
ਪਾਣੀ…… ਇੱਕ ਐਸਾ ਸ਼ਬਦ ਜਿਸ ਵਿੱਚ ਪੂਰੀ ਧਰਤੀ ਦਾ ਸਾਹ ਲੁਕਿਆ ਹੋਇਆ ਹੈ। ਮਨੁੱਖ ਦੀ ਪਹਿਲੀ ਧੜਕਣ ਤੋਂ ਲੈ ਕੇ ਆਖ਼ਰੀ ਸਾਹ ਤੱਕ, ਪਾਣੀ ਹਰ ਪਲ ਸਾਡਾ ਸਾਥ ਨਿਭਾਉਂਦਾ ਹੈ। ਇਹ ਸਿਰਫ਼ ਪਿਆਸ ਨਹੀਂ ਬੁਝਾਂਦਾ, ਇਹ ਆਤਮਾ ਨੂੰ ਵੀ ਠੰਢਕ ਦਿੰਦਾ ਹੈ। ਪਰ ਅਜੀਬ ਵਿਡੰਬਨਾ ਹੈ ਕਿ ਜਿਸ ਤੱਤ ਦੇ ਬਿਨਾਂ ਜੀਵਨ ਦੀ ਕਲਪਨਾ ਵੀ ਅਸੰਭਵ ਹੈ, ਉਸੇ ਨੂੰ ਅਸੀਂ ਸਭ ਤੋਂ ਵੱਧ ਅਣਦੇਖਾ ਕਰ ਰਹੇ ਹਾਂ।

ਕਦੇ ਸਵੇਰ ਦੇ ਸਮੇਂ ਔਰਤਾਂ ਮਟਕਿਆਂ ਨਾਲ ਦਰਿਆ ਦੇ ਕਿਨਾਰੇ ਜਾਂਦੀਆਂ ਸਨ। ਪਾਣੀ ਭਰਨਾ ਸਿਰਫ਼ ਕੰਮ ਨਹੀਂ ਸੀ, ਇੱਕ ਸੰਸਕਾਰ ਸੀ। ਦਰਿਆ ਨੂੰ ਮਾਂ ਕਹਿ ਕੇ ਸਲਾਮ ਕੀਤਾ ਜਾਂਦਾ ਸੀ, ਖੂਹ ਦੇ ਨੇੜੇ ਰੁੱਖ ਲਗਾਏ ਜਾਂਦੇ ਸਨ, ਛੱਪੜਾਂ ਦੀ ਸੰਭਾਲ ਪੂਰੇ ਪਿੰਡ ਦੀ ਜ਼ਿੰਮੇਵਾਰੀ ਹੁੰਦੀ ਸੀ। ਉਹ ਸਮੇਂ ਬਿਜਲੀ ਦੇ ਮੋਟਰ ਨਹੀਂ ਸਨ, ਪਰ ਸਮਝ ਬਹੁਤ ਡੂੰਘੀ ਸੀ। ਅੱਜ ਮੋਟਰਾਂ ਹਨ, ਤਕਨਾਲੋਜੀ ਹੈ, ਪਰ ਪਾਣੀ ਨਾਲ ਨਾਤਾ ਕਮਜ਼ੋਰ ਪੈਂਦਾ ਜਾ ਰਿਹਾ ਹੈ।
ਅਸੀਂ ਟੂਟੀਆਂ ਨੂੰ ਖੋਲ੍ਹਦੇ ਹਾਂ ਤੇ ਭੁੱਲ ਜਾਂਦੇ ਹਾਂ ਕਿ ਹਰ ਬੂੰਦ ਕਿੰਨੀ ਲੰਬੀ ਯਾਤਰਾ ਕਰਕੇ ਸਾਡੇ ਤੱਕ ਪਹੁੰਚੀ ਹੈ। ਕਦੇ ਇਹ ਬੂੰਦ ਬੱਦਲ ਬਣੀ, ਕਦੇ ਵਰਖਾ ਬਣ ਕੇ ਧਰਤੀ ’ਤੇ ਉਤਰੀ, ਕਦੇ ਮਿੱਟੀ ਵਿੱਚ ਰਸ ਕੇ ਜ਼ਮੀਨੀ ਪਾਣੀ ਬਣੀ, ਤੇ ਫਿਰ ਕਿਤੇ ਜਾ ਕੇ ਸਾਡੇ ਗਲਾਸ ਤੱਕ ਆਈ। ਪਰ ਸਾਡੀ ਬੇਪਰਵਾਹੀ ਨਾਲ ਉਹੀ ਬੂੰਦ ਬਿਨਾਂ ਕਿਸੇ ਅਰਥ ਦੇ ਨਾਲੀ ਵਿੱਚ ਵਹਿ ਜਾਂਦੀ ਹੈ। ਇਹ ਸਿਰਫ਼ ਪਾਣੀ ਦੀ ਬਰਬਾਦੀ ਨਹੀਂ, ਸਾਡੀ ਸੋਚ ਦੀ ਗਰੀਬੀ ਹੈ।
ਅੱਜ ਪਾਣੀ ਦਾ ਸੰਕਟ ਕੋਈ ਭਵਿੱਖ ਦੀ ਕਹਾਣੀ ਨਹੀਂ ਰਿਹਾ। ਇਹ ਮੌਜੂਦਾ ਸਮੇਂ ਦੀ ਸਭ ਤੋਂ ਕੌੜੀ ਹਕੀਕਤ ਹੈ। ਕਈ ਥਾਵਾਂ ਤੇ ਲੋਕ ਟੈਂਕਰਾਂ ਦੀ ਉਡੀਕ ਕਰਦੇ ਹਨ, ਕਈ ਬੱਚੇ ਸਵੇਰੇ ਸਕੂਲ ਜਾਣ ਦੀ ਥਾਂ ਮੀਲਾਂ ਤੱਕ ਪਾਣੀ ਲਿਆਉਂਦੇ ਹਨ। ਕਈ ਕਿਸਾਨ ਖਾਲੀ ਖੇਤਾਂ ਨੂੰ ਵੇਖ ਕੇ ਅੱਖਾਂ ਵਿੱਚ ਹੰਝੂ ਲੈ ਕੇ ਅਸਮਾਨ ਵੱਲ ਤੱਕਦੇ ਹਨ। ਇਹ ਸਾਰੇ ਦ੍ਰਿਸ਼ ਸਾਨੂੰ ਪੁੱਛਦੇ ਹਨ- ਕੀ ਅਸੀਂ ਸੱਚਮੁੱਚ ਵਿਕਾਸ ਕਰ ਰਹੇ ਹਾਂ, ਜਾਂ ਸਿਰਫ਼ ਸਰੋਤ ਖਤਮ ਕਰ ਰਹੇ ਹਾਂ?
ਪਾਣੀ ਦੀ ਘਾਟ ਨਾਲ ਸਿਰਫ਼ ਪਿਆਸ ਨਹੀਂ ਵਧਦੀ, ਜੀਵਨ ਦੀ ਗੁਣਵੱਤਾ ਵੀ ਘਟਦੀ ਹੈ। ਸਾਡੀ ਸਿਹਤ ਪ੍ਰਭਾਵਿਤ ਹੁੰਦੀ ਹੈ, ਖੇਤੀ ਕਮਜ਼ੋਰ ਪੈਂਦੀ ਹੈ, ਪਰਿਵਾਰਕ ਤਣਾਅ ਵਧਦਾ ਹੈ ਅਤੇ ਸਮਾਜ ਵਿੱਚ ਅਸਮਾਨਤਾ ਪੈਦਾ ਹੁੰਦੀ ਹੈ। ਜਿੱਥੇ ਪਾਣੀ ਨਹੀਂ, ਉੱਥੇ ਸ਼ਾਂਤੀ ਵੀ ਨਹੀਂ ਟਿਕਦੀ। ਪਾਣੀ ਹੌਲੀ-ਹੌਲੀ ਸਮਾਜਿਕ ਸੰਤੁਲਨ ਦਾ ਮਾਪਦੰਡ ਬਣ ਰਿਹਾ ਹੈ।

ਇਸ ਸਭ ਦੇ ਬਾਵਜੂਦ,ਪਾਣੀ ਦੇ ਬਚਾਉ ਦਾ ਰਸਤਾ ਅਜੇ ਵੀ ਖੁੱਲ੍ਹਾ ਹੈ। ਜੇ ਮਨੁੱਖ ਆਪਣੀ ਸੋਚ ਬਦਲ ਲਏ, ਤਾਂ ਤਸਵੀਰ ਬਦਲ ਸਕਦੀ ਹੈ। ਵਰਖਾ ਦੇ ਪਾਣੀ ਨੂੰ ਸੰਭਾਲਣਾ, ਘਰਾਂ ਵਿੱਚ ਫ਼ਜ਼ੂਲ ਵਰਤੋਂ ਰੋਕਣੀ, ਟੂਟੀਆਂ ਦੀ ਲੀਕੇਜ ਠੀਕ ਕਰਨੀ ਇਹ ਸਾਰੇ ਛੋਟੇ ਲੱਗਣ ਵਾਲੇ ਕਦਮ ਅਸਲ ਵਿੱਚ ਵੱਡੀ ਕ੍ਰਾਂਤੀ ਦੀ ਨੀਂਹ ਹਨ। ਜਦੋਂ ਇੱਕ ਘਰ ਬਦਲਦਾ ਹੈ, ਤਾਂ ਗਲੀ ਬਦਲਦੀ ਹੈ; ਜਦੋਂ ਗਲੀ ਬਦਲਦੀ ਹੈ, ਤਾਂ ਸ਼ਹਿਰ ਬਦਲਦਾ ਹੈ।
ਕੁਦਰਤ ਨੇ ਸਾਨੂੰ ਸਾਫ਼ ਸੰਕੇਤ ਦਿੱਤੇ ਹਨ। ਜਦੋਂ ਅਸੀਂ ਜੰਗਲ ਕੱਟੇ, ਤਾਂ ਬੱਦਲ ਘੱਟ ਹੋਏ। ਜਦੋਂ ਮਿੱਟੀ ਦੀ ਨਮੀ ਗਈ, ਤਾਂ ਦਰਿਆ ਸੁੱਕੇ। ਦਰਿਆ ਸੁੱਕੇ, ਤਾਂ ਮਨੁੱਖ ਤਰਸਿਆ। ਇਹ ਸਭ ਕੁਝ ਅਚਾਨਕ ਨਹੀਂ ਹੋਇਆ, ਇਹ ਸਾਡੀਆਂ ਕਰਤੂਤਾਂ ਦਾ ਨਤੀਜਾ ਹੈ। ਪਾਣੀ ਨੂੰ ਬਚਾਉਣ ਦਾ ਮਤਲਬ ਸਿਰਫ਼ ਟੂਟੀਆਂ/ ਨਲ ਬੰਦ ਕਰਨਾ ਨਹੀਂ, ਇਹ ਦਰੱਖ਼ਤ ਬਚਾਉਣ, ਨਦੀਆਂ ਸਾਫ਼ ਰੱਖਣ ਅਤੇ ਧਰਤੀ ਨਾਲ ਸਾਂਝ ਬਣਾਉਣ ਦਾ ਨਾਂ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਣੀ ਦਾ ਬਚਾਓ ਕਾਨੂੰਨਾਂ ਨਾਲ ਨਹੀਂ, ਸੰਵੇਦਨਾ ਨਾਲ ਹੁੰਦਾ ਹੈ। ਜਦੋਂ ਤੱਕ ਅਸੀਂ ਪਾਣੀ ਨੂੰ ਸਿਰਫ਼ ਇੱਕ ਸੁਵਿਧਾ ਸਮਝਦੇ ਰਹਾਂਗੇ, ਉਹ ਸਾਡੇ ਹੱਥੋਂ ਫਿਸਲਦਾ ਰਹੇਗਾ। ਪਰ ਜਦੋਂ ਅਸੀਂ ਉਸਨੂੰ ਜੀਵਨ ਦਾ ਸਾਥੀ ਮੰਨ ਲਿਆ, ਤਾਂ ਹਰ ਬੂੰਦ ਕੀਮਤੀ ਬਣ ਜਾਵੇਗੀ। ਬੱਚਿਆਂ ਨੂੰ ਕਿਤਾਬਾਂ ਨਾਲ ਹੀ ਨਹੀਂ, ਇੱਕ ਅਧਿਆਪਕ ਹੋਣ ਦੇ ਨਾਤੇ ਸਾਨੂੰ ਆਪਣੇ ਵਿਹਾਰ ਨਾਲ ਵੀ ਇਹ ਸਿਖਾਉਣਾ ਪਵੇਗਾ ਕਿ ਪਾਣੀ ਦਾ ਆਦਰ ਕਿਵੇਂ ਕੀਤਾ ਜਾਂਦਾ ਹੈ।
ਕਲਪਨਾ ਕਰੋ ਉਸ ਦਿਨ ਦੀ, ਜਦੋਂ ਕੋਈ ਬੱਚਾ ਆਪਣੇ ਮਾਪਿਆਂ ਨੂੰ ਪੁੱਛੇਗਾ ਕਿ ਕੀ ਦਰਿਆ ਸੱਚਮੁੱਚ ਵਗਦੇ ਸਨ? ਕੀ ਵਰਖਾ ਮੌਸਮ ਦੀ ਖੁਸ਼ੀ ਹੁੰਦੀ ਸੀ? ਉਸ ਸਵਾਲ ਦਾ ਜਵਾਬ ਸਾਡੇ ਅੱਜ ਦੇ ਫੈਸਲੇ ਤੈਅ ਕਰਨਗੇ। ਅਸੀਂ ਚਾਹੁੰਦੇ ਹਾਂ ਕਿ ਉਹ ਬੱਚਾ ਪਾਣੀ ਦੀ ਕਹਾਣੀ ਸੁਣੇ ਜਾਂ ਪਾਣੀ ਨੂੰ ਖੁਦ ਮਹਿਸੂਸ ਕਰੇ ਇਹ ਚੋਣ ਸਾਡੇ ਹੱਥ ਵਿੱਚ ਹੈ।
ਪਾਣੀ ਕਦੇ ਮੰਗਦਾ ਨਹੀਂ, ਉਹ ਸਿਰਫ਼ ਦੇਂਦਾ ਹੈ। ਪਰ ਜਦੋਂ ਦੇਣ ਦੀ ਹੱਦ ਪਾਰ ਹੋ ਜਾਂਦੀ ਹੈ, ਤਾਂ ਉਹ ਚੁੱਪ ਹੋ ਜਾਂਦਾ ਹੈ। ਉਸ ਚੁੱਪ ਵਿੱਚ ਭੁੱਖ ਵੀ ਹੈ, ਤਰਸ ਵੀ ਅਤੇ ਚੇਤਾਵਨੀ ਵੀ। ਅਜੇ ਸਮਾਂ ਹੈ ਕਿ ਅਸੀਂ ਉਸ ਚੁੱਪ ਨੂੰ ਸਮਝੀਏ, ਪਾਣੀ ਦੀ ਇੱਕ ਇੱਕ ਬੂੰਦ ਦੀ ਕਦਰ ਕਰੀਏ ਅਤੇ ਆਪਣੇ ਵਿਹਾਰ ਵਿੱਚ ਬਦਲਾਅ ਲਿਆਈਏ।
ਜੇ ਅਸੀਂ ਅੱਜ ਇੱਕ ਬੂੰਦ ਬਚਾਈ, ਤਾਂ ਕੱਲ੍ਹ ਇੱਕ ਜੀਵਨ ਬਚੇਗਾ। ਜੇ ਅਸੀਂ ਅੱਜ ਪਾਣੀ ਨਾਲ ਇਨਸਾਫ਼ ਕੀਤਾ, ਤਾਂ ਭਵਿੱਖ ਸਾਨੂੰ ਦੂਆਵਾਂ ਦੇਵੇਗਾ। ਪਾਣੀ ਸਾਡੀ ਵਿਰਾਸਤ ਨਹੀਂ, ਸਾਡੀ ਜ਼ਿੰਮੇਵਾਰੀ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਹੀ ਅਸਲ ਮਨੁੱਖਤਾ ਹੈ।
ਪਾਣੀ ਬਚਾਓ, ਕਿਉਂਕਿ ਪਾਣੀ ਹੀ ਸਾਡਾ ਕੱਲ੍ਹ ਹੈ।……………

















