕਿ ਇਸ ਭਰਤੀ ਲਈ ਜਿਲ੍ਹੇ ਦੇ ਕੁੱਲ 2676 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੂਪਨਗਰ ਦੇ 06 ਬਲਾਕਾਂ ਵਿੱਚ ਲਿਖਤੀ/ਸਰੀਰਕ ਸਿਖਲਾਈ ਕੇਂਦਰ ਬਣਾਏ ਗਏ ਸਨ, ਜੋ ਕਿ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ, ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ, ਸੀ-ਪਾਈਟ ਕੈਂਪ, ਸਿਵਾਲਿਕ ਕਾਲਜ, ਨੰਗਲ, ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ,ਸ੍ਰੀ ਚਮਕੌਰ ਸਾਹਿਬ, ਡਾਇਟ,ਰੂਪਨਗਰ ਡੀ.ਏ.ਵੀ ਸਕੂਲ,ਤਖ਼ਤਗੜ੍ਹ (ਨੂਰਪੁਰ ਬੇਦੀ) ਵਿਖੇ ਸਥਾਪਿਤ ਕੀਤੇ ਗਏ ਸਨ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਫੌਜ ਦੀ ਭਰਤੀ ਲਈ ਹੋਈ ਲਿਖਤੀ ਪ੍ਰੀਖਿਆ ਦੇ ਨਤੀਜੇ ਸ਼ਾਨਦਾਰ ਰਹੇ ਹਨ। ਜਿਲ੍ਹਾ ਰੂਪਨਗਰ ਦੇ ਕੁੱਲ 2676 ਉਮੀਦਵਾਰਾਂ ਵਿੱਚੋਂ 1509 ਉਮੀਦਵਾਰਾਂ ਨੇ ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਰਜਿਸਟ੍ਰੇਸ਼ਨ ਦਾ 56 ਫ਼ੀਸਦ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਇਹ ਗਿਣਤੀ ਕੇਵਲ 45 ਫੀਸਦੀ ਸੀ, ਇਸ ਸਾਲ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਵਿੱਚ 11 ਫੀਸਦੀ ਦਾ ਵਾਧਾ ਹੋਇਆ ਹੈ।
ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੇ ਦੂਜੇ ਪੜਾਅ ਵਿੱਚ ਸਰੀਰਕ ਪ੍ਰੀਖਿਆ ਵਿੱਚ ਹਿੱਸਾ ਲੈਣ ਲਈ ਬੁਲਾਇਆ ਜਾਵੇਗਾ।
ਡਿਪਟੀ ਕਮਿਸ਼ਨਰ, ਰੂਪਨਗਰ ਨੇ ਦੱਸਿਆ ਕਿ ਜਿਲ੍ਹੇ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਜਿਲ੍ਹੇ ਦੇ ਨੌਜਵਾਨ ਇਸ ਖੇਤਰ ਵਿੱਚ ਸਫਲਤਾ ਹਾਸਲ ਕਰ ਰਹੇ ਹਨ। ਉਨ੍ਹਾਂ ਵੱਲੋਂ ਕਰਨਲ ਸ੍ਰੀ ਡੀ.ਪੀ.ਸਿੰਘ, ਏ.ਆਰ.ਓ ਲੁਧਿਆਣਾ ਅਤੇ ਸ੍ਰੀ ਅਰਵਿੰਦਰਪਾਲ ਸਿੰਘ ਸੋਮਲ, ਪੀ.ਸੀ.ਐਸ., ਨੋਡਲ ਅਫਸਰ ਵੱਲੋਂ ਕੀਤੇ ਅਹਿਮ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਫ਼ੌਜ ਦੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ ਦੇਣ ਵਾਲੇ 6 ਕੇਂਦਰਾਂ ਦੇ ਪੇਸ਼ੇਵਰ ਕੋਚ/ਲੈਕਚਰਾਰਾਂ ਸਹਿਬਾਨਾਂ ਨੂੰ ਯਾਦਗਾਰੀ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ “ਸਾਡੇ ਇਹ ਕੋਚ ਅਤੇ ਲੈਕਚਰਾਰ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਸੰਵਾਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਵੱਲੋਂ ਨਿਭਾਈ ਗਈ ਡਿਊਟੀ ਕੇਵਲ ਨੌਕਰੀ ਦੀ ਤਿਆਰੀ ਨਹੀਂ, ਸਗੋਂ ਰਾਸ਼ਟਰ ਦੀ ਸੇਵਾ ਵੱਲ ਵੀ ਇੱਕ ਕਦਮ ਹੈ।”
Ropar News in Punjabi
Follow up on Facebook Page
Share on your Social Media