ਨਵਾਬ ਫੈਸਲ ਖਾਨ ਅਤੇ ਸ. ਬਲਵੀਰ ਸਿੰਘ ਸੈਣੀ ਨੇ ਕੀਤੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ
ਸ੍ਰੀ ਅਨੰਦਪੁਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਨੌਜਵਾਨ ਸ਼ਾਇਰ ਤੇਜਿੰਦਰ ਸਿੰਘ ਬਾਜ਼ ਦੇ ਕਾਵਿ ਸੰਗ੍ਰਹਿ “ਗੁਆਚਿਆ ਮਨੁੱਖ” ‘ਤੇ ਵਿਮੋਚਨ ਅਤੇ ਵਿਚਾਰ ਚਰਚਾ ਹੋਈ। ਇਸ ਪ੍ਰੋਗਰਾਮ ਵਿੱਚ ਨਵਾਬ ਫੈਸਲ ਖਾਨ ਅਤੇ ਸ. ਬਲਬੀਰ ਸੈਣੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਜਗਪਿੰਦਰ ਪਾਲ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਆਏ ਹੋਏ ਸਾਹਿਤ ਪ੍ਰੇਮੀਆਂ ਨੂੰ ਜੀ ਆਇਆ ਆਖਿਆ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ. ਬਲਬੀਰ ਸਿੰਘ ਸੈਣੀ ਨੇ ਕਾਵਿ ਸੰਗ੍ਰਹਿ “ਗੁਆਚਿਆ ਮਨੁੱਖ” ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਤੇਜਿੰਦਰ ਸਿੰਘ ਬਾਜ਼ ਇੱਕ ਬਹੁਤ ਹੀ ਸੁਲਝਿਆ ਹੋਇਆ ਕਵੀ ਹੈ,ਜੋ ਕਿ ਆਪਣੀ ਇਸ ਪੁਸਤਕ ਦੀਆਂ ਕਵਿਤਾਵਾਂ ਵਿੱਚ ਅਨੇਕਾਂ ਹੀ ਵਿਸ਼ਿਆਂ ਨੂੰ ਛੋਂਹਦਾ ਹੈ। ਇਸ ਦੌਰਾਨ ਉਹਨਾਂ ਨੇ ਆਪਣੀਆਂ ਕੁਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਇਸ ਦੌਰਾਨ ਲੇਖਕ ਸ਼ਾਇਰ ਅਤੇ ਸਮੀਖਿਅਕ ਨਵਾਬ ਫੈਸਲ ਖਾਨ ਨੇ ਤਜਿੰਦਰ ਸਿੰਘ ਬਾਜ਼ ਦੇ ਕਾਵਿ ਸੰਗ੍ਰਹਿ ਗੁਆਚਿਆ ਮਨੁੱਖ ‘ਤੇ ਪਰਚਾ ਪੜਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਤਜਿੰਦਰ ਸਿੰਘ ਬਾਜ਼ ਨੂੰ ਉਹਨਾਂ ਦੇ ਕਾਵ ਸੰਗ੍ਰਹਿ “ਗੁਆਚਿਆ ਮਨੁੱਖ” ਲਈ ਵਧਾਈ ਦਿੱਤੀ। ਇਸਦੇ ਨਾਲ ਹੀ ਉਹਨਾਂ ਨੇ ਆਏ ਹੋਏ ਸਰੋਤਿਆਂ ਨੂੰ ਸਾਹਿਤ ਦੀਆਂ ਬਰੀਕੀਆਂ ਤੋਂ ਵੀ ਜਾਣੂ ਕਰਵਾਇਆ।
ਇਸ ਮੌਕੇ ਸ਼ਾਇਰ ਤੇਜਿੰਦਰ ਸਿੰਘ ਬਾਜ਼ ਨੇ ਦਰਸ਼ਕਾਂ ਦੇ ਰੂਬਰੂ ਹੁੰਦੇ ਹੋਏ ਦੱਸਿਆ ਕਿ ਇਹ ਕਾਵਿ ਸੰਗ੍ਰਹਿ ਪਹਿਲਾਂ 2011 ਦੇ ਵਿੱਚ ਛਪਿਆ ਸੀ ਅਤੇ ਇਸ ਤੋਂ ਬਾਅਦ ਪਾਠਕਾਂ ਦੀ ਮੰਗ ਤੇ ਦੁਬਾਰਾ 2024 ਦੇ ਵਿੱਚ ਇਸ ਦਾ ਦੂਜਾ ਅਡੀਸ਼ਨ ਛਾਪਿਆ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਕਾਵਿ ਸੰਗ੍ਰਹਿ ਵਿੱਚ ਕੁੱਲ 44 ਕਵਿਤਾਵਾਂ ਦਰਜ ਹਨ ਅਤੇ ਹਰੇਕ ਕਵਿਤਾ ਵੱਖਰੇ-ਵੱਖਰੇ ਵਿਸ਼ੇ ਨਾਲ ਸਬੰਧਿਤ ਹੈ। ਇਸ ਮੌਕੇ ਕੁਲਵਿੰਦਰ ਕੌਰ ਨੰਗਲ, ਪਰਵਿੰਦਰ ਸਿੰਘ ਪ੍ਰਿੰਸ, ਅਰਵਿੰਦਰ ਸਿੰਘ ਰਾਜੂ, ਪ੍ਰੋ. ਸੰਦੀਪ ਕੁਮਾਰ, ਪ੍ਰੋ. ਸੁਖਵਿੰਦਰ ਸਿੰਘ ਕਾਹਲੋ ਅਤੇ ਪ੍ਰੋ. ਦਿਨੇਸ਼ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।