ਸ੍ਰੀ ਅਨੰਦਪੁਰ ਸਾਹਿਬ 16 ਜੁਲਾਈ ( ਹਰਪ੍ਰੀਤ ਤਲਵਾੜ ) ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਰੂਪਨਗਰ ਵਲੋ ਪਿੰਡ ਦਸਗਰਾਂਈ ਵਿਖੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਮੂਸਾਪੁਰ ਤੇ ਅਗੰਮਪੁਰ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਏ ਡਾ. ਮਹੇਸ਼ ਕੁਮਾਰ ਅਤੇ ਡਾ. ਜਵਾਲਾ ਜਿੰਦਲ ਵਲੋਂ ਮੱਕੀ ਦੀ ਫਸਲ ਨੂੰ ਲੱਗ ਰਹੇ ਕੀੜੇ ਫਾਲ ਆਰਮੀਵਾਰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕੀੜੇਮਾਰ ਦਵਾਈ ਦਾ ਸਹੀ ਇਸਤੇਮਾਲ ਕਰਨ ਬਾਰੇ ਦੱਸਿਆ ਗਿਆ। ਫ਼ਾਰਮ ਸਲਾਹਕਾਰ ਸੇਵਾ ਕੇਂਦਰ ਰੂਪਨਗਰ ਤੋਂ ਡਾ. ਰਮਿੰਦਰ ਸਿੰਘ ਘੁੰਮਣ ਅਤੇ ਡਾ. ਨਵਨੀਤ ਕੌਰ ਧਾਲੀਵਾਲ ਨੇ ਮੱਕੀ ਦਾ ਝਾੜ ਵਧਾਉਣ ਦੇ ਉਪਾਅ ਸਾਂਝੇ ਕੀਤੇ।
ਡਾ.ਘੁੰਮਣ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਮੱਕੀ ਦੀਆਂ ਕਿਸਮਾਂ ਅਤੇ ਕਾਸ਼ਤ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਡਾ. ਮਹੇਸ਼ ਕੁਮਾਰ ਨੇ ਮੱਕੀ ਵਿੱਚ ਸਹੀ ਸਮੇਂ ਤੇ ਖਾਦ ਅਤੇ ਪਾਣੀ ਦੀ ਸਹੀ ਮਾਤਰਾ ਅਤੇ ਡਾ.ਜਵਾਲਾ ਜਿੰਦਲ ਨੇ ਮੱਕੀ ਉੱਪਰ ਕੀੜੇ ਮਕੌੜਿਆਂ ਦੇ ਹਮਲੇ ਤੇ ਇਹਨਾਂ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ। ਕਿਸਾਨਾਂ ਨੂੰ ਮੁਫ਼ਤ ਨਦੀਨ ਨਾਸ਼ਕ ਅਤੇ ਕੀਟਨਾਸ਼ਕ ਵੀ ਵੰਡੇ ਗਏ। ਇਸ ਤੋਂ ਇਲਾਵਾ ਖੇਤੀਬਾੜੀ ਮਹਿਕਮੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਮਹਿਕਮੇ ਦੀਆ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਦੱਸਿਆ ਗਿਆ। ਮੱਕੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਾਫ਼ੀ ਨੁਕਸਾਨ ਕਰਨ ਵਾਲੇ ਕੀਤੇ ਫ਼ਾਲ ਆਰਮੀਵਰਮ ਬਾਰੇ, ਉਸ ਦੇ ਪਹਿਚਾਣ ਚਿੰਨ੍ਹ ਅਤੇ ਰੋਕਥਾਮ ਦੇ ਸਹੀ ਤਰੀਕੇ ਬਾਰੇ ਵੀ ਦੱਸਿਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਵਾਤਾਵਰਣ ਦਾ ਸੰਤੁਲਨ ਬਣਾ ਕੇ ਰੱਖਣ ਲਈ ਫਸਲੀ ਵਿਭਿੰਨਤਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਰਵਾਇਤੀ ਝੋਨੇ ਕਣਕ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫਸਲਾਂ ਦੀ ਕਾਸ਼ਤ ਵੱਲ ਰੁੱਖ ਕੀਤਾ ਜਾਵੇ। ਇਹਨਾਂ ਕੈਂਪਾਂ ਦਾ ਮੁੱਖ ਮਕਸਦ ਕਿਸਾਨਾਂ ਵਿੱਚ ਮੱਕੀ ਦੀ ਕਾਸ਼ਤ ਨੂੰ ਮੁੜ ਸੁਰਜੀਤ ਕਰਨ ਦਾ ਸੀ ਤਾਂ ਜੋ ਝੋਨੇ ਹੇਠਾਂ ਰਕਬਾ ਘਟਾਇਆ ਜਾ ਸਕੇ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਦਰਪੇਸ਼ ਹੋਰ ਸਮੱਸਿਆਵਾਂ ਬਾਰੇ ਜ਼ਿਕਰ ਕਰਦਿਆਂ ਉਹਨਾਂ ਦੇ ਹੱਲ ਸਬੰਧੀ ਨੁਕਤੇ ਸਾਂਝੇ ਕੀਤੇ ਅਤੇ ਖੇਤਾਂ ਦਾ ਦੌਰਾ ਵੀ ਕੀਤਾ।