The Mantra of Freedom – Vande Mataram

ਜਦੋਂ ਕਿਸੇ ਕੌਮ ਦੇ ਦਿਲ ਅੰਦਰ ਬਗ਼ਾਵਤ ਦਾ ਪਾਣੀ ਖੌਲਣਾ ਸ਼ੁਰੂ ਹੋ ਜਾਂਦਾ ਹੈ, ਤਾਂ ਸਮਾਂ ਨਵਾਂ ਇਤਿਹਾਸ ਲਿਖਦਾ ਹੈ। ਭਾਰਤ ਦੀ ਧਰਤੀ ਦਾ ਇਤਿਹਾਸ ਵੀ ਇਸੇ ਖੌਲ ਵਿੱਚੋਂ ਨਿਕਲ ਕੇ ਚਮਕਿਆ ਅਤੇ ਉਸ ਵਿੱਚ ਸਭ ਤੋਂ ਵੱਡਾ ਚਿੰਗਾਰੀ ਦਾ ਸੁਰ ਸੀ
“ਵੰਦੇ ਮਾਤਰਮ”
ਇਹ ਸਿਰਫ਼ ਦੋ ਸ਼ਬਦ ਨਹੀਂ, ਇਹ ਉਹ ਤਾਕਤ ਹੈ ਜਿਸ ਨੇ ਗੁਲਾਮੀ ਦੇ ਹਨੇਰੇ ਵਿੱਚ ਇੱਕ ਚਿੰਗਾਰੀ ਜਗਾਈ ਸੀ। ਇਹ ਉਹ ਸੁਰ ਹੈ ਜਿਸ ਨੇ ਇਕ ਕੌਮ ਨੂੰ ਨੀਂਦ ਤੋਂ ਜਗਾ ਕੇ ਖੜ੍ਹਾ ਕਰ ਦਿੱਤਾ, ਇਹ ਉਹ ਮੰਤਰ ਹੈ ਜਿਹਨੂੰ ਜਪ ਕੇ ਅਨੇਕਾਂ ਸੂਰਮਿਆਂ ਨੇ ਹੱਸਦੇ ਹੋਏ ਮੌਤ ਨੂੰ ਵੀ ਗਲੇ ਲਾ ਲਿਆ। ਇਸਨੂੰ ਆਜ਼ਾਦੀ ਦਾ ਮੰਤਰ ਕਿਹਾ ਜਾਂਦਾ ਹੈ ਕਿਉਂਕਿ ਇਹ ਉਹ ਸਬਕ ਸਿਖਾਉਂਦਾ ਹੈ ਕਿ ਧਰਤੀ, ਮਾਂ ਤੇ ਦੇਸ਼ ਦੀ ਮਿੱਟੀ ਤੋਂ ਵੱਡਾ ਕੋਈ ਧਰਮ ਨਹੀਂ। ਜਦੋਂ ਗੋਰੀ ਹਕੂਮਤ ਦਾ ਅੰਧੇਰਾ ਸਿੱਖਰ ਤੇ ਸੀ, ਉਦੋਂ ਬੰਕਿਮ ਚੰਦਰ ਚੱਟਿਰਜੀ ਦੀ ਕਲਮ ਤੋਂ ਨਿਕਲਿਆ ਇਹ ਮੰਤਰ ਹਰ ਦਿਲ ਦੀ ਧੜਕਨ ਬਣ ਗਿਆ। ਲੱਖਾਂ ਦੀ ਭੀੜ ਇਕੱਠੀ ਹੋ ਜਾਂਦੀ ਸੀ, ਸਿਰਫ਼ ਇਹ ਸੁਣਨ ਲਈ ਕਿ ਕੌਮ ਦੀ ਮਾਂ ਭਾਰਤ ਮਾਤਾ ਨੂੰ ਕੋਟਿ ਕੋਟਿ ਪ੍ਰਣਾਮ ਕਿਵੇਂ ਕੀਤਾ ਜਾਂਦਾ ਹੈ। ਇਹ ਸਿਰਫ਼ ਨਾਅਰਾ ਨਹੀਂ ਸੀ, ਇਹ ਆਜ਼ਾਦੀ ਦਾ ਅਹਿਸਾਸ, ਕੁਰਬਾਨੀ ਦੀ ਖੁਸ਼ਬੂ, ਤੇ ਮਿੱਟੀ ਨਾਲ ਵਫ਼ਾਦਾਰੀ ਦਾ ਵਾਅਦਾ ਸੀ। ਜਿਹੜੇ ਸ਼ਬਦ ਮਾਂ ਦੀ ਮਿੱਟੀ ਨਾਲ ਜੁੜੇ ਹੋਣ, ਉਨ੍ਹਾਂ ਵਿੱਚ ਦਿਲ ਨੂੰ ਚੀਰ ਦਿੰਦੀ ਤਾਕਤ ਆਪ ਹੀ ਆ ਜਾਂਦੀ ਹੈ। “ਵੰਦੇ ਮਾਤਰਮ” ਨੇ ਇਹੀ ਕੀਤਾ। ਇਹ ਸ਼ਬਦ ਸਿਰਫ਼ ਕੰਨਾਂ ਤੱਕ ਹੀ ਨਹੀਂ ਪਹੁੰਚਦੇ, ਇਹ ਸਿੱਧੇ ਰੂਹ ਵਿੱਚ ਉਤਰਦੇ ਹਨ। ਇਹ ਮੰਤਰ ਸੁਣ ਕੇ ਉਹ ਦਿਨ ਯਾਦ ਆ ਜਾਂਦੇ ਹਨ ਜਦੋਂ ਭਾਰਤ ਮਾਂ ਦੀ ਰੱਖਿਆ ਲਈ ਨੌਜਵਾਨ ਆਪਣੇ ਘਰੋਂ ਆਖ਼ਰੀ ਵਾਰ ਨਿਕਲਦੇ ਸਨ ਮਾਂ ਦੀਆਂ ਅੱਖਾਂ ਹੰਜੂਆਂ ਨਾਲ ਭਰੀਆਂ ਹੁੰਦੀਆਂ, ਪਰ ਦਿਲ ਵਿੱਚ ਮਾਣ ਵੀ ਹੁੰਦਾ।ਉਹ ਜਾਣਦੀ ਸੀ ਉਸਦਾ ਪੁੱਤਰ ਮਰ ਨਹੀਂ ਰਿਹਾ, ਇਤਿਹਾਸ ਵਿੱਚ ਜੀਣ ਜਾ ਰਿਹਾ ਹੈ। ਇਸ ਮੰਤਰ ਨੇ ਇੱਕ ਗੁਲਾਮ ਕੌਮ ਨੂੰ ਇਹ ਯਕੀਨ ਦਿੱਤਾ ਕਿ ਅਸਲੀ ਤਾਕਤ ਬੰਦੂਕਾਂ ਦੀ ਨਹੀਂ, ਏਕਤਾ ਦੀ ਹੁੰਦੀ ਹੈ। ਜਦੋਂ ਕਿਸੇ ਇਨਕਲਾਬੀ ਦਾ ਮਨ ਡੋਲਦਾ, ਉਹ ਇਹ ਮੰਤਰ ਜਪ ਕੇ ਦੁਬਾਰਾ ਅਟੱਲ ਹੋ ਜਾਂਦਾ। ਜਦੋਂ ਭਗਤ ਸਿੰਘ ਨੇ ਪਹਿਲੀ ਵਾਰ ਇਹ ਮੰਤਰ ਸੁਣਿਆ, ਲੋਕ ਕਹਿੰਦੇ ਹਨ ਕਿ ਉਸ ਨੇ ਕਿਹਾ ਸੀ ਇਹ ਸਿਰਫ਼ ਗੀਤ ਨਹੀਂ, ਇਹ ਮਰਨ ਤੋਂ ਪਹਿਲਾਂ ਜੀਣ ਦਾ ਦਿਲਾਸਾ ਹੈ। ਲਾਲਾ ਲਾਜਪਤ ਰਾਏ ਦੀਆਂ ਰੈਲੀਆਂ, ਸੁਭਾਸ਼ ਚੰਦਰ ਬੋਸ ਦੇ ਕ਼ਦਮ, ਚੰਦਰਸ਼ੇਖਰ ਆਜ਼ਾਦ ਦੀ ਤਲਵਾਰ ਇਹ ਸਭ ਨੂੰ ਸਭ ਤੋਂ ਜ਼ਿਆਦਾ ਜੋਸ਼ ਇਹੀ ਮੰਤਰ ਤੋਂ ਮਿਲਦਾ ਸੀ।
ਉਹ ਇਨਕਲਾਬੀ ਜੋ ਲਾਠੀਆਂ ਖਾਂਦੇ ਸਨ, ਉਹਨਾ ਦੀਆਂ ਰਗਾਂ ਵਿੱਚੋਂ ਬਹਿੰਦਾ ਹੌਸਲਾ ਹਰ ਇੱਕ ਬੁਲਾਰੇ ਦੇ ਜੁਬਾਨ ਤੇ ਹੁੰਦਾ ਸੀ ਵੰਦੇ ਮਾਤਰਮ। ਜਦੋਂ ਭਗਤ ਸਿੰਘ, ਬਟੁਕੇਸ਼ਵਰ ਦੱਤ, ਤੇ ਹੋਰ ਸੂਰਮੇ ਤਖ਼ਤੇ-ਏ-ਮੌਤ ਵੱਲ ਵਧਦੇ ਸਨ, ਉਨ੍ਹਾਂ ਦੇ ਜੁਬਾਨ ‘ਤੇ ਵੀ ਅਕਸਰ ਇਹੀ ਲਫ਼ਜ਼ ਹੁੰਦੇ ਵੰਦੇ ਮਾਤਰਮ। ਬ੍ਰਿਟਿਸ਼ ਹਕੂਮਤ ਡਰਦੀ ਸੀ ਇਸ ਮੰਤਰ ਤੋਂ।ਉਹ ਜਾਣਦੇ ਸਨ ਜੇ ਭਾਰਤ ਦੇ ਨੌਜਵਾਨ ਇਕਠੇ ਹੋ ਕੇ ਇਹ ਸੁਰ ਗਾ ਦੇਣ, ਤਾਂ ਫਿਰ ਉਨ੍ਹਾਂ ਦੀਆਂ ਗੋਲੀਆਂ ਵੀ ਬੇਅਸਰ ਹੋ ਜਾਣਗੀਆਂ।ਵੰਦੇ ਮਾਤਰਮ ਨੇ ਉਹ ਜੰਗ ਜਿੱਤੀ ਜਿਸ ਨੂੰ ਨਾ ਤਲਵਾਰ ਕਰ ਸਕੀ, ਨਾ ਗੋਲੀ।
ਇਹ ਉਹ ਗੀਤ ਸੀ ਜਿਸ ਨੇ ਸਾਰੀ ਕੌਮ ਨੂੰ ਇਕ ਲੜੀ, ਇਕ ਰੰਗ ਤਿਰੰਗੇ ਵਿੱਚ ਬੰਨ੍ਹ ਦਿੱਤਾ।
ਪਰ ਅੱਜ ਕੀ ਅਸੀਂ ਇਸ ਮੰਤਰ ਨੂੰ ਸਿਰਫ਼ ਰਸਮ ਵਾਂਗ ਜਪਦੇ ਹਾਂ? ਜਾਂ ਅਸੀਂ ਇਸਦੀ ਰੂਹ ਨੂੰ ਵੀ ਮਹਿਸੂਸ ਕਰਦੇ ਹਾਂ ਆਜ਼ਾਦੀ ਸਿਰਫ਼ ਤਿਰੰਗਾ ਲਹਿਰਾਉਣ ਦਾ ਨਾਮ ਨਹੀਂ ਆਜ਼ਾਦੀ ਜ਼ਿੰਮੇਵਾਰੀ ਦਾ ਨਾਮ ਵੀ ਹੈ। ਹਵਾ ਨੂੰ ਸਾਫ਼ ਰੱਖਣਾ, ਔਰਤਾਂ ਦੀ ਇਜ਼ਤ, ਸਿੱਖਿਆ ਦਾ ਪ੍ਰਸਾਰ, ਤੇ ਨਫ਼ਰਤ ਦੀਆਂ ਕੰਧਾਂ ਢਾਅ ਕੇ ਭਰਾਵਾਂ ਦੇ ਰਿਸ਼ਤੇ ਜੋੜਨਾ ਇਹ ਸਭ ਆਜ਼ਾਦੀ ਦੀ ਅਸਲੀ ਪੂਜਾ ਹੈ।
“ਵੰਦੇ ਮਾਤਰਮ” ਸਾਨੂੰ ਸਿਖਾਉਂਦਾ ਹੈ ਕਿ ਦੇਸ਼ ਸਾਡਾ ਸਿਰਫ਼ ਨਕਸ਼ੇ ਦੀਆਂ ਲਕੀਰਾਂ ਨਹੀਂ,ਦੇਸ਼ ਸਾਡੀ ਰੂਹ ਹੈ,ਸਾਡੀ ਪਹਿਚਾਣ ਹੈ।ਜਦੋਂ ਵੀ ਮਨ ਹਾਰਨ ਲੱਗੇ, ਜਦੋਂ ਵੀ ਲੱਗੇ ਕਿ ਤਾਕਤ ਖਤਮ ਹੋ ਗਈ ਇਹ ਦੋ ਸ਼ਬਦ ਜਪੋ। ਤੁਸੀਂ ਜਾਣੋਗੇ ਕਿ ਮਿੱਟੀ ਦੀ ਖੁਸ਼ਬੂ ਵਿੱਚ ਉਹ ਤਾਕਤ ਹੈ ਜੋ ਮਨੁੱਖ ਨੂੰ ਲੋਹੇ ਵਾਂਗ ਮਜ਼ਬੂਤ ਬਣਾਉਂਦੀ ਹੈ।ਅੱਜ ਅਸੀਂ ਆਜ਼ਾਦ ਹਾਂ। ਕਿਸੇ ਅੰਗਰੇਜ਼ ਦੀ ਕੋੜੀ ਨਹੀਂ ਸਹਿਣੀ ਪੈਂਦੀ, ਕਿਸੇ ਜ਼ਬਰ ਦੀਆਂ ਛਾਵਾਂ ਹੇਠ ਨਹੀਂ ਰਹਿਣਾ ਪੈਂਦਾ। ਪਰ ਸੁਆਲ ਇਹ ਹੈ ਕੀ ਅਸੀਂ ਅਜੇ ਵੀ “ਵੰਦੇ ਮਾਤਰਮ” ਦੀ ਰੂਹ ਨੂੰ ਜੀ ਰਹੇ ਹਾਂ?
ਵੰਦੇ ਮਾਤਰਮ ਸਾਨੂੰ ਸਿਖਾਉਂਦਾ ਹੈ ਮਾਂ ਦੀ ਮਿੱਟੀ ਨੂੰ ਸਾਫ਼ ਰੱਖੋ,ਧੀਆਂ ਤੇ ਭੈਣਾਂ ਦੀ ਰੱਖਿਆ ਕਰੋ,ਧਰਮ, ਜਾਤ ਤੇ ਨਫ਼ਰਤ ਦੇ ਵੰਡ ਨੂੰ ਖਤਮ ਕਰੋ,ਰੁੱਖ ਲਗਾਓ, ਧਰਤੀ ਨੂੰ ਜੀਵੰਤ ਰੱਖੋ,ਇਕ ਦੂਜੇ ਦੀ ਮਦਦ ਕਰੋ,ਦੇਸ਼ ਨੂੰ ਸਿਰਫ਼ ਬੋਲੀ ਨਾਲ ਨਹੀਂ, ਕਰਮਾਂ ਨਾਲ ਪਿਆਰ ਕਰੋ। ਆਜ਼ਾਦੀ ਤਦੋਂ ਹੀ ਅਸਲੀ ਹੈ ਜਦੋਂ ਹਰ ਬੱਚਾ ਸੁਰੱਖਿਅਤ ਹੋਵੇ, ਹਰ ਨਾਰੀ ਆਤਮ ਨਿਰਭਰ ਹੋਵੇ, ਹਰ ਨੌਜਵਾਨ ਸੁਪਨੇ ਦੇਖ ਸਕੇ ਤੇ ਉਹਨਾਂ ਨੂੰ ਪੂਰਾ ਕਰ ਸਕੇ।
ਅੰਤ ਵਿੱਚ ਆਓ ਅਸੀਂ ਸਭ ਮਿਲ ਕੇ ਇਸ ਮੰਤਰ ਨੂੰ ਸਿਰਫ਼ ਬੋਲਣਾ ਨਹੀਂ, ਇਸਨੂੰ ਜੀਣਾ ਸਿੱਖੀਏ। ਕਿਉਂਕਿ ਜਦੋਂ ਦਿਲ ਤੋਂ ਨਿਕਲਦਾ ਹੈ “ਵੰਦੇ ਮਾਤਰਮ” ਤਾਂ ਸਿਰਫ਼ ਧਰਤੀ ਹੀ ਨਹੀਂ,
ਸਾਡੇ ਅੰਦਰ ਦੀ ਮਨੁੱਖਤਾ ਵੀ ਜਾਗਦੀ ਹੈ। ਜਦੋਂ ਵੀ ਤੁਸੀਂ “ਵੰਦੇ ਮਾਤਰਮ” ਬੋਲਦੇ ਹੋ, ਇੱਕ ਪਲ ਲਈ ਆਪਣੀਆਂ ਅੱਖਾਂ ਬੰਦ ਕਰੋ। ਆਪਣੇ ਮਨ ਵਿਚ ਸੋਚੋ… ਇਸ ਧਰਤੀ ਦੀ ਮਿੱਟੀ ਤੁਹਾਡੇ ਪੈਰਾਂ ਨੂੰ ਚੁੰਮ ਰਹੀ ਹੈ,ਨਦੀਆਂ ਤੁਹਾਡੀ ਆਵਾਜ਼ ਨਾਲ ਵਗ ਰਹੀਆਂ ਹਨ,ਹਵਾ ਵਿੱਚ ਮਾਂ ਦੀ ਅਸੀਸ ਹੈ,ਤੇ ਪਿਛੋਕੜ ਵਿੱਚ ਲੱਖਾਂ ਸ਼ਹੀਦਾਂ ਦੀਆਂ ਰੂਹਾਂ ਤਾੜੀਆਂ ਵਜਾ ਰਹੀਆਂ ਹਨ। ਉਨ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਦੇਸ਼ ਦੀ ਰੱਖਿਆ ਸਿਰਫ਼ ਬਾਰਡਰ ਤੇ ਨਹੀਂ ਹੁੰਦੀ,ਦਿਲ ਵਿੱਚ ਹੁੰਦੀ ਹੈ। ਇਸ ਲਈ ਜਦੋਂ ਤੁਸੀਂ ਅਗਲੀ ਵਾਰ “ਵੰਦੇ ਮਾਤਰਮ” ਬੋਲੋ, ਯਾਦ ਰੱਖੋ ਤੁਸੀਂ ਸਿਰਫ਼ ਮਾਤਾ ਨੂੰ ਨਮਸਕਾਰ ਨਹੀਂ ਕਰ ਰਹੇ,ਤੁਸੀਂ ਉਸ ਆਪਣੇ ਅੰਦਰ ਦੇ ਦੇਸ਼ਭਗਤ, ਨਰਮਦਿਲ ਮਨੁੱਖ, ਅਤੇ ਸੱਚੇ ਇਨਸਾਨ ਨੂੰ ਵੀ ਜਗਾ ਰਹੇ ਹੋ।
ਵੰਦੇ ਮਾਤਰਮ…

ਵਿਵੇਕ ਸ਼ਰਮਾ, ਸਾਇੰਸ ਮਾਸਟਰ, ਸਰਕਾਰੀ ਮਿਡਲ ਸਕੂਲ ਗੱਗੋਂ (ਰੂਪਨਗਰ)
















