School of Eminence Kiratpur Sahib Leads the State Rankings with First Position
ਅਧਿਆਪਕ ਗੁਰਸੇਵਕ ਸਿੰਘ ਅਤੇ ਦਵਿੰਦਰ ਸਿੰਘ ਦੀ ਅਣਥੱਕ ਮਿਹਨਤ ਦਾ ਨਤੀਜਾ – ਪ੍ਰਿੰਸੀਪਲ ਸਰਨਜੀਤ ਸਿੰਘ
ਕੀਰਤਪੁਰ ਸਾਹਿਬ, 27 ਅਕਤੂਬਰ : ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ) ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸਰਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਹੋਏ ਰਾਜ ਪੱਧਰੀ ਲੋਕ ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਰੂਪਨਗਰ ਦਾ ਮਾਣ ਵਧਾਇਆ ਹੈ।

ਇਹ ਮੁਕਾਬਲਾ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਕੀਰਤਪੁਰ ਸਾਹਿਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਹੁਣ ਇਹ ਟੀਮ ਰਾਸ਼ਟਰੀ ਪੱਧਰ ‘ਤੇ ਲੋਕ ਨਾਚ ਮੁਕਾਬਲੇ ਵਿੱਚ ਪੰਜਾਬ ਦੀ ਪ੍ਰਤਿਨਿੱਧਤਾ ਕਰੇਗੀ।
ਸਕੂਲ ਦੇ ਪ੍ਰਿੰਸੀਪਲ ਸਰਨਜੀਤ ਸਿੰਘ ਨੇ ਇਸ ਉਪਲਬਧੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਗੁਰਸੇਵਕ ਸਿੰਘ (ਸਮਾਜਿਕ ਵਿਗਿਆਨ) ਅਤੇ ਦਵਿੰਦਰ ਸਿੰਘ ਦੀ ਅਣਥੱਕ ਮਿਹਨਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਬਾਅਦ ਵੀ ਤਿਆਰੀ ਕਰਵਾਈ ਜਿਸਦੇ ਨਤੀਜੇ ਵਜੋਂ ਇਹ ਸਫਲਤਾ ਮਿਲੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੂਪਨਗਰ ਪ੍ਰੇਮ ਕੁਮਾਰ ਮਿੱਤਲ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਰੂਪਨਗਰ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਅਤੇ ਵਿਦਿਆਰਥੀਆਂ ਨੇ ਸਾਬਤ ਕੀਤਾ ਹੈ ਕਿ ਮੇਹਨਤ ਅਤੇ ਸਮਰਪਣ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਅਜਿਹੇ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਨੇ ਵੀ ਟੀਮ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਜ਼ਿਲ੍ਹੇ ਦੇ ਹੋਰ ਸਕੂਲਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।
ਇਸ ਟੀਮ ਵਿੱਚ ਪੰਜ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਸੀ ਜਿਨ੍ਹਾਂ ਨੇ ਪੰਜਾਬ ਦੀ ਰੰਗਤ, ਸਭਿਆਚਾਰ ਅਤੇ ਲੋਕ ਧਰੋਹਰ ਨੂੰ ਪ੍ਰਦਰਸ਼ਿਤ ਕਰਦਿਆਂ ਸਭ ਦਾ ਦਿਲ ਜਿੱਤ ਲਿਆ।
Follow us on Facebook
District Ropar News
ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ।



















