State awardee teacher Jagjit Singh and national level winning students honored by Anti-Corruption Foundation
ਰੂਪਨਗਰ, 14 ਅਕਤੂਬਰ : ਐਂਟੀ ਕ੍ਰਾਈਮ ਐਂਟੀ ਕਰਪਸ਼ਨ ਫਾਊਂਡੇਸ਼ਨ ਸੰਸਥਾ ਵੱਲੋਂ ਨੂਰਪੁਰ ਬੇਦੀ ਬਲਾਕ ਦੇ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਸਾਇੰਸ ਅਧਿਆਪਕ ਜਗਜੀਤ ਸਿੰਘ ਨੂੰ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿਚ ਪ੍ਰਾਪਤ ਸਟੇਟ ਐਵਾਰਡ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਨਾਲ ਨਾਲ ਨੈਸ਼ਨਲ ਲੈਵਲ ‘ਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਵੀ ਇਨਾਮ ਦੇ ਕੇ ਮਾਣਿਆ ਗਿਆ।



ਇਸ ਮੌਕੇ ਸੰਸਥਾ ਦੇ ਕੌਮੀ ਉਪ–ਪ੍ਰਧਾਨ ਅਤੇ ਸੂਬਾ ਪ੍ਰਧਾਨ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਜਗਜੀਤ ਸਿੰਘ ਦੀਆਂ ਉਪਲੱਬਧੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਰਪਿਤ ਅਧਿਆਪਕਾਂ ਦੀ ਬਦੌਲਤ ਵਿਦਿਆਰਥੀਆਂ ਨੂੰ ਉੱਚ–ਗੁਣਵੱਤਾ ਵਾਲੀ ਸਿੱਖਿਆ ਅਤੇ ਸੁਚੱਜਾ ਮਾਰਗਦਰਸ਼ਨ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾ ਨੂੰ ਅਜਿਹੇ ਵਿਅਕਤੀਆਂ ਦਾ ਸਨਮਾਨ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।
ਸੂਬਾ ਸਕੱਤਰ ਡਾ. ਅਵਿਨਾਸ਼ ਸ਼ਰਮਾ ਨੇ ਜਗਜੀਤ ਸਿੰਘ, ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਇਸ ਮੌਕੇ ਸਕੂਲ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਮੋਮੈਂਟੋ ਅਤੇ ਪਾਠਨ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਤੇ ਵਿਦਿਆਰਥੀ ਹਿਮਾਂਸ਼ੂ ਸ਼ਰਮਾ ਅਤੇ ਜਸਪ੍ਰੀਤ ਸਿੰਘ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਹਿਮਾਂਸ਼ੂ ਸ਼ਰਮਾ ਨੇ ਸ਼ਾਟ ਪੁੱਟ (ਅੰਡਰ–14) ਮੁਕਾਬਲੇ ਵਿੱਚ ਪੰਜਾਬ ਪੱਧਰ ‘ਤੇ ਸੋਨਾ ਜਿੱਤਿਆ ਅਤੇ ਰਾਸ਼ਟਰੀ ਪੱਧਰ ‘ਤੇ 5ਵਾਂ ਸਥਾਨ ਹਾਸਲ ਕੀਤਾ (2024), ਜਦਕਿ ਜਸਪ੍ਰੀਤ ਸਿੰਘ ਨੇ ਪੰਜਾਬ ਸਟਾਈਲ ਕਬੱਡੀ (ਅੰਡਰ–14) ਮੁਕਾਬਲੇ ਵਿੱਚ ਸੂਬਾ ਪੱਧਰ ‘ਤੇ ਤੀਜਾ ਸਥਾਨ ਪ੍ਰਾਪਤ ਕਰਕੇ ਮੈਡਲ ਜਿੱਤਿਆ। ਦੋਨਾਂ ਵਿਦਿਆਰਥੀਆਂ ਨੂੰ ਵੀ ਉਹਨਾ ਦੀਆਂ ਉਪਲੱਬਧੀਆਂ ‘ਤੇ ਸਕੂਲ ਪਰਿਵਾਰ ਅਤੇ ਸੰਸਥਾ ਵੱਲੋਂ ਮਾਣ ਪ੍ਰਗਟ ਕੀਤਾ ਗਿਆ।
ਅਧਿਆਪਕ ਜਗਜੀਤ ਸਿੰਘ ਨੇ ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਭਵਿੱਖ ਵਿੱਚ ਹੋਰ ਵੱਧ ਮਿਹਨਤ ਕਰਕੇ ਵੱਡੇ ਟੀਚੇ ਹਾਸਲ ਕਰਨ ਦਾ ਆਸ਼ਵਾਸਨ ਦਿੱਤਾ।
ਇਸ ਮੌਕੇ ਸੂਬਾ ਸੰਯੁਕਤ ਸਕੱਤਰ ਅੰਮ੍ਰਿਤ ਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਸੇਵਾ ਸਿੰਘ, ਸਕੱਤਰ ਚੰਦਨ ਵਰਮਾ, ਰਾਮ ਪ੍ਰਤਾਪ, ਮਨੋਜ ਸ਼ਰਮਾ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮਾਜ ਨੂੰ ਭ੍ਰਿਸ਼ਟਾਚਾਰ ਅਤੇ ਅਪਰਾਧ–ਮੁਕਤ ਬਣਾਉਣ ਲਈ ਸਭ ਨੂੰ ਪ੍ਰੇਰਿਤ ਕੀਤਾ।
ਸਕੂਲ ਮੁਖੀ ਮੈਡਮ ਸੀਮਾ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਮਨਮੋਹਨ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਕੌਰ, ਰੰਜਨਾ ਸ਼ਰਮਾ, ਹਰਜਾਪ ਕੌਰ ਸਮੇਤ ਹੋਰ ਅਧਿਆਪਕਾਂ ਵੱਲੋਂ ਸਕੂਲ ਵਿੱਚ ਪਹੁੰਚੇ ਸੰਸਥਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ।




















