
ਰੂਪਨਗਰ, 7 ਮਾਰਚ: ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੀ ਈ.ਡੀ.ਐਸ. 34 ਸਕੀਮ ਅਧੀਨ ਹਰੇਕ ਜ਼ਿਲੇ ਵਿੱਚੋਂ ਬੈਸਟ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ Best School Award ਨਾਲ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਨਕਦ ਇਨਾਮ ਦਿੱਤਾ ਜਾਂਦਾ ਹੈ। ਜ਼ਿਲ੍ਹੇ ਦੇ ਅਕਾਦਮਿਕ ਅਤੇ ਸਹਿ ਅਕਾਦਮਿਕ ਗਤੀਵਿਧੀਆ, ਸਕੂਲ ਦੇ ਬੁਨਿਆਦੀ ਢਾਂਚੇ ਦੀ ਵਧੀਆ ਮੈਨੇਜਮੈਂਟ ਸਦਕਾ ਬੈਸਟ ਸਕੂਲ ਵਜੋਂ ਨਿਵਾਜ਼ਿਆ ਜਾਂਦਾ ਹੈ। ਅੱਜ ਚੰਡੀਗੜ੍ਹ ਵਿਖੇ ਹੋ ਰਹੇ ਰਾਜ ਪੱਧਰੀ ਸਮਾਗਮ ਵਿੱਚ ਹਰਜੋਤ ਸਿੰਘ ਬੈਂਸ, ਸਕੂਲ ਸਿੱਖਿਆ ਮੰਤਰੀ ਪੰਜਾਬ ਅਤੇ ਅਨਿੰਦਿਤਾ ਮਿਤਰਾ, ਆਈ. ਏ. ਐਸ. ਸਕੱਤਰ, ਸਕੂਲ ਸਿੱਖਿਆ ਵਿਭਾਗ ਵੱਲੋਂ ਰੂਪਨਗਰ ਜਿਲ੍ਹੇ ਦੇ ਬੈਸਟ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਇੰਚਾਰਜਾਂ ਨੂੰ ਪ੍ਰਮਾਣ ਪਤਰ,ਸਨਮਾਨ ਚਿੰਨ੍ਹ ਤੇ ਇਨਾਮੀ ਰਾਸ਼ੀ ਦਾ ਇਨਾਮ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਤੇ ਸਪੈਸ਼ਲ ਸੈਕਟਰੀ, ਸ਼੍ਰੀ ਧੀਮਾਨ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ।
